September 30, 2026
ਖਾਸ ਖ਼ਬਰਪੰਜਾਬਰਾਸ਼ਟਰੀ

ਅਮਿਤ ਸ਼ਾਹ ਦਾ ਵੱਡਾ ਐਲਾਨ: 2029 ਦੇ ਅੰਤ ਤੱਕ ਪੰਜਾਬ ‘ਚੋਂ ਪੂਰੀ ਤਰ੍ਹਾਂ ਖ਼ਤਮ ਹੋਵੇਗਾ ‘ਚਿੱਟਾ’

ਅਮਿਤ ਸ਼ਾਹ ਦਾ ਵੱਡਾ ਐਲਾਨ: 2029 ਦੇ ਅੰਤ ਤੱਕ ਪੰਜਾਬ 'ਚੋਂ ਪੂਰੀ ਤਰ੍ਹਾਂ ਖ਼ਤਮ ਹੋਵੇਗਾ 'ਚਿੱਟਾ'

ਜਲੰਧਰ-  ਜਲੰਧਰ ਪਹੁੰਚੇ ਕੇਂਦਰੀ ਗ੍ਰਹਿ ਮੰਤਰੀ ਨੇ ਮੰਚ ਤੋਂ ਪੰਜਾਬੀਆਂ ਨੂੰ ਸੰਬੋਧਨ ਕਰਦਿਆਂ ਇਹ ਦਾਅਵਾ ਕੀਤਾ ਕਿ ਭਾਜਪਾ 2029 ਤੱਕ ਪੰਜਾਬ ਨੂੰ ਚਿੱਟਾ ਮੁਕਤ ਕਰ ਦੇਵੇਗੀ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਜਲੰਧਰ ਦੌਰੇ ਨੂੰ ਲੈ ਕੇ ਭਾਜਪਾ ਖੇਮੇ ਵਿੱਚ ਪਹਿਲਾਂ ਹੀ ਤਿਆਰੀਆਂ ਅਤੇ ਸਰਗਰਮੀਆਂ ਦਾ ਦੌਰ ਜ਼ੋਰਾਂ ‘ਤੇ ਸੀ, ਜਿਸ ਤਹਿਤ ਉਹ ਜਲੰਧਰ ਪਹੁੰਚ ਕੇ ਨਸ਼ਾ ਵਿਰੋਧੀ ਰੈਲੀ ਨੂੰ ਸੰਬੋਧਨ ਕਰ ਰਹੇ ਹਨ। ਇਸ ਦੌਰਾਨ ਜਲੰਧਰ ਪਹੁੰਚ ਕੇ ਉਨ੍ਹਾਂ ਮੰਚ ਤੋਂ ਪੰਜਾਬੀਆਂ ਨੂੰ ਸੰਬੋਧਨ ਕਰਦਿਆਂ ਦਾਅਵਾ ਕੀਤਾ ਹੈ ਕਿ ਭਾਜਪਾ 2029 ਦੇ ਅੰਤ ਤੱਕ ਪੰਜਾਬ ਨੂੰ ਚਿੱਟਾ-ਮੁਕਤ ਕਰ ਦੇਵੇਗੀ।

ਦੱਸ ਦਈਏ ਕਿ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵਿਸ਼ੇਸ਼ ਹੈਲੀਕਾਪਟਰ ਰਾਹੀਂ ਸਿੱਧੇ ਜਲੰਧਰ ਸਥਿਤ ਇਤਿਹਾਸਕ ’ਸ਼੍ਰੀ ਦੇਵੀ ਤਲਾਬ ਮੰਦਿਰ’ ਵਿਖੇ ਨਤਮਸਤਕ ਹੋਣ ਤੋਂ ਬਾਅਦ ਰੈਲੀ ਲਈ ਰਵਾਨਾ ਹੋਏ। ਅੱਜ ਸਵੇਰੇ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਸਮੇਤ ਦੇਵੀ ਤਲਾਬ ਮੰਦਿਰ ਨੂੰ ਬੰਬ ਨਾਲ ਉਡਾਉਣ ਦੀ ਮਿਲੀ ਖ਼ਾਲਿਸਤਾਨੀ ਧਮਕੀ ਤੋਂ ਬਾਅਦ ਕੇਂਦਰੀ ਏਜੰਸੀਆਂ ਅਤੇ ਪੰਜਾਬ ਪੁਲੀਸ ਵੱਲੋਂ ਮੰਦਿਰ ਪਰਿਸਰ ਅਤੇ ਆਸ-ਪਾਸ ਦੇ ਇਲਾਕਿਆਂ ’ਚ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ।

ਇਸ ਤੋਂ ਪਹਿਲਾਂ ਜਲੰਧਰ ਦੇ ਕਈ ਨਿੱਜੀ ਸਕੂਲਾਂ ਨੂੰ ਸਵੇਰੇ 7:07 ਵਜੇ ਪ੍ਰਾਪਤ ਹੋਈ ਇੱਕ ਸਨਸਨੀਖੇਜ਼ ਈਮੇਲ ਵਿੱਚ ਸ਼ਹਿਰ ਦੀਆਂ ਵੱਖ-ਵੱਖ ਥਾਵਾਂ ’ਤੇ ਆਈਈਡੀ (IED) ਬੰਬ ਧਮਾਕੇ ਕਰਨ ਦੀ ਧਮਕੀ ਦਿੱਤੀ ਗਈ ਸੀ। ਇਸ ਈਮੇਲ ’ਚ ਖ਼ਾਸ ਸਮਾਂ ਤੈਅ ਕਰਦਿਆਂ ਚਿਤਾਵਨੀ ਦਿੱਤੀ ਗਈ ਹੈ ਕਿ ਜਲੰਧਰ ਦੇ ‘ਸਕੂਲਾਂ’ ਵਿੱਚ ਸਵੇਰੇ 11:11 ਵਜੇ, ਸ਼੍ਰੀ ਦੇਵੀ ਤਲਾਬ ਮੰਦਿਰ ਵਿੱਚ ਦੁਪਹਿਰ 12:11 ਵਜੇ, ਅਦਾਲਤ ਕੰਪਲੈਕਸ ਵਿੱਚ 2:11 ਵਜੇ ਅਤੇ ਇੱਕ ਦਫ਼ਤਰ ਵਿੱਚ ਦੁਪਹਿਰ 3:11 ਵਜੇ ਧਮਾਕੇ ਕੀਤੇ ਜਾਣਗੇ। ਇਸ ਈਮੇਲ ਦੀ ਜ਼ਿੰਮੇਵਾਰੀ ‘ਖ਼ਾਲਿਸਤਾਨ ਆਰਮੀ’ ਵੱਲੋਂ ਲਈ ਗਈ ਹੈ। ਈਮੇਲ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਅਮਿਤ ਸ਼ਾਹ ਦੀ ਰੈਲੀ ਦੀ ਸਟੇਜ ਅਤੇ ਰੈਲੀ ਵਾਲੀ ਥਾਂ ਵੱਲ ਲੋਕਾਂ ਨੂੰ ਲੈ ਕੇ ਜਾ ਰਹੀਆਂ ਬੱਸਾਂ ਵਿੱਚ ਬੰਬ ਫਿੱਟ ਕੀਤੇ ਗਏ ਸਨ।

ਇਸ ਤੋਂ ਪਹਿਲਾਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਜਲੰਧਰ ’ਚ ਨਸ਼ਾ ਵਿਰੋਧੀ ਰੈਲੀ ਨੂੰ ਸੰਬੋਧਨ ਕਰਨ ਲਈ ਹੋ ਰਹੀ ਫੇਰੀ ਵਾਲੇ ਦਿਨ ਹੀ ਸ਼ਹਿਰ ਦੇ ਮੁੱਖ ਚੌਕਾਂ ਅਤੇ ਸੜਕਾਂ ‘ਤੇ ਭਾਜਪਾ ਸਰਕਾਰ ਤੋਂ ਤਿੱਖੇ ਸਵਾਲ ਪੁੱਛਦੇ ਹੋਏ ਕਈ ਹੋਰਡਿੰਗਜ਼ ਲਗਾਏ ਗਏ ਸਨ। ਰੈਲੀ ਵੱਲ ਜਾਂਦੀਆਂ ਸਾਰੀਆਂ ਪ੍ਰਮੁੱਖ ਸੜਕਾਂ ’ਤੇ ਇੱਕ ਪਾਸੇ ਜਿੱਥੇ ਭਾਜਪਾ ਵੱਲੋਂ ਅਮਿਤ ਸ਼ਾਹ ਦੇ ਸਵਾਗਤੀ ਬੋਰਡ ਲਗਾਏ ਗਏ ਸਨ, ਉੱਥੇ ਹੀ ਉਨ੍ਹਾਂ ਦੇ ਵਿਚਕਾਰ ਲਗਾਏ ਗਏ ਇਨ੍ਹਾਂ ਨਵੇਂ ਭਾਜਪਾ-ਵਿਰੋਧੀ ਹੋਰਡਿੰਗਾਂ ਨੇ ਭਾਜਪਾ ਲੀਡਰਸ਼ਿਪ ਦੀਆਂ ਚਿੰਤਾਵਾਂ ਵਧਾ ਦਿੱਤੀਆਂ ਸਨ। ਇਨ੍ਹਾਂ ਹੋਰਡਿੰਗਾਂ ਰਾਹੀਂ ਗੁਜਰਾਤ ਸਰਹੱਦ ਤੋਂ ਪੰਜਾਬ ਵਿੱਚ ਆ ਰਹੇ ਨਸ਼ਿਆਂ ਦੀ ਸਪਲਾਈ ਰੋਕਣ ਵਿੱਚ ਕੇਂਦਰ ਦੀ ਅਸਫ਼ਲਤਾ ’ਤੇ ਸਵਾਲ ਚੁੱਕੇ ਗਏ ਸਨ। ਇੱਕ ਹੋਰਡਿੰਗ ’ਤੇ ਪੰਜਾਬੀ ਵਿੱਚ ਲਿਖਿਆ ਹੈ, “ਭਾਜਪਾ ਨੂੰ ਸਵਾਲ: ਪੰਜਾਬ ਵਿੱਚ ਭਾਜਪਾ ਗੁਜਰਾਤ ਤੋਂ ਨਸ਼ੇ ਦੀ ਤਸਕਰੀ ਕਿਉਂ ਕਰਵਾ ਰਹੀ ਹੈ?”

ਇਨ੍ਹਾਂ ਹੋਰਡਿੰਗਾਂ ਰਾਹੀਂ ਹਰਿਆਣਾ ਅਤੇ ਰਾਜਸਥਾਨ ਨਾਲ ਪੰਜਾਬ ਦੇ ਪਾਣੀਆਂ ਦੇ ਵਿਵਾਦ ’ਤੇ ਵੀ ਕੇਂਦਰ ਸਰਕਾਰ ਦਾ ਰੁੱਖ ਸਪੱਸ਼ਟ ਕਰਨ ਦੀ ਮੰਗ ਕੀਤੀ ਗਈ ਹੈ। ਅਮਿਤ ਸ਼ਾਹ ਦੀ ਤਸਵੀਰ ਵਾਲੇ ਇੱਕ ਹੋਰਡਿੰਗ ’ਤੇ ਲਿਖਿਆ ਗਿਆ ਹੈ, “ਭਾਜਪਾ ਪੰਜਾਬ ਦਾ ਪਾਣੀ ਹਰਿਆਣਾ ਅਤੇ ਰਾਜਸਥਾਨ ਨੂੰ ਕਿਉਂ ਦੇਣਾ ਚਾਹੁੰਦੀ ਹੈ?” ਇਨ੍ਹਾਂ ਬੋਰਡਾਂ ‘ਤੇ ਕਿਸੇ ਵੀ ਪਾਰਟੀ ਜਾਂ ਵਿਅਕਤੀ ਦਾ ਨਾਂ ਨਹੀਂ ਲਿਖਿਆ ਗਿਆ ਹੈ ਅਤੇ ਫਿਲਹਾਲ ਨਗਰ ਨਿਗਮ ਜਾਂ ਪੁਲੀਸ ਪ੍ਰਸ਼ਾਸਨ ਵੱਲੋਂ ਇਨ੍ਹਾਂ ਨੂੰ ਹਟਾਉਣ ਲਈ ਕੋਈ ਕਾਰਵਾਈ ਨਹੀਂ ਕੀਤੀ ਗਈ। ਇਹ ਹੋਰਡਿੰਗਜ਼ ਪਠਾਨਕੋਟ, ਅੰਮ੍ਰਿਤਸਰ, ਲੁਧਿਆਣਾ, ਕਪੂਰਥਲਾ ਅਤੇ ਹੋਰ ਆਸ-ਪਾਸ ਦੇ ਸ਼ਹਿਰਾਂ ਨੂੰ ਜਲੰਧਰ ਨਾਲ ਜੋੜਨ ਵਾਲੇ ਨੈਸ਼ਨਲ ਹਾਈਵੇਅ ’ਤੇ ਥਾਂ-ਥਾਂ ਲਗਾਏ ਗਏ ਸਨ।

Related posts

ਕੇਂਦਰ ਵੱਲੋਂ ਗੱਲਬਾਤ ਲਈ ਪੇਸ਼ਕਸ਼ ਮਿਲਣ ’ਤੇ ਡੱਲੇਵਾਲ ਲੈ ਸਕਦੇ ਨੇ ਮੈਡੀਕਲ ਸਹਾਇਤਾ

Current Updates

ਲੁਧਿਆਣਾ ਵਿੱਚ ਬੀਬੀਏ ਦੇ ਵਿਦਿਆਰਥੀ ਦੀ ਹਾਦਸੇ ਵਿਚ ਮੌਤ

Current Updates

ਨਾਗਰਿਕ ਹੀ ਰੱਬ ਹਨ: ਪ੍ਰਧਾਨ ਮੰਤਰੀ ਨੇ ਅਧਿਕਾਰੀਆਂ ਨੂੰ ਲਿਖਿਆ ਪੱਤਰ

Current Updates

Leave a Comment