September 13, 2026
ਖਾਸ ਖ਼ਬਰਚੰਡੀਗੜ੍ਹਰਾਸ਼ਟਰੀ

ਰਿਸ਼ਵਤ ਕਾਂਡ: ਤਿੱਕੜੀ ਨੇ ਉਧੇੜੇ ਅੰਦਰਲੇ ਭੇਤ! ਤਿੰਨੋਂ ਮੁਲਜ਼ਮ 14 ਦਿਨਾਂ ਦੀ ਨਿਆਇਕ ਹਿਰਾਸਤ ’ਚ ਭੇਜੇ

ਰਿਸ਼ਵਤ ਕਾਂਡ: ਤਿੱਕੜੀ ਨੇ ਉਧੇੜੇ ਅੰਦਰਲੇ ਭੇਤ! ਤਿੰਨੋਂ ਮੁਲਜ਼ਮ 14 ਦਿਨਾਂ ਦੀ ਨਿਆਇਕ ਹਿਰਾਸਤ ’ਚ ਭੇਜੇ

ਚੰਡੀਗੜ੍ਹ- ਵਧੀਕ ਸੈਸ਼ਨ ਜੱਜ (ਡਿਊਟੀ) ਚੰਡੀਗੜ੍ਹ ਨੇ ਅੱਜ 13 ਲੱਖ ਰੁਪਏ ਦੇ ਰਿਸ਼ਵਤ ਕਾਂਡ ’ਚ ਪੁਲੀਸ ਰਿਮਾਂਡ ’ਤੇ ਚੱਲ ਰਹੀ ਮੁਲਜ਼ਮਾਂ ਦੀ ਤਿੱਕੜੀ ਨੂੰ 14 ਦਿਨ ਦੀ ਨਿਆਇਕ ਹਿਰਾਸਤ ’ਚ ਭੇਜ ਦਿੱਤਾ ਹੈ। ਸੀ ਬੀ ਆਈ ਨੇ ਰਿਸ਼ਵਤ ਕੇਸ ’ਚ ਫੜੇ ਮੁਲਜ਼ਮ ਰਾਘਵ ਗੋਇਲ, ਅੰਕਿਤ ਵਧਵਾ ਅਤੇ ਵਿਜੀਲੈਂਸ ਮੁਖੀ ਦੇ ਰੀਡਰ ਓ ਪੀ ਰਾਣਾ ਨੂੰ ਅੱਜ ਪੁਲੀਸ ਰਿਮਾਂਡ ਖ਼ਤਮ ਹੋਣ ਮਗਰੋਂ ਅਦਾਲਤ ’ਚ ਪੇਸ਼ ਕੀਤਾ। ਸੀ ਬੀ ਆਈ ਨੇ ਦੋ ਅਰਜ਼ੀਆਂ ਦਾਇਰ ਕਰਕੇ ਮੁਲਜ਼ਮਾਂ ਨੂੰ 14 ਦਿਨਾਂ ਦੀ ਨਿਆਇਕ ਹਿਰਾਸਤ ’ਚ ਭੇਜਣ ਦੀ ਮੰਗ ਕੀਤੀ ਸੀ।

ਆਹਮੋ-ਸਾਹਮਣੇ ਬਿਠਾ ਕੇ ਉਧੇੜੇ ਭੇਤ- ਅਦਾਲਤ ਨੇ ਇਹ ਮੰਗ ਸਵੀਕਾਰ ਕਰਦਿਆਂ ਅਗਲੀ ਪੇਸ਼ੀ 26 ਜੂਨ ਪਾ ਦਿੱਤੀ ਹੈ ਅਤੇ ਵੀਡੀਓ ਕਾਨਫਰੰਸਿੰਗ ਜ਼ਰੀਏ ਅਦਾਲਤ ’ਚ ਪੇਸ਼ ਕਰਨ ਦੇ ਨਿਰਦੇਸ਼ ਜਾਰੀ ਕੀਤੇ ਹਨ। ਸੀ ਬੀ ਆਈ ਨੇ 8 ਜੂਨ ਨੂੰ ਨਿਆਇਕ ਹਿਰਾਸਤ ਚੋਂ ਪ੍ਰੋਡਕਸ਼ਨ ਵਾਰੰਟ ’ਤੇ ਰਾਘਵ ਗੋਇਲ ਅਤੇ ਅੰਕਿਤ ਵਧਵਾ ਨੂੰ ਲਿਆਂਦਾ ਸੀ ਤਾਂ ਜੋ ਵਿਜੀਲੈਂਸ ਮੁਖੀ ਦੇ ਰੀਡਰ ਰਾਣਾ ਨਾਲ ਆਹਮੋ ਸਾਹਮਣੇ ਬਿਠਾ ਕੇ ਪੁੱਛਗਿੱਛ ਹੋ ਸਕੇ। ਅਹਿਮ ਸੂਤਰਾਂ ਅਨੁਸਾਰ ਤਿੱਕੜੀ ਤੋਂ ਆਹਮੋ ਸਾਹਮਣੀ ਪੁੱਛਗਿੱਛ ’ਚ ਸੀ ਬੀ ਆਈ ਦੇ ਹੱਥ ਅੰਦਰਲੇ ਭੇਤ ਲੱਗੇ ਹਨ ਜਿਹੜੇ ਵਿਜੀਲੈਂਸ ਵੱਲ ਕਦਮ ਵਧਾਏ ਜਾਣ ਲਈ ਕਾਫ਼ੀ ਦੱਸੇ ਜਾ ਰਹੇ ਹਨ।

ਚੇਤੇ ਰਹੇ ਕਿ ਸੀ.ਬੀ.ਆਈ. ਨੇ ਇਸ ਵੱਡੇ ਰਿਸ਼ਵਤ ਕਾਂਡ ਦਾ ਪਰਦਾਫਾਸ਼ ਕਰਦਿਆਂ 11 ਮਈ\B ਨੂੰ ਮਲੋਟ ਦੇ ਪਿਉ-ਪੁੱਤ ਵਿਕਾਸ ਗੋਇਲ ਤੇ ਰਾਘਵ ਗੋਇਲ ਦੇ ਡਰਾਈਵਰ ਅੰਕਿਤ ਵਧਵਾ ਨੂੰ ਚੰਡੀਗੜ੍ਹ ਦੇ ਇੱਕ ਨਾਮੀ ਹੋਟਲ ਵਿੱਚੋਂ 13 ਲੱਖ ਰੁਪਏ ਦੀ ਨਗਦੀ ਅਤੇ ਮੋਬਾਈਲ ਫ਼ੋਨਾਂ ਸਮੇਤ ਰੰਗੇ ਹੱਥੀਂ ਦਬੋਚਿਆ ਸੀ। ਇਸ ਟਰੈਪ ਕੇਸ ਦੀ ਕੜੀ ਜੋੜਦਿਆਂ ਵਿਕਾਸ ਗੋਇਲ ਅਤੇ ਰਾਘਵ ਗੋਇਲ ਨੂੰ ਅੰਬਾਲਾ ਦੇ ਨੇੜਿਓਂ ਗ੍ਰਿਫ਼ਤਾਰ ਕੀਤਾ ਗਿਆ ਸੀ। ਦੂਜੇ ਪਾਸੇ, ਵਿਜੀਲੈਂਸ ਮੁਖੀ ਦੇ ਰੀਡਰ ਓ. ਪੀ. ਰਾਣਾ ਨੇ ਭਗੌੜਾ ਕਰਾਰ ਦਿੱਤੇ ਜਾਣ ਦੇ ਖ਼ੌਫ਼ ਅਤੇ ਕਾਨੂੰਨੀ ਸ਼ਿਕੰਜਾ ਕੱਸਦਾ ਦੇਖ ਕੇ ਬਾਅਦ ਵਿੱਚ ਖੁਦ ਸੀ.ਬੀ.ਆਈ. ਦੀ ਵਿਸ਼ੇਸ਼ ਅਦਾਲਤ ਵਿੱਚ ਆਤਮ-ਸਮਰਪਣ ਕਰ ਦਿੱਤਾ ਸੀ।

ਲੰਘੇ ਪੰਜ ਦਿਨ ਪੁਲੀਸ ਰਿਮਾਂਡ ਦੌਰਾਨ ਇਸ ਤਿੱਕੜੀ ਵੱਲੋਂ ਅਹਿਮ ਭੇਤ ਉਧੇੜੇ ਵੀ ਹਨ ਅਤੇ ਕਬੂਲ ਵੀ ਕੀਤੇ ਹਨ। ਰਾਘਵ ਗੋਇਲ ਅਤੇ ਓ ਪੀ ਰਾਣਾ ਦਰਮਿਆਨ ਹੋਈ ਚੈਟ ਨੂੰ ਦਿਖਾ ਕੇ ਗੱਲ ਅੱਗੇ ਵਧਾਈ ਗਈ ਹੈ। ਸੀ ਬੀ ਆਈ ਨੇ ਤਫ਼ਤੀਸ਼ ਦੌਰਾਨ ਕਾਫ਼ੀ ਤੱਥ ਇਕੱਤਰ ਕੀਤੇ ਹਨ ਜਿਸ ਕਰਕੇ ਵਿਜੀਲੈਂਸ ਦੇ ਕਈ ਅਫ਼ਸਰਾਂ ਦੇ ਸਾਹ ਸੂਤੇ ਪਏ ਹਨ। ਸੂਤਰ ਦੱਸਦੇ ਹਨ ਕਿ ਇਸ ਪੁੱਛਗਿੱਛ ਨੂੰ ਆਧਾਰ ਬਣਾ ਕੇ ਹੁਣ ਵਿਜੀਲੈਂਸ ਬਿਊਰੋ ਦੇ ਮੁੱਖ ਦਫ਼ਤਰ ਵੱਲ ਮੂੰਹ ਕਰ ਸਕਦੀ ਹੈ। ਇਸੇ ਖ਼ੌਫ਼ ਵਜੋਂ ਵਿਜੀਲੈਂਸ ਅਫ਼ਸਰਾਂ ਨੇ ਵੀ ਸੀ ਬੀ ਆਈ ਦੀ ਜਾਂਚ ’ਤੇ ਟਿਕਟਿਕੀ ਲਾਈ ਹੋਈ ਹੈ।

Related posts

ਸਰਕਾਰ ਵੱਲੋਂ ਹੜ੍ਹਾਂ ਤੋਂ ਬਚਾਅ ਲਈ ਪਹਿਲਕਦਮੀ

Current Updates

ਕੇਂਦਰ ਵੱਲੋਂ ਰਾਜਪੁਰਾ-ਮੁਹਾਲੀ ਰੇਲ ਲਾਈਨ ਨੂੰ ਹਰੀ ਝੰਡੀ

Current Updates

ਵਿੱਤ ਮੰਤਰੀ ਚੀਮਾ ਦਾ ਕੇਂਦਰ ’ਤੇ ਇਲਜ਼ਾਮ ; ਪੰਜਾਬ ਨਾਲ ਅਜਿਹੇ ਹਲਾਤਾਂ ’ਚ ਵੀ ਹੋ ਰਿਹਾ ਵਿਤਕਰਾ

Current Updates

Leave a Comment