October 12, 2026
ਖਾਸ ਖ਼ਬਰਰਾਸ਼ਟਰੀ

ਵਪਾਰ ਅਤੇ ਟਰਾਂਸਪੋਰਟ ਜਥੇਬੰਦੀਆਂ ਨੇ ਰਾਮਲੀਲਾ ਮੈਦਾਨ ਨੂੰ ਪ੍ਰਦਰਸ਼ਨ ਸਥਾਨ ਐਲਾਨਣ ਦਾ ਕੀਤਾ ਵਿਰੋਧ

ਵਪਾਰ ਅਤੇ ਟਰਾਂਸਪੋਰਟ ਜਥੇਬੰਦੀਆਂ ਨੇ ਰਾਮਲੀਲਾ ਮੈਦਾਨ ਨੂੰ ਪ੍ਰਦਰਸ਼ਨ ਸਥਾਨ ਐਲਾਨਣ ਦਾ ਕੀਤਾ ਵਿਰੋਧ

ਨਵੀਂ ਦਿੱਲੀ-  ਦਿੱਲੀ ਵਿੱਚ ਵਪਾਰ ਅਤੇ ਟਰਾਂਸਪੋਰਟ ਨਾਲ ਜੁੜੀਆਂ ਜਥੇਬੰਦੀਆਂ ਨੇ ਸੋਮਵਾਰ ਨੂੰ ਰਾਮਲੀਲਾ ਮੈਦਾਨ ਨੂੰ ਰੋਸ ਪ੍ਰਦਰਸ਼ਨ ਸਥਾਨ ਐਲਾਨੇ ਜਾਣ ਦਾ ਸਖ਼ਤ ਵਿਰੋਧ ਕੀਤਾ ਹੈ। ਜਥੇਬੰਦੀਆਂ ਦਾ ਕਹਿਣਾ ਹੈ ਕਿ ਪੁਰਾਣੀ ਦਿੱਲੀ ਦੇ ਪ੍ਰਮੁੱਖ ਥੋਕ ਬਾਜ਼ਾਰਾਂ ਦੇ ਨੇੜੇ ਹੋਣ ਕਾਰਨ ਇੱਥੇ ਹੋਣ ਵਾਲੇ ਪ੍ਰਦਰਸ਼ਨਾਂ ਨਾਲ ਮਾਲ ਦੀ ਆਵਾਜਾਈ ਅਤੇ ਵਪਾਰਕ ਗਤੀਵਿਧੀਆਂ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਸਕਦੀਆਂ ਹਨ। ਚੈਂਬਰ ਆਫ਼ ਟਰੇਡ ਐਂਡ ਇੰਡਸਟਰੀ (CTI) ਅਤੇ ਆਲ ਇੰਡੀਆ ਮੋਟਰ ਐਂਡ ਗੁੱਡਜ਼ ਟਰਾਂਸਪੋਰਟ ਐਸੋਸੀਏਸ਼ਨ (AIMGTA) ਨੇ ਵੱਖ-ਵੱਖ ਬਿਆਨ ਜਾਰੀ ਕਰਕੇ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਪ੍ਰਦਰਸ਼ਨਾਂ ਲਈ ਤੈਅ ਥਾਵਾਂ ਦੀ ਸੂਚੀ ਵਿੱਚੋਂ ਰਾਮਲੀਲਾ ਮੈਦਾਨ ਨੂੰ ਹਟਾਇਆ ਜਾਵੇ।

ਜ਼ਿਕਰਯੋਗ ਹੈ ਕਿ ਦਿੱਲੀ ਦੇ ਪੁਲੀਸ ਕਮਿਸ਼ਨਰ ਅਨੁਰਾਗ ਕੁਮਾਰ ਨੇ 11 ਅਕਤੂਬਰ ਨੂੰ ਜਾਰੀ ਸਥਾਈ ਹੁਕਮਾਂ ਵਿੱਚ ਰਾਮਲੀਲਾ ਮੈਦਾਨ, ਬੁਰਾੜੀ ਮੈਦਾਨ ਅਤੇ ਸੀ ਬੀ ਡੀ ਮੈਦਾਨ ਨੂੰ ਰੋਸ ਪ੍ਰਦਰਸ਼ਨਾਂ ਅਤੇ ਇਕੱਠਾਂ ਲਈ ਨਵੀਆਂ ਥਾਵਾਂ ਵਜੋਂ ਐਲਾਨਿਆ ਸੀ। ਮੱਧ ਦਿੱਲੀ ਵਿੱਚ ਸਥਿਤ ਰਾਮਲੀਲਾ ਮੈਦਾਨ ਜੰਤਰ-ਮੰਤਰ ਤੋਂ ਕਰੀਬ ਚਾਰ ਕਿਲੋਮੀਟਰ ਦੂਰ ਹੈ। ਉੱਥੇ ਹੀ, ਪੂਰਬੀ ਦਿੱਲੀ ਦਾ ਸੀ ਬੀ ਡੀ ਮੈਦਾਨ 12 ਤੋਂ 13 ਕਿਲੋਮੀਟਰ ਅਤੇ ਉੱਤਰੀ ਦਿੱਲੀ ਦਾ ਬੁਰਾੜੀ ਮੈਦਾਨ ਲਗਪਗ 21 ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਹੈ।

ਪੁਲੀਸ ਦੇ ਹੁਕਮਾਂ ਵਿੱਚ ਕਿਹਾ ਗਿਆ ਸੀ ਕਿ ਕੇਂਦਰੀ ਗ੍ਰਹਿ ਮੰਤਰਾਲੇ ਨੇ ਇੱਕ ਕਮੇਟੀ ਬਣਾਈ ਸੀ, ਜਿਸ ਨੂੰ ਮੌਜੂਦਾ ਤੈਅ ਸਥਾਨ ਦੀ ਥਾਂ ਅਜਿਹੀਆਂ ਬਦਲਵੀਆਂ ਥਾਵਾਂ ਦੀ ਪਛਾਣ ਕਰਨ ਦੀ ਜ਼ਿੰਮੇਵਾਰੀ ਸੌਂਪੀ ਗਈ ਸੀ, ਜਿੱਥੇ ਨਾਗਰਿਕ ਰੋਸ ਪ੍ਰਦਰਸ਼ਨ ਅਤੇ ਇਕੱਠ ਕਰਨ ਦੇ ਆਪਣੇ ਅਧਿਕਾਰ ਦੀ ਵਰਤੋਂ ਕਰ ਸਕਣ। ਸੀ ਟੀ ਆਈ ਨੇ ਆਪਣੇ ਬਿਆਨ ਵਿੱਚ ਜੰਤਰ-ਮੰਤਰ ਨੂੰ ਪ੍ਰਦਰਸ਼ਨ ਸਥਾਨਾਂ ਦੀ ਸੂਚੀ ਵਿੱਚੋਂ ਹਟਾਏ ਜਾਣ ਦਾ ਸਵਾਗਤ ਕੀਤਾ, ਪਰ ਨਾਲ ਹੀ ਕਿਹਾ ਕਿ ਰਾਮਲੀਲਾ ਮੈਦਾਨ ਨੂੰ ਇਸ ਸੂਚੀ ਵਿੱਚ ਸ਼ਾਮਲ ਕਰਨ ਨਾਲ ਸਦਰ ਬਾਜ਼ਾਰ, ਚਾਂਦਨੀ ਚੌਕ, ਚਾਵੜੀ ਬਾਜ਼ਾਰ, ਖਾਰੀ ਬਾਉਲੀ, ਭਾਗੀਰਥ ਪੈਲੇਸ, ਕਸ਼ਮੀਰੀ ਗੇਟ, ਪਹਾੜਗੰਜ ਅਤੇ ਦਰਿਆਗੰਜ ਸਮੇਤ ਕਈ ਬਾਜ਼ਾਰਾਂ ਦਾ ਕਾਰੋਬਾਰ ਪ੍ਰਭਾਵਿਤ ਹੋ ਸਕਦਾ ਹੈ।

ਸੀ ਟੀ ਆਈ ਦੇ ਚੇਅਰਮੈਨ ਬ੍ਰਿਜੇਸ਼ ਗੋਇਲ ਨੇ ਦੱਸਿਆ ਕਿ ਜਥੇਬੰਦੀ ਨੇ ਪਿਛਲੇ ਹਫ਼ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖ ਕੇ ਜੰਤਰ-ਮੰਤਰ ਨੂੰ ਪ੍ਰਦਰਸ਼ਨ ਸਥਾਨਾਂ ਦੀ ਸੂਚੀ ਵਿੱਚੋਂ ਹਟਾਉਣ ਦੀ ਮੰਗ ਕੀਤੀ ਸੀ। ਉਨ੍ਹਾਂ ਕਿਹਾ ਕਿ ਦਿੱਲੀ ਦੇ ਵਪਾਰੀਆਂ ਨੇ ਸਰਕਾਰ ਦੇ ਇਸ ਫੈਸਲੇ ਦਾ ਸਵਾਗਤ ਕੀਤਾ ਹੈ। ਹਾਲਾਂਕਿ, ਗੋਇਲ ਨੇ ਕਿਹਾ ਕਿ ਨਵੇਂ ਪ੍ਰਦਰਸ਼ਨ ਸਥਾਨਾਂ ਵਿੱਚ ਰਾਮਲੀਲਾ ਮੈਦਾਨ ਨੂੰ ਸ਼ਾਮਲ ਕਰਨਾ ਚਿੰਤਾ ਦਾ ਵਿਸ਼ਾ ਹੈ, ਕਿਉਂਕਿ ਇਸ ਦੇ ਆਸ-ਪਾਸ ‘ਦਿੱਲੀ-6’ ਦਾ ਵੱਡਾ ਵਪਾਰਕ ਖੇਤਰ ਹੈ, ਜਿੱਥੇ ਕਈ ਥੋਕ ਬਾਜ਼ਾਰ ਅਤੇ ਵਪਾਰਕ ਕੇਂਦਰ ਮੌਜੂਦ ਹਨ।

ਜਥੇਬੰਦੀ ਨੇ ਖ਼ਦਸ਼ਾ ਜਤਾਇਆ ਕਿ ਰਾਮਲੀਲਾ ਮੈਦਾਨ ਵਿੱਚ ਪ੍ਰਦਰਸ਼ਨ ਹੋਣ ‘ਤੇ ਬੈਰੀਕੇਡਿੰਗ, ਮੈਟਰੋ ਸਟੇਸ਼ਨ ਬੰਦ ਕਰਨ ਅਤੇ ਆਵਾਜਾਈ ‘ਤੇ ਪਾਬੰਦੀਆਂ ਲਗਾਉਣ ਵਰਗੀ ਸਥਿਤੀ ਬਣ ਸਕਦੀ ਹੈ। ਇਸ ਨਾਲ ਵਪਾਰੀਆਂ, ਗਾਹਕਾਂ ਅਤੇ ਮਾਲ ਦੀ ਆਵਾਜਾਈ ਵਿੱਚ ਵਿਘਨ ਪੈ ਸਕਦਾ ਹੈ।ਇਸੇ ਦੌਰਾਨ, ਆਲ ਇੰਡੀਆ ਮੋਟਰ ਐਂਡ ਗੁੱਡਜ਼ ਟਰਾਂਸਪੋਰਟ ਐਸੋਸੀਏਸ਼ਨ ਨੇ ਵੀ ਦਿੱਲੀ ਪੁਲੀਸ ਕਮਿਸ਼ਨਰ ਨੂੰ ਪੱਤਰ ਲਿਖ ਕੇ ਰਾਮਲੀਲਾ ਮੈਦਾਨ ਨੂੰ ਪ੍ਰਦਰਸ਼ਨ ਸਥਾਨਾਂ ਦੀ ਸੂਚੀ ਵਿੱਚੋਂ ਹਟਾਉਣ ਦੀ ਮੰਗ ਕੀਤੀ ਹੈ।

ਜਥੇਬੰਦੀ ਨੇ 12 ਅਕਤੂਬਰ ਨੂੰ ਲਿਖੇ ਪੱਤਰ ਵਿੱਚ ਕਿਹਾ ਕਿ ਰਾਮਲੀਲਾ ਮੈਦਾਨ ਦੇ ਆਸ-ਪਾਸ ਕਈ ਪ੍ਰਮੁੱਖ ਥੋਕ ਬਾਜ਼ਾਰ ਹਨ। ਇਹ ਨਵੀਂ ਦਿੱਲੀ ਰੇਲਵੇ ਸਟੇਸ਼ਨ ਦੇ ਵੀ ਬਿਲਕੁਲ ਨੇੜੇ ਹੈ ਅਤੇ ਇੱਥੋਂ ਨਵੀਂ ਦਿੱਲੀ ਵੱਲ ਜਾਣ ਵਾਲੀਆਂ ਪ੍ਰਮੁੱਖ ਸੜਕਾਂ ਤੱਕ ਆਸਾਨੀ ਨਾਲ ਪਹੁੰਚਿਆ ਜਾ ਸਕਦਾ ਹੈ। ਜਥੇਬੰਦੀ ਨੇ ਕਿਹਾ ਕਿ ਮੈਦਾਨ ਵਿੱਚ ਵੱਡੀ ਗਿਣਤੀ ਵਿੱਚ ਲੋਕਾਂ ਦੇ ਇਕੱਠੇ ਹੋਣ ਨਾਲ ਟਰੈਫਿਕ ਜਾਮ ਲੱਗ ਸਕਦਾ ਹੈ, ਵਪਾਰਕ ਗਤੀਵਿਧੀਆਂ ਵਿੱਚ ਅੜਿੱਕਾ ਪੈ ਸਕਦਾ ਹੈ ਅਤੇ ਕਾਨੂੰਨ-ਵਿਵਸਥਾ ਨਾਲ ਜੁੜੀਆਂ ਚੁਣੌਤੀਆਂ ਪੈਦਾ ਹੋ ਸਕਦੀਆਂ ਹਨ। ਜਥੇਬੰਦੀ ਮੁਤਾਬਕ ਜੇਕਰ ਪ੍ਰਦਰਸ਼ਨਕਾਰੀ ਨਵੀਂ ਦਿੱਲੀ ਜਾਂ ਆਸ-ਪਾਸ ਦੇ ਸੰਵੇਦਨਸ਼ੀਲ ਇਲਾਕਿਆਂ ਵੱਲ ਵਧਦੇ ਹਨ ਤਾਂ ਸਥਿਤੀ ਹੋਰ ਗੰਭੀਰ ਹੋ ਸਕਦੀ ਹੈ।

ਦੂਜੇ ਪਾਸੇ, ਨਵੀਂ ਦਿੱਲੀ ਟਰੇਡਰਜ਼ ਐਸੋਸੀਏਸ਼ਨ (NDTA) ਨੇ ਜੰਤਰ-ਮੰਤਰ ਨੂੰ ਤੈਅ ਪ੍ਰਦਰਸ਼ਨ ਸਥਾਨਾਂ ਦੀ ਸੂਚੀ ਵਿੱਚੋਂ ਹਟਾਉਣ ਦੇ ਕੇਂਦਰ ਸਰਕਾਰ ਦੇ ਫੈਸਲੇ ਦਾ ਸਵਾਗਤ ਕਰਦਿਆਂ ਕਿਹਾ ਕਿ ਇਸ ਨਾਲ ਕੌਮੀ ਰਾਜਧਾਨੀ ਵਿੱਚ ਆਮ ਲੋਕਾਂ ਅਤੇ ਕਾਰੋਬਾਰੀਆਂ ਨੂੰ ਹੋਣ ਵਾਲੀ ਪਰੇਸ਼ਾਨੀ ਘਟੇਗੀ। ਐੱਨ ਡੀ ਟੀ ਏ ਨੇ ਆਪਣੇ ਬਿਆਨ ਵਿੱਚ ਕਿਹਾ ਕਿ ਰਾਮਲੀਲਾ ਮੈਦਾਨ, ਬੁਰਾੜੀ ਮੈਦਾਨ ਅਤੇ ਪੂਰਬੀ ਦਿੱਲੀ ਦੇ ਸੀ ਬੀ ਡੀ ਮੈਦਾਨ ਨੂੰ ਪ੍ਰਦਰਸ਼ਨ ਲਈ ਬਦਲਵੀਆਂ ਥਾਵਾਂ ਵਜੋਂ ਤੈਅ ਕਰਨਾ ਇੱਕ ਵਿਹਾਰਕ ਫੈਸਲਾ ਹੈ। ਲੰਮੇ ਸਮੇਂ ਵਿੱਚ ਇਸ ਨਾਲ ਆਮ ਲੋਕਾਂ ਅਤੇ ਨਵੀਂ ਦਿੱਲੀ ਦੇ ਬਾਜ਼ਾਰਾਂ ਨੂੰ ਫਾਇਦਾ ਹੋਵੇਗਾ।

Related posts

ਪੰਜਾਬ ਦੇ 11 ਨਾਮੀ ਖਿਡਾਰੀਆਂ ਨੂੰ ਪੀ.ਸੀ.ਐਸ. ਤੇ ਡੀ.ਐਸ.ਪੀ. ਦੀਆਂ ਨੌਕਰੀਆਂ ਦਿੱਤੀਆਂ

Current Updates

ਗੁਲਜ਼ਾਰ ਸਿੰਘ ਖੁਦਕੁਸ਼ੀ ਮਾਮਲਾ : ਕੇਵਲ ਸਿੰਘ ਢਿੱਲੋਂ ਦੀ ਅਗਵਾਈ ਵਿੱਚ ਵਫਦ ਰਾਜਪਾਲ ਨੂੰ ਮਿਲਿਆ, ਦਿੱਤਾ ਮੰਗ ਪੱਤਰ

Current Updates

ਡਾ ਅੰਬੇਡਕਰ ਨੇ 1940 ’ਚ ਕੀਤਾ ਸੀ ਆਰ.ਐਸ.ਐਸ ‘ਸ਼ਾਖਾ’ ਦਾ ਦੌਰਾ: ਸੰਘ ਦੇ ਮੀਡੀਆ ਵਿੰਗ ਦਾ ਦਾਅਵਾ

Current Updates

Leave a Comment