October 1, 2026
ਖਾਸ ਖ਼ਬਰਪੰਜਾਬਰਾਸ਼ਟਰੀ

“ਮਹਿਤਾ ਦੀ ਪੁਕਾਰ, ਮਿਲਾਵਟ ਨੂੰ ਇਨਕਾਰ” ਮੁਹਿੰਮ ਤਹਿਤ ਲਗਾਤਾਰ ਤਿੰਨ ਦੁੱਧ ਸ਼ੁੱਧਤਾ ਜਾਂਚ ਕੈਂਪ

“ਮਹਿਤਾ ਦੀ ਪੁਕਾਰ, ਮਿਲਾਵਟ ਨੂੰ ਇਨਕਾਰ” ਮੁਹਿੰਮ ਤਹਿਤ ਲਗਾਤਾਰ ਤਿੰਨ ਦੁੱਧ ਸ਼ੁੱਧਤਾ ਜਾਂਚ ਕੈਂਪ

ਪਟਿਆਲਾ- “ਮਹਿਤਾ ਦੀ ਪੁਕਾਰ, ਮਿਲਾਵਟ ਨੂੰ ਇਨਕਾਰ” ਮੁਹਿੰਮ ਤਹਿਤ ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਤੇਜਿੰਦਰ ਮਹਿਤਾ ਵੱਲੋਂ ਡੇਅਰੀ ਵਿਕਾਸ ਵਿਭਾਗ ਦੇ ਸਹਿਯੋਗ ਨਾਲ ਪਟਿਆਲਾ ਦੇ ਵੱਖ-ਵੱਖ ਇਲਾਕਿਆਂ ਵਿੱਚ ਲਗਾਤਾਰ ਤਿੰਨ ਦੁੱਧ ਸ਼ੁੱਧਤਾ ਜਾਂਚ ਕੈਂਪ ਲਗਾਏ ਗਏ। ਇਨ੍ਹਾਂ ਕੈਂਪਾਂ ਦੌਰਾਨ ਲੋਕਾਂ ਨੇ ਆਪਣੇ ਘਰਾਂ ਤੋਂ ਦੁੱਧ ਦੇ ਸੈਂਪਲ ਲਿਆ ਕੇ ਮੌਕੇ ’ਤੇ ਜਾਂਚ ਕਰਵਾਈ। ਤਿੰਨ ਦਿਨਾਂ ਦੌਰਾਨ ਕੁੱਲ 124 ਸੈਂਪਲ ਟੈਸਟ ਕੀਤੇ ਗਏ, ਜਿਨ੍ਹਾਂ ਵਿੱਚੋਂ 14 ਸੈਂਪਲ ਮਿਆਰਾਂ ਅਨੁਸਾਰ ਅਤੇ 110 ਸੈਂਪਲ ਮਿਆਰਾਂ ਤੋਂ ਘੱਟ ਪਾਏ ਗਏ।
ਸ਼ਿਵ ਮੰਦਰ, ਸਾਰੋਵਾਲਾ ਮੁਹੱਲਾ, ਤ੍ਰਿਵੈਣੀ ਚੌਂਕ ਵਿਖੇ ਮਿਤੀ 28 ਸਤੰਬਰ ਨੂੰ ਲਗਾਏ ਕੈਂਪ ਵਿੱਚ ਦੁੱਧ ਦੇ ਕੁੱਲ 51 ਸੈਂਪਲ ਟੈਸਟ ਕੀਤੇ ਗਏ। ਇਨ੍ਹਾਂ ਵਿੱਚੋਂ 8 ਸੈਂਪਲ ਮਿਆਰਾਂ ਅਨੁਸਾਰ ਅਤੇ 43 ਸੈਂਪਲ ਮਿਆਰਾਂ ਤੋਂ ਘੱਟ ਪਾਏ ਗਏ। ਮਿਆਰਾਂ ਤੋਂ ਘੱਟ ਸੈਂਪਲਾਂ ਵਿੱਚ 10 ਤੋਂ 40 ਫੀਸਦੀ ਤੱਕ ਪਾਣੀ ਦੀ ਮਾਤਰਾ ਪਾਈ ਗਈ, ਜਦਕਿ ਇੱਕ ਸੈਂਪਲ ਵਿੱਚ ਸੂਕਰੋਜ਼ ਕੈਮੀਕਲ ਪਾਇਆ ਗਿਆ। ਤੋਪ ਖਾਨਾ ਮੋੜ ਸਥਿਤ ਜੀਨਗਰ ਧਰਮਸ਼ਾਲਾ ਵਿਖੇ ਮਿਤੀ 29 ਸਤੰਬਰ ਨੂੰ ਲਗਾਏ ਗਏ ਕੈਂਪ ਦੌਰਾਨ ਦੁੱਧ ਦੇ 35 ਸੈਂਪਲਾਂ ਦੀ ਜਾਂਚ ਕੀਤੀ ਗਈ। ਇਨ੍ਹਾਂ ਵਿੱਚੋਂ 4 ਸੈਂਪਲ ਮਿਆਰਾਂ ਅਨੁਸਾਰ ਅਤੇ 31 ਸੈਂਪਲ ਮਿਆਰਾਂ ਤੋਂ ਘੱਟ ਪਾਏ ਗਏ। ਮਿਆਰਾਂ ਤੋਂ ਘੱਟ ਸੈਂਪਲਾਂ ਵਿੱਚ 10 ਤੋਂ 57 ਫੀਸਦੀ ਤੱਕ ਪਾਣੀ ਦੀ ਮਾਤਰਾ ਪਾਈ ਗਈ। ਤਵਕਲੀ ਮੋੜ ਵਿਖੇ ਮਿਤੀ 30 ਸਤੰਬਰ ਨੂੰ ਲਗਾਏ ਗਏ ਕੈਂਪ ਵਿੱਚ 38 ਸੈਂਪਲ ਟੈਸਟ ਕੀਤੇ ਗਏ। ਇਨ੍ਹਾਂ ਵਿੱਚੋਂ 2 ਸੈਂਪਲ ਮਿਆਰਾਂ ਅਨੁਸਾਰ ਅਤੇ 36 ਸੈਂਪਲ ਮਿਆਰਾਂ ਤੋਂ ਘੱਟ ਪਾਏ ਗਏ। ਇਨ੍ਹਾਂ ਸੈਂਪਲਾਂ ਵਿੱਚ ਵੀ 10 ਤੋਂ 57 ਫੀਸਦੀ ਤੱਕ ਪਾਣੀ ਦੀ ਮਾਤਰਾ ਪਾਈ ਗਈ।
ਚੇਅਰਮੈਨ ਤੇਜਿੰਦਰ ਮਹਿਤਾ ਨੇ ਕਿਹਾ ਕਿ ਦੁੱਧ ਹਰ ਪਰਿਵਾਰ ਦੀ ਰੋਜ਼ਾਨਾ ਖੁਰਾਕ ਦਾ ਅਹਿਮ ਹਿੱਸਾ ਹੈ ਅਤੇ ਇਸ ਦੀ ਗੁਣਵੱਤਾ ਬਾਰੇ ਖਪਤਕਾਰਾਂ ਦਾ ਜਾਗਰੂਕ ਹੋਣਾ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ “ਮਹਿਤਾ ਦੀ ਪੁਕਾਰ, ਮਿਲਾਵਟ ਨੂੰ ਇਨਕਾਰ” ਮੁਹਿੰਮ ਦਾ ਮਕਸਦ ਲੋਕਾਂ ਨੂੰ ਦੁੱਧ ਦੀ ਗੁਣਵੱਤਾ ਅਤੇ ਸ਼ੁੱਧਤਾ ਬਾਰੇ ਜਾਗਰੂਕ ਕਰਨਾ ਹੈ। ਉਨ੍ਹਾਂ ਕਿਹਾ ਕਿ ਮੁਹਿੰਮ ਸ਼ੁਰੂ ਕਰਨ ਦੇ ਨਾਲ ਇਸ ਦਾ ਲਗਾਤਾਰ ਫਾਲੋਅਪ ਵੀ ਜ਼ਰੂਰੀ ਹੈ ਅਤੇ ਇਸੇ ਤਹਿਤ ਪਟਿਆਲਾ ਦੇ ਵੱਖ-ਵੱਖ ਇਲਾਕਿਆਂ ਵਿੱਚ ਲਗਾਤਾਰ ਦੁੱਧ ਸ਼ੁੱਧਤਾ ਜਾਂਚ ਕੈਂਪ ਲਗਾਏ ਜਾ ਰਹੇ ਹਨ।
ਡਿਪਟੀ ਡਾਇਰੈਕਟਰ ਡੇਅਰੀ ਵਿਕਾਸ ਪਟਿਆਲਾ ਸ੍ਰੀ ਦਲਬੀਰ ਕੁਮਾਰ ਨੇ ਦੱਸਿਆ ਕਿ ਇਨ੍ਹਾਂ ਕੈਂਪਾਂ ਦੌਰਾਨ ਖਪਤਕਾਰਾਂ ਨੂੰ ਮੌਕੇ ’ਤੇ ਦੁੱਧ ਦੀ ਗੁਣਵੱਤਾ ਸਬੰਧੀ ਜਾਣਕਾਰੀ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਤਿੰਨ ਦਿਨਾਂ ਦੌਰਾਨ ਜਾਂਚੇ ਗਏ 124 ਸੈਂਪਲਾਂ ਵਿੱਚੋਂ 110 ਸੈਂਪਲ ਮਿਆਰਾਂ ਤੋਂ ਘੱਟ ਪਾਏ ਗਏ। ਉਨ੍ਹਾਂ ਕਿਹਾ ਕਿ ਕੈਂਪਾਂ ਦਾ ਮਕਸਦ ਖਪਤਕਾਰਾਂ ਨੂੰ ਦੁੱਧ ਦੀ ਗੁਣਵੱਤਾ ਪ੍ਰਤੀ ਜਾਗਰੂਕ ਕਰਨਾ ਅਤੇ ਉਨ੍ਹਾਂ ਨੂੰ ਆਪਣੇ ਦੁੱਧ ਦੀ ਜਾਂਚ ਕਰਵਾਉਣ ਲਈ ਸਹੂਲਤ ਪ੍ਰਦਾਨ ਕਰਨਾ ਹੈ।
ਕੈਂਪਾਂ ਦੌਰਾਨ ਡੇਅਰੀ ਵਿਕਾਸ ਇੰਸਪੈਕਟਰ ਕੁਲਵਿੰਦਰ ਸਿੰਘ, ਇੰਸਪੈਕਟਰ ਲਖਮੀਰ ਸਿੰਘ, ਇੰਸਪੈਕਟਰ ਮੈਡਮ ਉਪਿੰਦਰਜੀਤ ਕੌਰ ਨੇ ਬਾਖੂਬੀ ਡਿਊਟੀ ਨਿਭਾਈ। ਕੈਂਪਾਂ ਦੌਰਾਨ ਅਗਰਵਾਲ ਵੈਲਫੇਅਰ ਬੋਰਡ ਦੇ ਜ਼ਿਲ੍ਹਾ ਚੇਅਰਮੈਨ ਤ੍ਰਿਲੋਕ ਜੈਨ, ਵੈਰਾਗੀ ਵੈਲਫੇਅਰ ਬੋਰਡ ਦੇ ਜ਼ਿਲ੍ਹਾ ਚੇਅਰਮੈਨ ਜਗਦੀਸ਼ ਸਿੰਘ ਬਾਵਾ, ਹਿੰਦੂ ਨੇਤਾ ਰਵਿੰਦਰ ਸਿੰਗਲਾ, ਵਪਾਰੀ ਨੇਤਾ ਸੋਨਮ ਬੰਸਲ, ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਸੋਸ਼ਲ ਮੀਡੀਆ ਇੰਚਾਰਜ ਸੁਮੀਤ ਟਕੇਜਾ, ਸੀਨੀਅਰ ਆਗੂ ਗੁਰਨੇਕ ਭੱਟੀ, ਡਰੱਗ ਫੈਡਰੇਸ਼ਨ ਦੇ ਧਰਮਿੰਦਰ ਸਰਾਓ, ਟ੍ਰੇਡ ਕਮਿਸ਼ਨ ਮੈਂਬਰ ਨਿਰਮਲ ਝਨੇੜੀ, ਯੂਥ ਆਗੂ ਸੁਰਿੰਦਰ ਨਿੱਕੂ, ਰਾਹੁਲ ਸੇਠੀ, ਗੌਰਵ ਛਾਬੜਾ ਅਤੇ ਹੋਰ ਪਤਵੰਤੇ ਹਾਜ਼ਰ ਸਨ। ਮੁਹਿੰਮ ਤਹਿਤ ਪਟਿਆਲਾ ਦੇ ਵੱਖ-ਵੱਖ ਇਲਾਕਿਆਂ ਵਿੱਚ ਅਜਿਹੇ ਦੁੱਧ ਸ਼ੁੱਧਤਾ ਜਾਂਚ ਕੈਂਪ ਲਗਾਤਾਰ ਜਾਰੀ ਰੱਖਣ ਦਾ ਉਪਰਾਲਾ ਕੀਤਾ ਜਾ ਰਿਹਾ ਹੈ, ਤਾਂ ਜੋ ਵੱਧ ਤੋਂ ਵੱਧ ਖਪਤਕਾਰ ਆਪਣੇ ਦੁੱਧ ਦੀ ਜਾਂਚ ਕਰਵਾ ਸਕਣ ਅਤੇ ਦੁੱਧ ਦੀ ਗੁਣਵੱਤਾ ਸਬੰਧੀ ਜਾਗਰੂਕ ਹੋ ਸਕਣ।

Related posts

ਜਸਟਿਸ ਐਸ.ਏ. ਧਰਮਧਿਕਾਰੀ ਮਦਰਾਸ ਹਾਈ ਕੋਰਟ ਦੇ ਚੀਫ਼ ਜਸਟਿਸ ਨਿਯੁਕਤ

Current Updates

ਗੈਕਾਨੂੰਨੀ ਪਰਵਾਸੀਆਂ ਦੀ ਵਾਪਸੀ: ਮੋਦੀ-ਟਰੰਪ ਚੰਗੇ ਦੋਸਤ, ਫੇਰ ਪ੍ਰਧਾਨ ਮੰਤਰੀ ਨੇ ਅਜਿਹਾ ਕਿਉਂ ਹੋਣ ਦਿੱਤਾ: ਪ੍ਰਿਯੰਕਾ ਗਾਂਧੀ

Current Updates

ਕੈਂਸਰ ਨਾਲ ਜੰਗ ਲੜਦੇ ਹੋਏ ਨਜ਼ਰ ਆਇਆ ਹਿਨਾ ਖਾਨ ਦਾ ਇਹ ਹਿੰਮਤ ਵਾਲਾ ਰੂਪ, ਹਸਪਤਾਲ ਦੀ ਤਸਵੀਰ ਦੇਖ ਕੇ ਫੈਨਜ਼ ਕੀ ਕਿਹਾ

Current Updates

Leave a Comment