ਨਵੀਂ ਦਿੱਲੀ- ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਨੇ ਲੰਡਨ ਦੇ ਇਤਿਹਾਸਕ ਵੈਂਬਲੇ ਸਟੇਡੀਅਮ ਵਿੱਚ ਪ੍ਰੋਗਰਾਮ ਕਰਨ ਵਾਲੇ ਪਹਿਲੇ ਪੰਜਾਬੀ ਕਲਾਕਾਰ ਵਜੋਂ ਇਤਿਹਾਸ ਰਚ ਦਿੱਤਾ ਹੈ। ਇਸ ਤੋਂ ਕੁਝ ਘੰਟਿਆਂ ਬਾਅਦ ਹੀ ਉਨ੍ਹਾਂ ਨੇ ਆਪਣੇ ਭਾਰਤ ਦੌਰੇ ਦਾ ਐਲਾਨ ਕਰਦਿਆਂ 21 ਨਵੰਬਰ ਨੂੰ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿੱਚ ਸ਼ੋਅ ਕਰਨ ਦਾ ਐਲਾਨ ਕੀਤਾ ਹੈ। ਇਹ ਐਲਾਨ ਉਨ੍ਹਾਂ ਨੇ 12 ਸਤੰਬਰ ਨੂੰ ਵੈਂਬਲੇ ਵਿਖੇ ਆਪਣੇ ਹਾਊਸਫੁੱਲ ‘ਅਓਰਾ ਵਰਲਡ ਟੂਰ’ (AURA World Tour) ਦੀ ਪੇਸ਼ਕਾਰੀ ਦੌਰਾਨ ਕੀਤਾ। ਇਸ ਮੌਕੇ ਦਿਲਜੀਤ ਅਤੇ ਉਨ੍ਹਾਂ ਦੀ ਟੀਮ ਨੇ ਸੋਸ਼ਲ ਮੀਡੀਆ ’ਤੇ ਪ੍ਰੋਗਰਾਮ ਦੀਆਂ ਕੁਝ ਝਲਕੀਆਂ ਵੀ ਸਾਂਝੀਆਂ ਕੀਤੀਆਂ।
ਸੋਸ਼ਲ ਮੀਡੀਆ ’ਤੇ ਵਾਇਰਲ ਹੋਈਆਂ ਵੀਡੀਓਜ਼ ਮੁਤਾਬਕ ਦਿਲਜੀਤ ਨੇ ਭਾਰਤ ਵਿੱਚ ਆਪਣੇ ‘ਅਓਰਾ ਵਰਲਡ ਟੂਰ’ ਦੇ ਅਗਲੇ ਪੜਾਅ ਤਹਿਤ ਅਹਿਮਦਾਬਾਦ ਵਿੱਚ ਹੋਣ ਵਾਲੇ ਸਮਾਗਮ ਦਾ ਐਲਾਨ ਕੀਤਾ। ਪੰਜਾਬੀ ਵਿੱਚ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਦੁਨੀਆ ਦਾ ਸਭ ਤੋਂ ਵੱਡਾ ਸਟੇਡੀਅਮ ਭਾਰਤ ਵਿੱਚ ਹੈ, ਇਸ ਲਈ ਕੋਈ ਪੰਜਾਬੀ ਉੱਥੇ ਕਿਵੇਂ ਨਹੀਂ ਜਾ ਸਕਦਾ। ਉਨ੍ਹਾਂ ‘ਕੇਮ ਛੋ, ਮਜ਼ਾ ਮਾ’ ਕਹਿੰਦਿਆਂ 21 ਨਵੰਬਰ ਨੂੰ ਅਰਵਿੰਦ ਮੋਦੀ (ਨਰਿੰਦਰ ਮੋਦੀ) ਸਟੇਡੀਅਮ ਵਿੱਚ ਲਾਈਵ ਪ੍ਰੋਗਰਾਮ ਕਰਨ ਦਾ ਐਲਾਨ ਕੀਤਾ। ਇਸ ਐਲਾਨ ਨਾਲ ਭਾਰਤ ਵਿੱਚ ਉਨ੍ਹਾਂ ਦੇ ਪ੍ਰੋਗਰਾਮਾਂ ਦਾ ਦਾਇਰਾ ਹੋਰ ਵੱਡਾ ਹੋ ਗਿਆ ਹੈ। ਇਸ ਤੋਂ ਪਹਿਲਾਂ ਸਾਲ 2024 ਦੇ ਅੰਤ ਵਿੱਚ ਆਪਣੇ ‘ਦਿਲ-ਲੁਮਿਨਾਟੀ ਇੰਡੀਆ ਟੂਰ’ ਦੌਰਾਨ ਵੀ ਦਿਲਜੀਤ ਨੇ ਅਦਾਬਾਦ ਸਮੇਤ ਦੇਸ਼ ਭਰ ਵਿੱਚ ਹਾਊਸਫੁੱਲ ਪ੍ਰੋਗਰਾਮ ਕੀਤੇ ਸਨ।
