ਨਵੀਂ ਦਿੱਲੀ- ਹਰਿਆਣਾ ਦੇ ਸੋਨੀਪਤ ਵਿੱਚ ਇੱਕ ਔਨਲਾਈਨ ਸਪੋਰਟਸ ਅਕੈਡਮੀ ਚਲਾਉਣ ਵਾਲੇ ਇੱਕ ਪੈਰਾ-ਅਥਲੀਟ ਦੀ ਮੰਗਲਵਾਰ ਰਾਤ ਉੱਤਰ-ਪੂਰਬੀ ਦਿੱਲੀ ਦੇ ਮੌਜਪੁਰ ਮੈਟਰੋ ਸਟੇਸ਼ਨ ਨੇੜੇ ਆਪਣੀ ਕਾਰ ਕੋਲੋਂ ਸ਼ੱਕੀ ਹਾਲਾਤ ਵਿੱਚ ਲਾਸ਼ ਬਰਾਮਦ ਹੋਈ ਹੈ। ਉਸ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲੀਸ ਨੇ ਬੁੱਧਵਾਰ ਨੂੰ ਘਟਨਾ ਦੀ ਪੁਸ਼ਟੀ ਕਰਦਿਆਂ ਮਾਮਲੇ ਦੀ ਤਫ਼ਤੀਸ਼ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕ ਦੀ ਪਛਾਣ ਨੀਰਜ ਯਾਦਵ ਵਜੋਂ ਹੋਈ ਹੈ, ਜਿਸ ਨੂੰ ਅੱਧੀ ਰਾਤ ਦੇ ਕਰੀਬ ਜੀ.ਟੀ.ਬੀ. (ਗੁਰੂ ਤੇਗ਼ ਬਹਾਦਰ) ਹਸਪਤਾਲ ਦੇ ਐਮਰਜੈਂਸੀ ਵਿਭਾਗ ਲਿਆਂਦਾ ਗਿਆ ਸੀ। ਦਿੱਲੀ ਪੁਲੀਸ ਮੁਤਾਬਕ, ਜਾਫ਼ਰਾਬਾਦ ਥਾਣੇ ਨੂੰ ਰਾਤ ਕਰੀਬ 12:08 ਵਜੇ ਇਸ ਘਟਨਾ ਸਬੰਧੀ ਸੂਚਨਾ ਮਿਲੀ ਸੀ।
ਜਾਂਚ ਦੌਰਾਨ ਸਾਹਮਣੇ ਆਇਆ ਹੈ ਕਿ ਨੀਰਜ ਯਾਦਵ ਇੱਕ ਪੈਰਾ-ਅਥਲੀਟ ਸੀ ਅਤੇ ਉਹ ਸੋਨੀਪਤ ਵਿੱਚ ‘ਅੰਸ਼ਨੀਰ ਸਪੋਰਟਸ ਅਕੈਡਮੀ’ ਨਾਂ ਹੇਠ ਔਨਲਾਈਨ ਖੇਡ ਅਕੈਡਮੀ ਚਲਾਉਂਦਾ ਸੀ। ਉਹ ਵਿਆਹਿਆ ਹੋਇਆ ਸੀ ਅਤੇ ਆਪਣੇ ਪਿੱਛੇ ਪਤਨੀ ਤੇ ਤਿੰਨ ਸਾਲਾਂ ਦੀ ਧੀ ਛੱਡ ਗਿਆ ਹੈ। ਪੁਲੀਸ ਨੇ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ (ਬੀ.ਐੱਨ.ਐੱਸ.ਐੱਸ.) ਦੀ ਧਾਰਾ 194 ਤਹਿਤ ਕਾਰਵਾਈ ਅਮਲ ਵਿੱਚ ਲਿਆਂਦੀ ਹੈ ਅਤੇ ਮੌਤ ਦੇ ਅਸਲ ਕਾਰਨਾਂ ਦਾ ਪਤਾ ਲਗਾਉਣ ਲਈ ਜਾਂਚ ਜਾਰੀ ਹੈ|
