September 20, 2026
ਖਾਸ ਖ਼ਬਰਚੰਡੀਗੜ੍ਹਪੰਜਾਬਰਾਸ਼ਟਰੀ

ਸਾਢੇ ਚਾਰ ਸਾਲਾਂ ਦੀ AAP ਸਰਕਾਰ ਨੇ ਪੰਜਾਬ ਨੂੰ ਕਰਜ਼ੇ, ਨਸ਼ੇ, ਅਪਰਾਧ ਤੇ ਭ੍ਰਿਸ਼ਟਾਚਾਰ ਦੀ ਦਲਦਲ ਵਿੱਚ ਧੱਕਿਆ

ਸਾਢੇ ਚਾਰ ਸਾਲਾਂ ਦੀ AAP ਸਰਕਾਰ ਨੇ ਪੰਜਾਬ ਨੂੰ ਕਰਜ਼ੇ, ਨਸ਼ੇ, ਅਪਰਾਧ ਤੇ ਭ੍ਰਿਸ਼ਟਾਚਾਰ ਦੀ ਦਲਦਲ ਵਿੱਚ ਧੱਕਿਆ
ਚੰਡੀਗੜ੍ਹ— ਭਾਰਤੀ ਜਨਤਾ ਪਾਰਟੀ ਦੇ ਪੰਜਾਬ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਆਮ ਆਦਮੀ ਪਾਰਟੀ ਦੀ ਡੋਰ ਨੂੰ ਡੋਰ ਮੁਹਿੰਮ ‘ਤੇ ਤਿੱਖਾ ਹਮਲਾ ਕਰਦਿਆਂ ਕਿਹਾ ਕਿ ਸਾਢੇ ਚਾਰ ਸਾਲਾਂ ਦੇ ਕਾਰਜਕਾਲ ਨੇ ਪੰਜਾਬ ਦੇ ਲੋਕਾਂ ਨੂੰ ਵਿਕਾਸ ਦੀ ਥਾਂ ਨਸ਼ੇ, ਅਪਰਾਧ, ਭ੍ਰਿਸ਼ਟਾਚਾਰ, ਬੇਰੁਜ਼ਗਾਰੀ ਅਤੇ ਵਧਦੇ ਕਰਜ਼ੇ ਦੀ ਮਾਰ ਦਿੱਤੀ ਹੈ। ਹੁਣ ਪੰਜਾਬ ਦੀ ਜਨਤਾ ਸਰਕਾਰ ਤੋਂ ਹਰ ਵਾਅਦੇ ਅਤੇ ਹਰ ਰੁਪਏ ਦਾ ਹਿਸਾਬ ਮੰਗਣ ਲਈ ਤਿਆਰ ਬੈਠੀ ਹੈ।
ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਜਿਸ ਆਮ ਆਦਮੀ ਪਾਰਟੀ ਨੇ ਸੱਤਾ ਵਿੱਚ ਆਉਣ ਤੋਂ ਪਹਿਲਾਂ ਪੰਜਾਬ ਨੂੰ ਬਦਲਣ ਦੇ ਵੱਡੇ-ਵੱਡੇ ਦਾਅਵੇ ਕੀਤੇ ਸਨ, ਅੱਜ ਉਸ ਸਰਕਾਰ ਕੋਲ ਆਪਣੇ ਹੀ ਵਾਅਦਿਆਂ ਦਾ ਹਿਸਾਬ ਦੇਣ ਲਈ ਕੋਈ ਠੋਸ ਜਵਾਬ ਨਹੀਂ ਹੈ। ਜਿਹੜੀ ਸਰਕਾਰ ‘ਬਦਲਾਅ’ ਦੇ ਨਾਅਰੇ ਨਾਲ ਆਈ ਸੀ, ਉਸ ਨੇ ਪੰਜਾਬ ਦੇ ਲੋਕਾਂ ਨੂੰ ਬਦਹਾਲੀ ਦੇ ਰਾਹ ‘ਤੇ ਧੱਕ ਦਿੱਤਾ ਹੈ।
ਉਨ੍ਹਾਂ ਕਿਹਾ ਕਿ ਤਿੰਨ ਮਹੀਨੇ ਚ ਨਸ਼ਾ ਖਤਮ ਕਰਨ ਵਾਲੀ ਸਰਕਾਰ ਦੇ ਰਾਜ ਵਿੱਚ ਨਸ਼ੇ ਦੀ ਘਰ ਘਰ ਡਿਲੀਵਰੀ ਹੋ ਰਹੀ ਹੈ। ਹਰ ਰੋਜ਼ ਪੰਜਾਬ ਦੇ ਨੌਜਵਾਨ ਨਸ਼ੇ ਦੀ ਭੇਂਟ ਚੜ ਰਹੇ ਹਨ। ਸਰਕਾਰ ਨਸਾਾ ਬੰਦ ਕਰਨ ਵਿੱਚ ਪੂਰੀ ਤਰ੍ਹਾਂ ਨਾਲ ਫੇਲ ਹੋਈ ਹੈ।
ਕੇਵਲ ਢਿੱਲੋਂ ਨੇ ਕਿਹਾ ਕਿ ਗੈਂਗਸਟਰਵਾਦ, ਫ਼ਿਰੌਤੀਆਂ ਅਤੇ ਅਪਰਾਧਾਂ ਦੀਆਂ ਘਟਨਾਵਾਂ ਨੇ ਵਪਾਰੀਆਂ ਅਤੇ ਆਮ ਨਾਗਰਿਕਾਂ ਵਿੱਚ ਸੁਰੱਖਿਆ ਦੀ ਭਾਵਨਾ ਨੂੰ ਝਟਕਾ ਦਿੱਤਾ ਹੈ। ਪੰਜਾਬ ਵਿੱਚ ਕੋਈ ਵੀ ਵਿਅਕਤੀ ਆਪਣੇ ਆਪ ਨੂੰ ਪੂਰੀ ਤਰ੍ਹਾਂ ਸੁਰੱਖਿਅਤ ਮਹਿਸੂਸ ਨਹੀਂ ਕਰ ਰਿਹਾ। ਉਨ੍ਹਾਂ ਕਿਹਾ ਕਿ ਜਿਸ ਸਰਕਾਰ ਨੇ ਪੰਜਾਬ ਨੂੰ ਸੁਰੱਖਿਅਤ ਬਣਾਉਣ ਦੇ ਵਾਅਦੇ ਕੀਤੇ ਸਨ, ਉਹ ਅੱਜ ਕਾਨੂੰਨ-ਵਿਵਸਥਾ ਬਾਰੇ ਲੋਕਾਂ ਦੇ ਸਵਾਲਾਂ ਦੇ ਜਵਾਬ ਦੇਣ ਤੋਂ ਭੱਜ ਰਹੀ ਹੈ।”
ਭਾਜਪਾ ਪ੍ਰਧਾਨ ਨੇ ਕਿਹਾ ਕਿ AAP ਨੇ ਭ੍ਰਿਸ਼ਟਾਚਾਰ ਖ਼ਤਮ ਕਰਨ ਦੇ ਨਾਮ ‘ਤੇ ਲੋਕਾਂ ਤੋਂ ਵੋਟਾਂ ਲਈਆਂ, ਪਰ ਅੱਜ ਆਮ ਲੋਕ ਛੋਟੇ ਤੋਂ ਛੋਟੇ ਸਰਕਾਰੀ ਕੰਮ ਲਈ ਵੀ ਦਫ਼ਤਰਾਂ ਦੇ ਚੱਕਰ ਕੱਟਣ ਅਤੇ ਕਥਿਤ ਰਿਸ਼ਵਤਖੋਰੀ ਦੀਆਂ ਸ਼ਿਕਾਇਤਾਂ ਕਰਨ ਲਈ ਮਜਬੂਰ ਹਨ। ਉਨ੍ਹਾਂ ਕਿਹਾ ਕਿ ਜਿਹੜੀ ਸਰਕਾਰ ‘ਭ੍ਰਿਸ਼ਟਾਚਾਰ ਮੁਕਤ ਪੰਜਾਬ’ ਦਾ ਵਾਅਦਾ ਕਰਕੇ ਆਈ ਸੀ, ਉਹ ਦੱਸੇ ਕਿ ਆਮ ਨਾਗਰਿਕ ਨੂੰ ਸਰਕਾਰੀ ਕੰਮ ਕਰਵਾਉਣ ਲਈ ਅੱਜ ਵੀ ਕਿਉਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ?”
ਕੇਵਲ ਢਿੱਲੋਂ ਨੇ ਕਿਹਾ ਕਿ ਰੇਤ ਅਤੇ ਬਜਰੀ ਤੋਂ ਸਾਲਾਨਾ ₹20,000 ਕਰੋੜ ਦਾ ਮਾਲੀਆ ਲਿਆਉਣ ਦਾ ਵਾਅਦਾ ਕਰਨ ਵਾਲੀ AAP ਸਰਕਾਰ 2025-26 ਵਿੱਚ ਕਰੀਬ ₹600 ਕਰੋੜ ਦੀ ਮਾਈਨਿੰਗ ਆਮਦਨ ਹੀ ਇਕੱਠੀ ਕਰ ਸਕੀ। ਉਨ੍ਹਾਂ ਸਵਾਲ ਕੀਤਾ ਕਿ “ਕੇਜਰੀਵਾਲ ਦੀ 20,000 ਕਰੋੜ ਰੁਪਏ ਦੀ ਗਰੰਟੀ ਦਾ ਕੀ ਬਣਿਆ? ਜੇਕਰ ਲਗਭਗ 600 ਕਰੋੜ ਰੁਪਏ ਹੀ ਆਏ ਤਾਂ ਬਾਕੀ ₹19,400 ਕਰੋੜ ਦਾ ਹਿਸਾਬ ਪੰਜਾਬ ਦੀ ਜਨਤਾ ਨੂੰ ਕੌਣ ਦੇਵੇਗਾ?”
ਕੇਵਲ ਢਿੱਲੋਂ ਨੇ ਕਿਹਾ ਕਿ ਸਰਕਾਰ ਸਿਹਤ ਅਤੇ ਸਿੱਖਿਆ ਦੇ ਖੇਤਰ ਵਿੱਚ ਕ੍ਰਾਂਤੀ ਦੇ ਦਾਅਵੇ ਕਰ ਰਹੀ ਹੈ, ਪਰ ਸਿਰਫ਼ ਪੁਰਾਣੀਆਂ ਇਮਾਰਤਾਂ ਨੂੰ ਰੰਗ-ਰੋਗਨ ਕਰ ਦੇਣ ਨਾਲ ਨਾ ਸਿੱਖਿਆ ਕ੍ਰਾਂਤੀ ਆਉਂਦੀ ਹੈ ਅਤੇ ਨਾ ਹੀ ਸਿਹਤ ਕ੍ਰਾਂਤੀ।
ਉਹਨਾਂ ਕਿਹਾ ਕਿ ਹਸਪਤਾਲਾਂ ਵਿੱਚ ਡਾਕਟਰਾਂ ਦੀਆਂ ਘਾਟਾਂ ਅਤੇ ਸਕੂਲਾਂ ਵਿੱਚ ਅਧਿਆਪਕਾਂ ਦੀਆਂ ਅਸਾਮੀਆਂ ਦੇ ਸਵਾਲ ਅੱਜ ਵੀ ਮੌਜੂਦ ਹਨ। ਸਰਕਾਰ ਇਸ਼ਤਿਹਾਰਾਂ ਵਿੱਚ ਕ੍ਰਾਂਤੀ ਦਿਖਾ ਸਕਦੀ ਹੈ, ਪਰ ਪੰਜਾਬ ਦੇ ਲੋਕਾਂ ਨੂੰ ਜ਼ਮੀਨੀ ਹਕੀਕਤ ਪਤਾ ਹੈ।
ਉਨ੍ਹਾਂ ਕਿਹਾ ਕਿ ਸਰਕਾਰ ਦੀਆਂ ਕਥਿਤ ਗਲਤ ਅਤੇ ਅਸਥਿਰ ਨੀਤੀਆਂ ਕਾਰਨ ਉਦਯੋਗਪਤੀਆਂ ਵਿੱਚ ਚਿੰਤਾ ਵਧੀ ਹੈ। ਜੇ ਪੰਜਾਬ ਵਿੱਚ ਨਿਵੇਸ਼ ਅਤੇ ਉਦਯੋਗਾਂ ਲਈ ਭਰੋਸੇਮੰਦ ਮਾਹੌਲ ਨਹੀਂ ਹੋਵੇਗਾ ਤਾਂ ਰੁਜ਼ਗਾਰ ਦੇ ਮੌਕੇ ਕਿਵੇਂ ਪੈਦਾ ਹੋਣਗੇ?
ਕੇਵਲ ਢਿੱਲੋਂ ਨੇ ਕਿਹਾ ਕਿ ਪੰਜਾਬ ਦਾ ਕੁੱਲ ਕਰਜ਼ਾ ਕਰੀਬ 4.5 ਲੱਖ ਕਰੋੜ ਰੁਪਏ ਦੇ ਪੱਧਰ ਤੱਕ ਪਹੁੰਚਣ ਦੀਆਂ ਰਿਪੋਰਟਾਂ ਹਨ ਅਤੇ ਵਿੱਤੀ ਦਬਾਅ ਲਗਾਤਾਰ ਵਧ ਰਿਹਾ ਹੈ। ਉਨ੍ਹਾਂ ਕਿਹਾ ਕਿ ਜਿਹੜੀ ਸਰਕਾਰ ਪੰਜਾਬ ਨੂੰ ਕਰਜ਼ਾ ਮੁਕਤ ਕਰਨ ਦੇ ਵਾਅਦੇ ਕਰਦੀ ਸੀ, ਉਸ ਦੇ ਕਾਰਜਕਾਲ ਵਿੱਚ ਕਰਜ਼ੇ ਦਾ ਬੋਝ ਇੰਨਾ ਵਧ ਗਿਆ ਕਿ ਆਉਣ ਵਾਲੀਆਂ ਪੀੜ੍ਹੀਆਂ ਨੂੰ ਇਸ ਦੀ ਕੀਮਤ ਚੁਕਾਉਣੀ ਪਵੇਗੀ।” ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਕਿਸਾਨ, ਮਜ਼ਦੂਰ, ਮੁਲਾਜ਼ਮ, ਅਧਿਆਪਕ, ਨੌਜਵਾਨ, ਵਪਾਰੀ ਅਤੇ ਔਰਤਾਂ ਸਮੇਤ ਸਮਾਜ ਦਾ ਹਰ ਵਰਗ ਸਰਕਾਰ ਦੀ ਕਾਰਗੁਜ਼ਾਰੀ ‘ਤੇ ਸਵਾਲ ਚੁੱਕ ਰਿਹਾ ਹੈ।
ਉਨ੍ਹਾਂ ਕਿਹਾ ਕਿ “ਸਾਢੇ ਚਾਰ ਸਾਲ ਪੰਜਾਬ ਦੀ ਜਨਤਾ ਨੇ ਇਸ ਸਰਕਾਰ ਦੇ ਦਾਅਵੇ ਅਤੇ ਇਸ਼ਤਿਹਾਰ ਸੁਣੇ ਹਨ। ਹੁਣ ਜਵਾਬ ਦੇਣ ਦੀ ਵਾਰੀ ਸਰਕਾਰ ਦੀ ਹੈ। ਉਹਨਾਂ ਕਿਹਾ ਕਿ ਪੰਜਾਬ ਦੇ ਖ਼ਜ਼ਾਨੇ ਦੀ ਇੱਕ-ਇੱਕ ਪਾਈ, ਰੇਤ-ਬਜਰੀ ਦੀ ਇੱਕ-ਇੱਕ ਰਾਇਲਟੀ, ਹਰ ਵਾਅਦੇ ਅਤੇ ਹਰ ਯੋਜਨਾ ਦਾ ਹਿਸਾਬ ਪੰਜਾਬ ਦੀ ਜਨਤਾ ਲਵੇਗੀ। AAP ਸਰਕਾਰ ਜਿੰਨਾ ਮਰਜ਼ੀ ਪ੍ਰਚਾਰ ਕਰ ਲਵੇ, ਪੰਜਾਬ ਦੇ ਲੋਕ ਹੁਣ ਸਵਾਲ ਪੁੱਛਣ ਤੋਂ ਪਿੱਛੇ ਨਹੀਂ ਹਟਣਗੇ।
ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਭਾਜਪਾ ਪੰਜਾਬ ਦੇ ਲੋਕਾਂ ਦੇ ਮੁੱਦਿਆਂ ਨੂੰ ਮਜ਼ਬੂਤੀ ਨਾਲ ਉਠਾਉਂਦੀ ਰਹੇਗੀ ਅਤੇ AAP ਸਰਕਾਰ ਤੋਂ ਉਸ ਦੇ ਕਾਰਜਕਾਲ ਦਾ ਪੂਰਾ ਹਿਸਾਬ ਮੰਗਿਆ ਜਾਵੇਗਾ।

Related posts

ਵੈਨਕੂਵਰ ’ਚ ਭੂਚਾਲ ਦੇ ਝਟਕੇ

Current Updates

ਕਾਂਗਰਸ ਦੇ ਦਿੱਗਜ ਤੋਂ ਪੰਜਾਬ ਭਾਜਪਾ ਦੇ ‘ਕਪਤਾਨ’ ਤੱਕ: ਜਾਣੋ ਕੇਵਲ ਸਿੰਘ ਢਿੱਲੋਂ ਦੇ ਸਿਆਸੀ ਉਭਾਰ ਦੀ ਪੂਰੀ ਕਹਾਣੀ

Current Updates

ਉਪ ਰਾਸ਼ਟਰਪਤੀ ਧਨਖੜ ਦੀ ਸਿਹਤ ਵਿਗੜੀ; ਏਮਜ਼ ਵਿੱਚ ਦਾਖਲ

Current Updates

Leave a Comment