ਚੰਡੀਗੜ੍ਹ- ਮੁੱਖ ਮੰਤਰੀ ਭਗਵੰਤ ਮਾਨ ਨੇ ਐਤਵਾਰ ਨੂੰ ਪਰਗਟ ਸਿੰਘ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਨਿਯੁਕਤ ਕੀਤੇ ਜਾਣ ’ਤੇ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਉਹ ਹਾਕੀ ਦੇ ਪ੍ਰਸ਼ੰਸਕ ਹਨ ਅਤੇ ਪੰਜਾਬ ਵਿਧਾਨ ਸਭਾ ਵਿੱਚ ਪਰਗਟ ਸਿੰਘ ਨੂੰ ‘ਕਪਤਾਨ ਸਾਹਿਬ’ ਕਹਿੰਦੇ ਹਨ। ਪੱਤਰਕਾਰਾਂ ਵੱਲੋਂ ਪਰਗਟ ਸਿੰਘ ਦੀ ਨਿਯੁਕਤੀ ਸਬੰਧੀ ਪੁੱਛੇ ਸਵਾਲ ਦੇ ਜਵਾਬ ਵਿੱਚ ਮਾਨ ਨੇ ਕਿਹਾ, “ਮੈਂ ਉਨ੍ਹਾਂ ਨੂੰ ਵਧਾਈ ਦੇਣਾ ਚਾਹੁੰਦਾ ਹਾਂ। ਮੈਂ ਤਾਂ ਪੰਜਾਬ ਵਿਧਾਨ ਸਭਾ ਵਿੱਚ ਵੀ ਉਨ੍ਹਾਂ ਨੂੰ ‘ਕਪਤਾਨ ਸਾਹਿਬ’ ਕਹਿੰਦਾ ਹਾਂ। ਉਹ ਸਾਡੀ ਹਾਕੀ ਟੀਮ ਦੇ ਕਪਤਾਨ ਰਹੇ ਹਨ ਅਤੇ ਮੈਂ ਹਾਕੀ ਦਾ ਪ੍ਰਸ਼ੰਸਕ ਹਾਂ।”
‘ਖਿਡਾਰੀ ਸਾਥ ਦੇਣ ਤਾਂ ਹੀ ਟੀਚਾ ਹਾਸਲ ਹੋਵੇਗਾ ਜੇ ਪਾਸ ਨਾ ਮਿਲੇ ਤਾਂ ਗੋਲ ਨਹੀਂ ਹੋ ਸਕਦਾ’- ਹਾਲਾਂਕਿ ਮੁੱਖ ਮੰਤਰੀ ਮਾਨ ਨੇ ਹਲਕੇ-ਫੁਲਕੇ ਅੰਦਾਜ਼ ਵਿੱਚ ਇਹ ਵੀ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਪਰਗਟ ਸਿੰਘ ਦੇ ‘ਖਿਡਾਰੀ’ ਵੀ ਉਨ੍ਹਾਂ ਦਾ ਸਾਥ ਦੇਣਗੇ। ਉਨ੍ਹਾਂ ਕਿਹਾ, “ਜੇ ਪਾਸ ਨਾ ਮਿਲੇ ਤਾਂ ਗੋਲ ਨਹੀਂ ਹੋ ਸਕਦਾ।” ਮਾਨ ਦੀ ਇਹ ਟਿੱਪਣੀ ਪਰਗਟ ਸਿੰਘ ਦੇ ਹਾਕੀ ਪਿਛੋਕੜ ਨਾਲ ਜੋੜ ਕੇ ਦੇਖੀ ਜਾ ਰਹੀ ਹੈ। ਪਰਗਟ ਸਿੰਘ ਨੇ ਵੀ ਸ਼ਨਿਚਰਵਾਰ ਨੂੰ ਪੰਜਾਬ ਕਾਂਗਰਸ ਪ੍ਰਧਾਨ ਬਣਨ ਤੋਂ ਬਾਅਦ ਕਿਹਾ ਸੀ ਕਿ ਹਾਕੀ ਦੇ ਸਾਬਕਾ ਖਿਡਾਰੀ ਵਜੋਂ ਉਹ ਸਾਰਿਆਂ ਨੂੰ ਨਾਲ ਲੈ ਕੇ ਚੱਲਣਗੇ। ਉਨ੍ਹਾਂ ਕਿਹਾ ਸੀ ਕਿ ਉਹ ਹਮੇਸ਼ਾ ਫੁੱਲ-ਬੈਕ ਵਜੋਂ ਪਿੱਛੇ ਰਹਿ ਕੇ ਖੇਡਦੇ ਰਹੇ ਹਨ ਅਤੇ ਉਨ੍ਹਾਂ ਦੀ ਟੀਮ ਵਿੱਚ ਬਹੁਤ ਚੰਗੇ ਖਿਡਾਰੀ ਹਨ। ਉਨ੍ਹਾਂ ਦਾ ਇਸ਼ਾਰਾ ਪੰਜਾਬ ਕਾਂਗਰਸ ਦੇ ਆਗੂਆਂ ਵੱਲ ਸੀ।
ਰਾਜਾ ਵੜਿੰਗ ਦੇ ਅਸਤੀਫ਼ੇ ਮਗਰੋਂ ਪਰਗਟ ਸਿੰਘ ਨੂੰ ਮਿਲੀ ਜ਼ਿੰਮੇਵਾਰੀ- ਕਾਂਗਰਸ ਨੇ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਪ੍ਰਧਾਨ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਮਗਰੋਂ ਸ਼ੁੱਕਰਵਾਰ ਨੂੰ ਪਰਗਟ ਸਿੰਘ ਨੂੰ ਪੰਜਾਬ ਇਕਾਈ ਦਾ ਪ੍ਰਧਾਨ ਨਿਯੁਕਤ ਕੀਤਾ ਸੀ। ਪੰਜਾਬ ਕਾਂਗਰਸ ਵਿੱਚ ਕਈ ਹਫ਼ਤਿਆਂ ਤੋਂ ਅੰਦਰੂਨੀ ਮਤਭੇਦ ਚੱਲ ਰਹੇ ਸਨ। ਇਨ੍ਹਾਂ ਮਤਭੇਦਾਂ ਕਾਰਨ ਅਗਲੇ ਸਾਲ ਦੇ ਸ਼ੁਰੂ ਵਿੱਚ ਹੋਣ ਵਾਲੀਆਂ ਅਹਿਮ ਵਿਧਾਨ ਸਭਾ ਚੋਣਾਂ ਵਿੱਚ ਪਾਰਟੀ ਦੀ ਮੁਹਿੰਮ ਪ੍ਰਭਾਵਿਤ ਹੋਣ ਦਾ ਖ਼ਦਸ਼ਾ ਸੀ।
ਸਾਬਕਾ ਹਾਕੀ ਕਪਤਾਨ ਰਹੇ ਹਨ ਪਰਗਟ ਸਿੰਘ- ਪਰਗਟ ਸਿੰਘ ਭਾਰਤੀ ਹਾਕੀ ਟੀਮ ਦੇ ਸਾਬਕਾ ਕਪਤਾਨ ਰਹੇ ਹਨ। ਉਨ੍ਹਾਂ ਨੇ 1992 ਅਤੇ 1996 ਦੀਆਂ ਓਲੰਪਿਕ ਖੇਡਾਂ ਵਿੱਚ ਭਾਰਤੀ ਟੀਮ ਦੀ ਅਗਵਾਈ ਕੀਤੀ ਸੀ। ਉਨ੍ਹਾਂ ਨੇ ਆਪਣੇ ਸਿਆਸੀ ਜੀਵਨ ਦੀ ਸ਼ੁਰੂਆਤ ਸ਼੍ਰੋਮਣੀ ਅਕਾਲੀ ਦਲ ਨਾਲ ਕੀਤੀ ਸੀ, ਪਰ ਬਾਅਦ ਵਿੱਚ ਕਾਂਗਰਸ ਵਿੱਚ ਸ਼ਾਮਲ ਹੋ ਗਏ। ਪਰਗਟ ਸਿੰਘ ਜਲੰਧਰ ਛਾਉਣੀ ਤੋਂ ਤਿੰਨ ਵਾਰ ਵਿਧਾਇਕ ਰਹਿ ਚੁੱਕੇ ਹਨ ਅਤੇ ਪੰਜਾਬ ਸਰਕਾਰ ਵਿੱਚ ਕੈਬਨਿਟ ਮੰਤਰੀ ਵੀ ਰਹੇ ਹਨ।
