ਅੰਮ੍ਰਿਤਸਰ- ਗੁਆਂਢੀ ਪਹਾੜੀ ਸੂਬਿਆਂ ਵਿੱਚ ਹੋਈ ਬਾਰਿਸ਼ ਤੇ ਬਰਫ਼ਬਾਰੀ ਅਤੇ ਪੰਜਾਬ ਵਿੱਚ ਪਿਛਲੇ 48 ਘੰਟਿਆਂ ਤੋਂ ਛਾਈ ਬੱਦਲਵਾਈ ਕਾਰਨ ਸੂਬੇ ਦੇ ਹਵਾ ਗੁਣਵੱਤਾ ਸੂਚਕ ਅੰਕ (AQI) ਵਿੱਚ ਵੱਡਾ ਸੁਧਾਰ ਦਰਜ ਕੀਤਾ ਗਿਆ ਹੈ। ਹੁਣ ਸੂਬੇ ਦੇ ਛੇ ਪ੍ਰਮੁੱਖ ਸ਼ਹਿਰਾਂ ਵਿੱਚੋਂ ਸਿਰਫ਼ ਦੋ ਸ਼ਹਿਰ ਹੀ ‘ਮਾੜੀ’ (Poor) ਸ਼੍ਰੇਣੀ ਵਿੱਚ ਰਹਿ ਗਏ ਹਨ। ਹਾਲਾਂਕਿ, ਸੂਬੇ ਭਰ ਵਿੱਚ ਪਰਾਲੀ ਸਾੜਨ ਦੇ ਲਗਾਤਾਰ ਵਧ ਰਹੇ ਮਾਮਲੇ ਅਜੇ ਵੀ ਚਿੰਤਾ ਦਾ ਵਿਸ਼ਾ ਬਣੇ ਹੋਏ ਹਨ, ਕਿਉਂਕਿ ਸ਼ੁੱਕਰਵਾਰ ਨੂੰ 200 ਤੋਂ ਵੱਧ ਨਵੇਂ ਮਾਮਲੇ ਸਾਹਮਣੇ ਆਉਣ ਨਾਲ ਹੁਣ ਤੱਕ ਕੁੱਲ ਅੰਕੜਾ 5,800 ਤੋਂ ਪਾਰ ਪਹੁੰਚ ਗਿਆ ਹੈ।
ਸ਼ਨੀਵਾਰ ਦੁਪਹਿਰ ਦੇ ਤਾਜ਼ਾ ਅੰਕੜਿਆਂ ਅਨੁਸਾਰ ਪਟਿਆਲਾ ਵਿੱਚ ਸਭ ਤੋਂ ਘੱਟ 144 ਏ.ਕਿਊ.ਆਈ. (AQI) ਦਰਜ ਕੀਤਾ ਗਿਆ। ਪਿਛਲੇ ਹਫ਼ਤੇ ‘ਮਾੜੀ’ ਸ਼੍ਰੇਣੀ ਵਿੱਚ ਪਹੁੰਚ ਚੁੱਕੀ ਉਦਯੋਗਿਕ ਨਗਰੀ ਮੰਡੀ ਗੋਬਿੰਦਗੜ੍ਹ ਦੀ ਹਵਾ ਵਿੱਚ ਵੀ ਸ਼ਨੀਵਾਰ ਨੂੰ ਸੁਧਾਰ ਹੋਇਆ ਅਤੇ ਇੱਥੇ ਏ.ਕਿਊ.ਆਈ. 188 ਦਰਜ ਕੀਤਾ ਗਿਆ, ਜਦਕਿ ਦੀਵਾਲੀ ਤੋਂ ਕਰੀਬ ਇੱਕ ਹਫ਼ਤੇ ਬਾਅਦ ਬਾਕੀ ਜ਼ਿਲ੍ਹੇ ਵੀ ‘ਦਰਮਿਆਨੀ’ (Moderate) ਸ਼੍ਰੇਣੀ ਵਿੱਚ ਰਹੇ।
ਹੋਰਨਾਂ ਸ਼ਹਿਰਾਂ ਦੀ ਗੱਲ ਕਰੀਏ ਤਾਂ ਅੰਮ੍ਰਿਤਸਰ (225) ਅਤੇ ਬਠਿੰਡਾ (210) ਅਜੇ ਵੀ ‘ਮਾੜੀ’ ਸ਼੍ਰੇਣੀ ਵਿੱਚ ਬਣੇ ਹੋਏ ਹਨ। ਦੂਜੇ ਪਾਸੇ, ਖੰਨਾ ਦਾ ਏ.ਕਿਊ.ਆਈ. ਸ਼ੁੱਕਰਵਾਰ ਦੇ 235 ਤੋਂ ਘਟ ਕੇ ਸ਼ਨੀਵਾਰ ਨੂੰ 155 ’ਤੇ ਆ ਗਿਆ, ਜਦਕਿ ਲੁਧਿਆਣਾ ਵਿੱਚ ਇਹ 151 ਦਰਜ ਕੀਤਾ ਗਿਆ। ਜ਼ਿਕਰਯੋਗ ਹੈ ਕਿ 0 ਤੋਂ 50 ਤੱਕ ਦੇ ਏ.ਕਿਊ.ਆਈ. ਨੂੰ ‘ਚੰਗਾ’, 51 ਤੋਂ 100 ਨੂੰ ‘ਤਸੱਲੀਬਖ਼ਸ਼’, 101 ਤੋਂ 200 ਨੂੰ ‘ਦਰਮਿਆਨਾ’, 201 ਤੋਂ 300 ਨੂੰ ‘ਮਾੜਾ’, 301 ਤੋਂ 400 ਨੂੰ ‘ਬਹੁਤ ਮਾੜਾ’ ਅਤੇ 401 ਤੋਂ 500 ਤੱਕ ਨੂੰ ‘ਗੰਭੀਰ’ ਸ਼੍ਰੇਣੀ ਵਿੱਚ ਮੰਨਿਆ ਜਾਂਦਾ ਹੈ।
ਵਾਤਾਵਰਨ ਮਾਹਿਰਾਂ ਦਾ ਕਹਿਣਾ ਹੈ ਕਿ ਤੇਜ਼ ਹਵਾਵਾਂ ਚੱਲਣ ਕਾਰਨ ਪ੍ਰਦੂਸ਼ਣ ਦੇ ਕਣ ਖਿੰਡ ਗਏ, ਜਿਸ ਨਾਲ ਲੋਕਾਂ ਨੂੰ ਵੱਡੀ ਰਾਹਤ ਮਿਲੀ ਹੈ। ਉਨ੍ਹਾਂ ਮੁਤਾਬਕ ਜੇਕਰ ਕੁਝ ਹਿੱਸਿਆਂ ਵਿੱਚ ਤੇਜ਼ ਹਵਾਵਾਂ ਦੇ ਨਾਲ ਮੀਂਹ ਪੈਂਦਾ ਹੈ ਤਾਂ ਹਵਾ ਹੋਰ ਸਾਫ਼ ਹੋ ਜਾਵੇਗੀ ਅਤੇ ਪਰਾਲੀ ਸਾੜਨ ਦਾ ਸੀਜ਼ਨ ਲਗਪਗ ਖ਼ਤਮ ਹੋਣ ਕੰਢੇ ਹੋਣ ਕਾਰਨ ਪੂਰੇ ਉੱਤਰੀ ਭਾਰਤ ਵਿੱਚ ਸੁਧਾਰ ਦੇਖਣ ਨੂੰ ਮਿਲੇਗਾ। ਮਾਹਿਰਾਂ ਨੇ ਇਹ ਵੀ ਟਿੱਪਣੀ ਕੀਤੀ ਕਿ ਕਰੋੜਾਂ ਰੁਪਏ ਖਰਚਣ ਅਤੇ ਸੈਂਕੜੇ ਅਧਿਕਾਰੀ ਤਾਇਨਾਤ ਕਰਨ ਦੇ ਦਾਅਵਿਆਂ ਦੇ ਬਾਵਜੂਦ ਪੰਜਾਬ ਵਿੱਚ ਇਸ ਸੀਜ਼ਨ ਦੌਰਾਨ ਪਰਾਲੀ ਸਾੜਨ ਦੇ 5,800 ਤੋਂ ਵੱਧ ਮਾਮਲੇ ਸਾਹਮਣੇ ਆਏ ਹਨ, ਜੋ ਦੇਸ਼ ਭਰ ਵਿੱਚ ਸਭ ਤੋਂ ਵੱਧ ਹਨ।
