September 28, 2026
ਖਾਸ ਖ਼ਬਰਪੰਜਾਬਰਾਸ਼ਟਰੀ

ਇੱਕੋ ਥਾਣੇ ਦੀ ਦੂਜੀ SHO ਰਿਸ਼ਵਤਖ਼ੋਰੀ ਦੇ ਦੋਸ਼ ’ਚ ਗ੍ਰਿਫ਼ਤਾਰ; ਮਹਿਲਾ ਇੰਸਪੈਕਟਰ ਤੇ ਗਨਮੈਨ ਰੰਗੇ ਹੱਥੀਂ ਕਾਬੂ

ਇੱਕੋ ਥਾਣੇ ਦੀ ਦੂਜੀ SHO ਰਿਸ਼ਵਤਖ਼ੋਰੀ ਦੇ ਦੋਸ਼ ’ਚ ਗ੍ਰਿਫ਼ਤਾਰ; ਮਹਿਲਾ ਇੰਸਪੈਕਟਰ ਤੇ ਗਨਮੈਨ ਰੰਗੇ ਹੱਥੀਂ ਕਾਬੂ

ਮੋਗਾ-  ਪੰਜਾਬ ਵਿੱਚ ਭ੍ਰਿਸ਼ਟਾਚਾਰ ਦੇ ਦਾਗ ਨਾਲ ਘਿਰੇ ਮੋਗਾ ਜ਼ਿਲ੍ਹੇ ਦੇ ਇੱਕੋ ਥਾਣੇ ਵਿੱਚ ਦੋ ਸਾਲਾਂ ਅੰਦਰ ਦੂਜੀ ਮਹਿਲਾ ਥਾਣਾ ਮੁਖੀ (ਐੱਸ.ਐੱਚ.ਓ.) ’ਤੇ ਵਿਜਿਲੈਂਸ ਦਾ ਸ਼ਿਕੰਜਾ ਕੱਸਿਆ ਗਿਆ ਹੈ। ਵਿਜਿਲੈਂਸ ਬਿਊਰੋ ਦੀ ਟੀਮ ਨੇ ਸ਼ਨੀਵਾਰ ਰਾਤ ਕੋਟ ਈਸੇ ਖਾਂ ਥਾਣੇ ਦੀ ਮੁੱਖ ਅਫ਼ਸਰ ਇੰਸਪੈਕਟਰ ਸੁਨੀਤਾ ਬਾਵਾ ਅਤੇ ਉਸ ਦੇ ਗਨਮੈਨ ਹੋਮ ਗਾਰਡ ਜਵਾਨ ਗੁਰਅਵਤਾਰ ਸਿੰਘ ਨੂੰ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਗ੍ਰਿਫ਼ਤਾਰ ਕਰ ਲਿਆ।

ਵਿਜਿਲੈਂਸ ਬਿਊਰੋ ਦੇ ਅਧਿਕਾਰੀਆਂ ਅਨੁਸਾਰ ਪਿੰਡ ਨੂਰਪੁਰ ਹਕੀਮਾ ਦੇ ਰਹਿਣ ਵਾਲੇ ਰਾਜਵਿੰਦਰ ਸਿੰਘ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਇੰਸਪੈਕਟਰ ਸੁਨੀਤਾ ਬਾਵਾ ਉਸ ਨੂੰ ਨਸ਼ਾ ਤਸਕਰੀ ਦੇ ਇੱਕ ਪੁਰਾਣੇ ਮਾਮਲੇ ਵਿੱਚ ਫਸਾਉਣ ਦੀਆਂ ਧਮਕੀਆਂ ਦੇ ਰਹੀ ਸੀ। ਸ਼ਿਕਾਇਤਕਰਤਾ ਅਨੁਸਾਰ ਐੱਸ.ਐੱਚ.ਓ. ਉਸ ਕੋਲੋਂ ਪਹਿਲਾਂ ਹੀ 50,000 ਰੁਪਏ ਬਲੈਕਮੇਲ ਕਰਕੇ ਲੈ ਚੁੱਕੀ ਸੀ ਅਤੇ ਕੇਸ ਰਫ਼ਾ-ਦਫ਼ਾ ਕਰਨ ਬਦਲੇ 50,000 ਰੁਪਏ ਹੋਰ ਮੰਗ ਰਹੀ ਸੀ। ਸ਼ਿਕਾਇਤ ਮਿਲਣ ’ਤੇ ਫ਼ਿਰੋਜ਼ਪੁਰ ਰੇਂਜ ਦੀ ਵਿਜਿਲੈਂਸ ਟੀਮ ਨੇ ਜ਼ੀਰਾ ਰੋਡ ’ਤੇ ਜਾਲ ਵਿਛਾਇਆ ਅਤੇ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ ਦੂਜੀ ਕਿਸ਼ਤ ਲੈਂਦਿਆਂ ਇੰਸਪੈਕਟਰ ਬਾਵਾ ਅਤੇ ਉਸ ਦੇ ਗਨਮੈਨ ਨੂੰ ਮੌਕੇ ’ਤੇ ਹੀ ਦਬੋਚ ਲਿਆ। ਦੋਵਾਂ ਖ਼ਿਲਾਫ਼ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।

ਜ਼ਿਕਰਯੋਗ ਹੈ ਕਿ ਕੋਟ ਈਸੇ ਖਾਂ ਥਾਣੇ ਵਿੱਚ ਤੈਨਾਤ ਐੱਸ.ਐੱਚ.ਓ. ਦੇ ਰਿਸ਼ਵਤਖ਼ੋਰੀ ਵਿੱਚ ਫੜੇ ਜਾਣ ਦਾ ਇਹ ਦੋ ਸਾਲਾਂ ਦਰਮਿਆਨ ਦੂਜਾ ਮਾਮਲਾ ਹੈ। ਇਸ ਤੋਂ ਪਹਿਲਾਂ ਅਕਤੂਬਰ 2024 ਵਿੱਚ, ਉਸ ਵੇਲੇ ਦੀ ਐੱਸ.ਐੱਚ.ਓ. ਇੰਸਪੈਕਟਰ ਅਰਸ਼ਪ੍ਰੀਤ ਕੌਰ ਗਰੇਵਾਲ ਅਤੇ ਦੋ ਕਾਂਸਟੇਬਲਾਂ ਖ਼ਿਲਾਫ਼ ਭ੍ਰਿਸ਼ਟਾਚਾਰ ਅਤੇ ਐੱਨ.ਡੀ.ਪੀ.ਐੱਸ. (NDPS) ਐਕਟ ਤਹਿਤ ਕੇਸ ਦਰਜ ਕੀਤਾ ਗਿਆ ਸੀ। ਉਸ ਮਾਮਲੇ ਵਿੱਚ ਪੁਲੀਸ ਨੇ ਦੋਸ਼ ਲਾਇਆ ਸੀ ਕਿ ਗਰੇਵਾਲ ਦੀ ਟੀਮ ਨੇ 5 ਕਿੱਲੋ ਅਫ਼ੀਮ ਸਮੇਤ ਤਿੰਨ ਵਿਅਕਤੀਆਂ ਨੂੰ ਕਾਬੂ ਕੀਤਾ ਸੀ ਪਰ 8 ਲੱਖ ਰੁਪਏ ਦੀ ਰਿਸ਼ਵਤ ਲੈ ਕੇ ਦੋ ਮੁਲਜ਼ਮਾਂ ਨੂੰ ਛੱਡ ਦਿੱਤਾ ਅਤੇ ਬਰਾਮਦਗੀ 2 ਕਿੱਲੋ ਦਿਖਾਈ ਸੀ।

ਅਰਸ਼ਪ੍ਰੀਤ ਕੌਰ ਗਰੇਵਾਲ, ਜਿਸ ਨੂੰ ਕੁਝ ਦਿਨ ਪਹਿਲਾਂ ਹੀ ਅਦਾਲਤ ਤੋਂ ਜ਼ਮਾਨਤ ਮਿਲੀ ਹੈ, ਨੇ ਉਸ ਸਮੇਂ ਸੀਨੀਅਰ ਅਧਿਕਾਰੀਆਂ ’ਤੇ ਜਿਨਸੀ ਸ਼ੋਸ਼ਣ ਦਾ ਵਿਰੋਧ ਕਰਨ ਬਦਲੇ ਝੂਠੇ ਕੇਸ ਵਿੱਚ ਫਸਾਉਣ ਦੇ ਦੋਸ਼ ਲਾਏ ਸਨ। ਹਾਲਾਂਕਿ, ਸੀਨੀਅਰ ਪੁਲੀਸ ਲੀਡਰਸ਼ਿਪ ਅਤੇ ਜ਼ਿਲ੍ਹੇ ਦੀ ਲੋਕਲ ਸ਼ਿਕਾਇਤ ਕਮੇਟੀ ਨੇ ਇਹਨਾਂ ਦਾਅਵਿਆਂ ਨੂੰ ਖਾਰਜ ਕਰਦਿਆਂ ਸਪੱਸ਼ਟ ਕੀਤਾ ਸੀ ਕਿ ਅਜਿਹੀ ਕੋਈ ਰਸਮੀ ਸ਼ਿਕਾਇਤ ਪਹਿਲਾਂ ਦਰਜ ਨਹੀਂ ਕਰਵਾਈ ਗਈ ਸੀ।

Related posts

ਯੂਏਈ ਵਿਚ ਭਾਰਤੀ ਪਰਵਾਸੀ ਨੂੰ ਲੱਗਾ 240 ਕਰੋੜ ਦਾ ਜੈਕਪੌਟ

Current Updates

ਮਿਲਕੀਪੁਰ ਜ਼ਿਮਨੀ ਚੋਣ ’ਚ ਭਾਜਪਾ ਦੇ ਚੰਦਰਭਾਨੂ ਪਾਸਵਾਨ ਜੇਤੂ

Current Updates

ਕਾਠਮੰਡੂ ਹਵਾਈ ਅੱਡੇ ’ਤੇ ਸੋਨੇ ਸਮੇਤ ਵਿਅਕਤੀ ਕਾਬੂ

Current Updates

Leave a Comment