ਸਮਾਣਾ- ਸਮਾਣਾ- ਚੀਕਾ ਰੋਡ ’ਤੇ ਪੰਜਾਬ ਅਤੇ ਹਰਿਆਣਾ ਦੀ ਸਰਹੱਦ ਦਾ ਫ਼ਾਇਦਾ ਚੁੱਕ ਹਰਿਆਣਾ ਖੇਤਰ ਵਿੱਚ ਖੋਲ੍ਹੇ ਗਏ ਕਰੀਬ ਇੱਕ ਦਰਜਨ ਛੋਟੇ ਹੋਟਲ ਇਨ੍ਹੀਂ ਦਿਨੀਂ ਕਥਿਤ ਤੌਰ ’ਤੇ ਦੇਹ ਵਪਾਰ ਤੇ ਹੋਰ ਗ਼ੈਰ-ਕਾਨੂੰਨੀ ਸਰਗਰਮੀਆਂ ਨੂੰ ਲੈ ਕੇ ਚਰਚਾ ਦਾ ਵਿਸ਼ਾ ਬਣੇ ਹੋਏ ਹਨ। ਚਿੰਤਾਜਨਕ ਗੱਲ ਇਹ ਹੈ ਕਿ ਇਨ੍ਹਾਂ ਥਾਵਾਂ ’ਤੇ ਆਲੇ-ਦੁਆਲੇ ਦੇ ਇਲਾਕਿਆਂ ਤੋਂ ਰੋਜ਼ਗਾਰ ਦੀ ਭਾਲ ਵਿੱਚ ਆਈਆਂ ਮਹਿਲਾਵਾਂ ਅਤੇ ਛੋਟੀ ਉਮਰ ਦੀਆਂ ਲੜਕੀਆਂ ਨੂੰ ਵੱਡੇ-ਵੱਡੇ ਸਬਜ਼ਬਾਗ਼ ਦਿਖਾ ਕੇ ਇਸ ਧੰਦੇ ਵਿੱਚ ਲਗਾਇਆ ਜਾਂਦਾ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਇਨ੍ਹਾਂ ਹੋਟਲਾਂ ਤੋਂ ਮਹਿਜ਼ 100 ਮੀਟਰ ਦੀ ਦੂਰੀ ’ਤੇ ਹਰਿਆਣਾ ਪੁਲੀਸ ਦੀ ਚੌਕੀ ਸਥਿਤ ਹੈ, ਪ੍ਰੰਤੂ ਇਸ ਦੇ ਬਾਵਜੂਦ ਇਨ੍ਹਾਂ ਹੋਟਲਾਂ ਵਿੱਚ ਕਥਿਤ ਦੇਹ ਵਪਾਰ ਤੇ ਹੋਰ ਗ਼ੈਰ-ਕਾਨੂੰਨੀ ਸਰਗਰਮੀਆਂ ਦਾ ਚੱਲਣਾ ਪੁਲੀਸ ਕਾਰਗੁਜ਼ਾਰੀ ’ਤੇ ਗੰਭੀਰ ਸਵਾਲ ਖੜ੍ਹੇ ਕਰਦਾ ਹੈ।
ਕਿਸੇ ਤਰ੍ਹਾਂ ਦੀ ਪੁਲੀਸ ਕਾਰਵਾਈ ਤੋਂ ਬੇਖ਼ੌਫ਼ ਕੁਝ ਹੋਟਲ ਸੰਚਾਲਕਾਂ ਵੱਲੋਂ ਬਕਾਇਦਾ ਬੋਰਡ ਲਗਾ ਕੇ 600 ਰੁਪਏ ਪ੍ਰਤੀ ਘੰਟਾ ਦੇ ਹਿਸਾਬ ਨਾਲ ਕਮਰੇ ਕਿਰਾਏ ’ਤੇ ਦੇਣ ਦੀ ਪੇਸ਼ਕਸ਼ ਕੀਤੀ ਜਾ ਰਹੀ ਹੈ। ਜੇਕਰ ਇਸੇ ਦਰ ਨਾਲ 24 ਘੰਟਿਆਂ ਦਾ ਹਿਸਾਬ ਲਗਾਇਆ ਜਾਵੇ ਤਾਂ ਇੱਕ ਦਿਨ ਦਾ ਇੱਕ ਕਮਰੇ ਦਾ ਕਿਰਾਇਆ 14,400 ਰੁਪਏ ਬਣਦਾ ਹੈ। ਦੂਜੇ ਪਾਸੇ ਸਮਾਣਾ ਸ਼ਹਿਰ ਦੇ ਕਈ ਚੰਗੇ ਤੇ ਵੱਡੇ ਹੋਟਲਾਂ ਵਿੱਚ ਇੱਕ ਦਿਨ ਲਈ ਕਮਰਾ ਲਗਭਗ 1,000 ਰੁਪਏ ਵਿੱਚ ਮਿਲ ਜਾਂਦਾ ਹੈ। ਅਜਿਹੇ ਵਿੱਚ ਛੋਟੇ ਹੋਟਲਾਂ ਵੱਲੋਂ ਪ੍ਰਤੀ ਘੰਟਾ ਇੰਨਾ ਵੱਧ ਕਿਰਾਇਆ ਵਸੂਲਣਾ ਆਪਣੇ ਆਪ ਵਿੱਚ ਉੱਥੇ ਹੁੰਦੇ ਗ਼ੈਰ-ਕਾਨੂੰਨੀ ਕੰਮਾਂ ਨੂੰ ਬਿਆਨ ਕਰਦਾ ਹੈ।
ਇੱਕ ਹੋਟਲ ਕਰਮਚਾਰੀ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ ’ਤੇ ਦੱਸਿਆ ਕਿ ਇਨ੍ਹਾਂ ਹੋਟਲਾਂ ਦੇ ਕੁਝ ਸੰਚਾਲਕਾਂ ਵੱਲੋਂ ਪੁਲੀਸ ਨੂੰ ਕਥਿਤ ਤੌਰ ’ਤੇ ਹਰ ਮਹੀਨੇ ਵੱਡੀ ਰਕਮ ਦਿੱਤੀ ਜਾਂਦੀ ਹੈ, ਜਿਸ ਕਾਰਨ ਉੱਥੇ ਚੱਲ ਰਹੇ ਇਸ ਧੰਦੇ ਖ਼ਿਲਾਫ਼ ਕੋਈ ਕਾਰਵਾਈ ਨਹੀਂ ਹੁੰਦੀ। ਉਸ ਨੇ ਇਹ ਵੀ ਦੱਸਿਆ ਕਿ ਜਦੋਂ ਕਦੇ ਛਾਪੇਮਾਰੀ ਦੀ ਸੰਭਾਵਨਾ ਬਣਦੀ ਹੈ ਤਾਂ ਹੋਟਲ ਸੰਚਾਲਕਾਂ ਨੂੰ ਪਹਿਲਾਂ ਹੀ ਸੂਚਨਾ ਮਿਲ ਜਾਂਦੀ ਹੈ। ਇਸ ਤੋਂ ਇਲਾਵਾ ਹੋਟਲਾਂ ਦੇ ਪਿਛਲੇ ਪਾਸੇ ਨਿਕਲਣ ਲਈ ਰਸਤੇ ਅਤੇ ਬੈਕ ਪਾਰਕਿੰਗ ਦੀ ਵਿਵਸਥਾ ਦੂਰੋਂ-ਨੇੜਿਓਂ ਅੱਯਾਸ਼ੀ ਕਰਨ ਆਉਣ ਵਾਲੇ ਲੋਕਾਂ ਲਈ ਖਿੱਚ ਦਾ ਕੇਂਦਰ ਹੈ।
ਸੰਤੋਖ ਸਿੰਘ ਅਤੇ ਹਰਜੀਤ ਸਿੰਘ ਨੇ ਦੱਸਿਆ ਕਿ ਇੱਥੇ ਹੁੰਦੇ ਦੇਹ ਵਪਾਰ ਤੇ ਦੂਜੇ ਗ਼ਲਤ ਕੰਮਾਂ ਦੀ ਸ਼ਿਕਾਇਤ ਉਨ੍ਹਾਂ ਪੁਲੀਸ ਤੇ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਨੂੰ ਕਈ ਵਾਰ ਕੀਤੀ, ਪ੍ਰੰਤੂ ਕੋਈ ਕਾਰਵਾਈ ਨਾ ਹੋਣ ਕਾਰਨ ਉਨ੍ਹਾਂ ਨੂੰ ਆਪਣੇ ਪਰਿਵਾਰ ਲੈ ਕੇ ਇੱਥੋਂ ਸਮਾਣਾ ਸ਼ਹਿਰ ਵਿੱਚ ਸ਼ਿਫ਼ਟ ਹੋਣਾ ਪਿਆ।
ਇਸ ਸਬੰਧੀ ਜਦੋਂ ਕੈਥਲ ਦੇ ਐੱਸਪੀ ਮਨਪ੍ਰੀਤ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਜੇਕਰ ਉੱਥੇ ਅਜਿਹੀਆਂ ਗਤੀਵਿਧੀਆਂ ਚੱਲ ਰਹੀਆਂ ਹਨ ਤਾਂ ਪੁਲੀਸ ਵੱਲੋਂ ਤੁਰੰਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਪੁਲੀਸ ਦੀ ਕਥਿਤ ਮਿਲੀਭੁਗਤ ਦੇ ਦੋਸ਼ਾਂ ਨੂੰ ਵੀ ਗੰਭੀਰਤਾ ਨਾਲ ਵਿਚਾਰਨ ਦਾ ਭਰੋਸਾ ਦਿੱਤਾ ਅਤੇ ਕਿਹਾ ਕਿ ਉਹ ਖ਼ੁਦ ਅਚਨਚੇਤ ਛਾਪੇਮਾਰੀ ਕਰਨਗੇ। ਹੁਣ ਦੇਖਣਾ ਇਹ ਹੋਵੇਗਾ ਕਿ ਪੁਲੀਸ ਪ੍ਰਸ਼ਾਸਨ ਆਪਣੇ ਭਰੋਸੇ ਨੂੰ ਅਮਲੀ ਰੂਪ ਕਦੋਂ ਦਿੰਦਾ ਹੈ ਤੇ ਇਨ੍ਹਾਂ ਹੋਟਲਾਂ ਵਿੱਚ ਚੱਲਦੇ ਇਸ ਗੋਰਖ-ਧੰਦੇ ਨੂੰ ਨੱਥ ਪੈਂਦੀ ਹੈ।
