ਚਾਰ ਅਗਸਤ ਨੂੰ ਵਾਪਰੇ ਇਸ ਹਾਦਸੇ ਸਮੇਂ ਉਡਾਣ ਵਿੱਚ 137 ਯਾਤਰੀਆਂ ਅਤੇ 8 ਅਮਲੇ ਦੇ ਮੈਂਬਰਾਂ ਸਮੇਤ ਕੁੱਲ 145 ਲੋਕ ਸਵਾਰ ਸਨ। ਇਸ ਭਿਆਨਕ ਉਥਲ-ਪੁਥਲ ਕਾਰਨ 20 ਯਾਤਰੀਆਂ ਅਤੇ 4 ਕੈਬਿਨ ਕਰੂ ਮੈਂਬਰਾਂ ਸਮੇਤ ਕੁੱਲ 24 ਲੋਕ ਜ਼ਖ਼ਮੀ ਹੋ ਗਏ, ਜਿਨ੍ਹਾਂ ਵਿੱਚੋਂ 4 ਦੀ ਹਾਲਤ ਗੰਭੀਰ ਹੋਣ ਕਾਰਨ ਉਨ੍ਹਾਂ ਨੂੰ ਹਸਪਤਾਲ ਦਾਖਲ ਕਰਵਾਉਣਾ ਪਿਆ। ਹਾਦਸੇ ਦੀ ਤੀਬਰਤਾ ਇੰਨੀ ਜ਼ਿਆਦਾ ਸੀ ਕਿ ਇਸ ਨਾਲ ਜਹਾਜ਼ ਦੇ ਅੰਦਰ ਕੈਬਿਨ ਦੀ ਛੱਤ ਦੇ ਪੈਨਲ ਟੁੱਟ ਗਏ, ਓਵਰਹੈੱਡ ਬਿਨ ਉਖੜ ਗਏ ਅਤੇ ਬਾਥਰੂਮ ਦਾ ਕਮੋਡ ਤੱਕ ਆਪਣੇ ਸਥਾਨ ਤੋਂ ਹਿੱਲ ਗਿਆ।
ਪਾਇਲਟ ਦਾ ਡਰੱਗ ਟੈਸਟ ਅਤੇ ਰੱਖ-ਰਖਾਅ ‘ਤੇ ਸਵਾਲ- ਜਾਂਚ ਦੌਰਾਨ ਇੱਕ ਹੋਰ ਸੰਵੇਦਨਸ਼ੀਲ ਮਾਮਲਾ ਸਾਹਮਣੇ ਆਇਆ ਹੈ ਕਿ ਜਹਾਜ਼ ਦੇ 34 ਸਾਲਾ ਮੁੱਖ ਪਾਇਲਟ (ਪੀ.ਆਈ.ਸੀ.) ਨੇ ਸ਼ੁਰੂਆਤੀ ਅਤੇ ਬਾਅਦ ਵਾਲੇ ਖੂਨ ਦੇ ਟੈਸਟਾਂ ਦੌਰਾਨ ਕਿਸੇ ਮਾਨਸਿਕ-ਕਿਰਿਆਸ਼ੀਲ ਪਦਾਰਥ ਲਈ “ਨਾਨ-ਨੈਗੇਟਿਵ” (ਪਾਜ਼ੀਟਿਵ) ਨਤੀਜਾ ਦਿੱਤਾ, ਜਦੋਂ ਕਿ ਸਹਿ-ਪਾਇਲਟ ਦੀ ਰਿਪੋਰਟ ਨੈਗੇਟਿਵ ਰਹੀ। ਏ.ਏ.ਆਈ.ਬੀ. ਨੇ ਇਸ ਨੂੰ ਗੰਭੀਰ ਚਿੰਤਾ ਦਾ ਵਿਸ਼ਾ ਮੰਨਦਿਆਂ ਸ਼ਹਿਰੀ ਹਵਾਬਾਜ਼ੀ ਮਹਾਨਿਰਦੇਸ਼ਕ (ਡੀ.ਜੀ.ਸੀ.ਏ.) ਨੂੰ ਅਜਿਹੇ ਪਦਾਰਥਾਂ ਦੀ ਵਰਤੋਂ ਰੋਕਣ ਲਈ ਤਰਜੀਹੀ ਆਧਾਰ ‘ਤੇ ਠੋਸ ਕਦਮ ਚੁੱਕਣ ਦੀ ਸਿਫਾਰਸ਼ ਕੀਤੀ ਹੈ।
ਇਸ ਦੇ ਨਾਲ ਹੀ ਜਹਾਜ਼ ਦੇ ਰੱਖ-ਰਖਾਅ ਦੀ ਵੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਸਾਹਮਣੇ ਆਇਆ ਹੈ ਕਿ ਹਾਦਸੇ ਵਾਲਾ ਜਹਾਜ਼ (VT-EXO) ਘਟਨਾ ਤੋਂ 7 ਦਿਨ ਪਹਿਲਾਂ ਯਾਨੀ 28 ਜੁਲਾਈ ਤੋਂ ਹੀ ਪਾਵਰ ਟਰਾਂਸਫਰ ਯੂਨਿਟ (PTU) ਵਿੱਚ ਨੁਕਸ ਦੇ ਬਾਵਜੂਦ ਉਡਾਣ ਭਰ ਰਿਹਾ ਸੀ। ਹਾਲਾਂਕਿ ਜਾਂਚ ਏਜੰਸੀ ਨੇ ਫਿਲਹਾਲ ਇਸ ਨੁਕਸ ਨੂੰ ਸਿੱਧੇ ਤੌਰ ‘ਤੇ ਹਾਦਸੇ ਦਾ ਕਾਰਨ ਨਹੀਂ ਮੰਨਿਆ ਹੈ, ਪਰ ਅੱਗੇ ਦੀ ਤਕਨੀਕੀ ਜਾਂਚ ਲਈ ਸੰਬੰਧਿਤ ਹਾਈਡ੍ਰੌਲਿਕ ਪੁਰਜ਼ੇ ਕਬਜ਼ੇ ਵਿੱਚ ਲੈ ਲਏ ਗਏ ਹਨ। ਫਰਾਂਸ ਤੋਂ ਆਏ ਏਅਰਬੱਸ ਦੇ ਤਕਨੀਕੀ ਮਾਹਰਾਂ ਨੇ ਵੀ ਦਿੱਲੀ ਵਿੱਚ ਜਹਾਜ਼ ਦਾ ਮੁਆਇਨਾ ਕੀਤਾ ਹੈ।
ਸਕਿੰਟ-ਦਰ-ਸਕਿੰਟ ਘਟਨਾਕ੍ਰਮ- ਰਿਪੋਰਟ ਮੁਤਾਬਕ 4 ਅਗਸਤ ਨੂੰ ਸਵੇਰੇ 04:02:43 ਵਜੇ (UTC) ਫਲਾਈਟ-ਕੰਟਰੋਲ ਸਿਸਟਮ ਨੇ ਸਭ ਤੋਂ ਪਹਿਲਾਂ ਗ੍ਰੀਨ ਹਾਈਡ੍ਰੌਲਿਕ ਸਿਸਟਮ ਵਿੱਚ ਦਬਾਅ ਘਟਣ ਦਾ ਪਤਾ ਲਗਾਇਆ। ਇਸ ਤੋਂ ਸਿਰਫ਼ 4 ਸਕਿੰਟ ਬਾਅਦ ਬਲੂ ਅਤੇ ਯੈਲੋ ਸਿਸਟਮ ਵੀ ਫੇਲ੍ਹ ਹੋ ਗਏ। 04:02:48 ‘ਤੇ ਆਟੋਪਾਇਲਟ ਬੰਦ ਹੋ ਗਿਆ ਅਤੇ ਲਗਾਤਾਰ ਚੇਤਾਵਨੀ ਘੰਟੀ ਵੱਜਣ ਲੱਗੀ। ਜਹਾਜ਼ ਪਹਿਲਾਂ ਨਿਰਧਾਰਤ ਉਚਾਈ ਤੋਂ 372 ਫੁੱਟ ਉੱਪਰ ਗਿਆ ਅਤੇ ਫਿਰ 292 ਫੁੱਟ ਹੇਠਾਂ ਡਿੱਗਿਆ। ਕੁਝ ਸਮੇਂ ਬਾਅਦ ਹਾਈਡ੍ਰੌਲਿਕ ਸਿਸਟਮ ਆਪਣੇ ਆਪ ਠੀਕ ਹੋ ਗਏ, ਜਿਸ ਤੋਂ ਬਾਅਦ ਪਾਇਲਟਾਂ ਨੇ ਨਜ਼ਦੀਕੀ ਹਵਾਈ ਅੱਡੇ ‘ਤੇ ਉਤਰਨ ਦੀ ਬਜਾਏ ਦਿੱਲੀ ਵੱਲ ਸਫ਼ਰ ਜਾਰੀ ਰੱਖਣ ਦਾ ਫੈਸਲਾ ਕੀਤਾ ਅਤੇ ਜਹਾਜ਼ ਨੂੰ ਸੁਰੱਖਿਅਤ ਉਤਾਰ ਲਿਆ। ਖ਼ਰਾਬ ਮੌਸਮ ਜਾਂ ਟਰਬੁਲੈਂਸ ਦੀ ਬਜਾਏ ਇਸਨੂੰ ਪੂਰੀ ਤਰ੍ਹਾਂ ਇੱਕ ਤਕਨੀਕੀ ਹਾਦਸਾ ਮੰਨਿਆ ਜਾ ਰਿਹਾ ਹੈ, ਕਿਉਂਕਿ ਉਸ ਸਮੇਂ ਪਾਇਲਟਾਂ ਜਾਂ ਏ.ਟੀ.ਸੀ. ਵੱਲੋਂ ਕਿਸੇ ਵੀ ਖ਼ਰਾਬ ਮੌਸਮ ਦੀ ਪੁਸ਼ਟੀ ਨਹੀਂ ਕੀਤੀ ਗਈ ਸੀ। ਏ.ਏ.ਆਈ.ਬੀ. ਨੇ ਸਪੱਸ਼ਟ ਕੀਤਾ ਹੈ कि ਇਹ ਸਭ ਮੁਢਲੇ ਨਤੀਜੇ ਹਨ ਅਤੇ ਹਾਦਸੇ ਦੇ ਅਸਲ ਕਾਰਨਾਂ ਦੀ ਜਾਂਚ ਅਜੇ ਜਾਰੀ ਹੈ।
