November 4, 2026
ਖਾਸ ਖ਼ਬਰਰਾਸ਼ਟਰੀ

Sandeep Pathak ਖਿਲਾਫ FIR; ਕੇਜਰੀਵਾਲ ‘ਬਦਲਾਖੋਰੀ ਦੀ ਰਾਜਨੀਤੀ’ ਕਰ ਰਹੇ: ਭਾਜਪਾ

Sandeep Pathak ਖਿਲਾਫ FIR; ਕੇਜਰੀਵਾਲ 'ਬਦਲਾਖੋਰੀ ਦੀ ਰਾਜਨੀਤੀ' ਕਰ ਰਹੇ: ਭਾਜਪਾ

ਨਵੀਂ ਦਿੱਲੀ- ਭਾਜਪਾ ਨੇ ਸ਼ਨਿਚਰਵਾਰ ਨੂੰ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ‘ਤੇ ਬਦਲਾਖੋਰੀ ਦੀ ਰਾਜਨੀਤੀ ਕਰਨ ਦਾ ਦੋਸ਼ ਲਗਾਇਆ ਹੈ। ਇਹ ਇਲਜ਼ਾਮ ਪੰਜਾਬ ਪੁਲੀਸ ਵੱਲੋਂ ਰਾਜ ਸਭਾ ਮੈਂਬਰ ਸੰਦੀਪ ਪਾਠਕ ਵਿਰੁੱਧ ਮਾਮਲਾ ਦਰਜ ਕੀਤੇ ਜਾਣ ਤੋਂ ਬਾਅਦ ਲਗਾਇਆ ਗਿਆ ਹੈ, ਜੋ ਹਾਲ ਹੀ ਵਿੱਚ ਭਾਜਪਾ ਵਿੱਚ ਸ਼ਾਮਲ ਹੋਏ ਹਨ। ਇੱਕ ਐਕਸ (X) ਪੋਸਟ ਵਿੱਚ ਭਾਜਪਾ ਦੇ ਕੌਮੀ ਬੁਲਾਰੇ ਸ਼ਹਿਜ਼ਾਦ ਪੂਨਾਵਾਲਾ ਨੇ ਦਾਅਵਾ ਕੀਤਾ ਕਿ ਕੇਜਰੀਵਾਲ ਸਿਆਸੀ ਹਿਸਾਬ-ਕਿਤਾਬ ਬਰਾਬਰ ਕਰਨ ਲਈ ਪੰਜਾਬ ਪੁਲੀਸ ਦੀ ਦੁਰਵਰਤੋਂ ਕਰ ਰਹੇ ਹਨ ਅਤੇ ਮੁੱਖ ਮੰਤਰੀ ਭਗਵੰਤ ਮਾਨ ਇਸ ਵਿੱਚ ਭਾਈਵਾਲ ਬਣ ਗਏ ਹਨ। ਪੂਨਾਵਾਲਾ ਨੇ ਕਿਹਾ, “ਸੰਦੀਪ ਪਾਠਕ, ਜੋ ਹਾਲ ਹੀ ਤੱਕ ਆਮ ਆਦਮੀ ਪਾਰਟੀ (ਆਪ) ਵਿੱਚ ਰਾਜ ਸਭਾ ਮੈਂਬਰ ਅਤੇ ਜਨਰਲ ਸਕੱਤਰ (ਸੰਗਠਨ) ਵਜੋਂ ਸਨ, ਵਿਰੁੱਧ ਦੋ ਐੱਫਆਈਆਰ ਦਰਜ ਕੀਤੀਆਂ ਗਈਆਂ ਹਨ। ਹੈਰਾਨੀ ਵਾਲੀ ਗੱਲ ਅਰਵਿੰਦ ਕੇਜਰੀਵਾਲ ਵੱਲੋਂ ਕੀਤੀ ਜਾ ਰਹੀ ਬੇਸ਼ਰਮ ਅਤੇ ਘਿਨੌਣੀ ਬਦਲਾਖੋਰੀ ਦੀ ਰਾਜਨੀਤੀ ਹੈ, ਜਿਸ ਵਿੱਚ ਭਗਵੰਤ ਮਾਨ ਵੀ ਸ਼ਾਮਲ ਹਨ।”

ਉਨ੍ਹਾਂ ਦੋਸ਼ ਲਾਇਆ, “ਇਹ ਸਪੱਸ਼ਟ ਹੈ ਕਿ ਇਹ ਕੇਜਰੀਵਾਲ ਵੱਲੋਂ ਬਦਲਾਖੋਰੀ ਦੀ ਰਾਜਨੀਤੀ ਤਹਿਤ ਕੀਤਾ ਗਿਆ ਹੈ, ਜੋ ਕਿ ਬਹੁਤ ਹੀ ਬਦਲਾਖੋਰ ਅਤੇ ਕੱਟੜ ਹਨ ਅਤੇ ਅਜਿਹੀ ਸਿਆਸੀ ਬਦਲਾਖੋਰੀ ਲਈ ਪੰਜਾਬ ਪੁਲੀਸ ਦੀ ਦੁਰਵਰਤੋਂ ਕਰਦੇ ਹਨ।” ਐੱਫਆਈਆਰ ਦੇ ਸਮੇਂ ‘ਤੇ ਸਵਾਲ ਉਠਾਉਂਦੇ ਹੋਏ ਪੂਨਾਵਾਲਾ ਨੇ ਕਿਹਾ, “ਜੇ ਇਹ ਕੇਸ ਸ਼ੁਰੂ ਤੋਂ ਸਨ, ਤਾਂ ਪਹਿਲਾਂ ਐੱਫਆਈਆਰ ਕਿਉਂ ਨਹੀਂ ਦਰਜ ਕੀਤੀ ਗਈ? ਜੇ ਉਹ ਭ੍ਰਿਸ਼ਟ ਸਨ, ਤਾਂ ਉਨ੍ਹਾਂ ਨੂੰ ਇੰਨੇ ਲੰਬੇ ਸਮੇਂ ਤੱਕ ਪਾਰਟੀ ਵਿੱਚ ਕਿਉਂ ਰੱਖਿਆ ਗਿਆ, ਖਾਸ ਕਰਕੇ ਜਦੋਂ ਉਹ ਜਨਰਲ ਸਕੱਤਰ (ਸੰਗਠਨ) ਸਨ? ਕੀ ਪਿਛਲੇ ਕੁਝ ਦਿਨਾਂ ਵਿੱਚ ਕੋਈ ਨਵੀਂ ਸਮੱਗਰੀ ਸਾਹਮਣੇ ਆਈ ਹੈ, ਜਾਂ ਕਥਿਤ ਭ੍ਰਿਸ਼ਟਾਚਾਰ ਹੁਣੇ ਹੀ ਹੋਇਆ ਹੈ?”  ਉਨ੍ਹਾਂ ਦੋਸ਼ ਲਾਇਆ ਕਿ ਕੇਜਰੀਵਾਲ ਦੀ ਸਿਆਸੀ ਵਿਰੋਧੀਆਂ ਅਤੇ ਅਸਹਿਮਤੀ ਰੱਖਣ ਵਾਲਿਆਂ ਨੂੰ ਨਿਸ਼ਾਨਾ ਬਣਾਉਣ ਦੀ “ਪੁਰਾਣੀ ਆਦਤ” ਹੈ।ਪੂਨਾਵਾਲਾ ਨੇ ਰਾਜ ਸਭਾ ਮੈਂਬਰ ਹਰਭਜਨ ਸਿੰਘ ਦੀ ਸੁਰੱਖਿਆ ਵਾਪਸ ਲੈਣ ਦਾ ਹਵਾਲਾ ਦਿੰਦੇ ਹੋਏ ਕਿਹਾ, “ਅਸੀਂ ਦੇਖਿਆ ਹੈ ਕਿ ਉਨ੍ਹਾਂ ਨੇ ਕਾਂਗਰਸੀ ਆਗੂਆਂ ਸਮੇਤ ਵਿਰੋਧੀਆਂ ਖ਼ਿਲਾਫ਼ ਪੁਲੀਸ ਦੀ ਵਰਤੋਂ ਕਿਵੇਂ ਕੀਤੀ ਹੈ। ਇਹ ਉਨ੍ਹਾਂ ਦੀ ਪੁਰਾਣੀ ਆਦਤ ਹੈ।”

ਪੂਨਾਵਾਲਾ ਨੇ ਦਾਅਵਾ ਕੀਤਾ ਕਿ ਯੋਗਿੰਦਰ ਯਾਦਵ, ਮਯੰਕ ਗਾਂਧੀ, ਅਸ਼ੀਸ਼ ਖੈਤਾਨ, ਆਸ਼ੂਤੋਸ਼ ਅਤੇ ਅਲਕਾ ਲਾਂਬਾ ਸਮੇਤ ਕਈ ਆਗੂ ਜੋ ਪਿਛਲੇ ਸਾਲਾਂ ਦੌਰਾਨ ‘ਆਪ’ ਛੱਡ ਗਏ ਸਨ, ਨੂੰ ਪਰੇਸ਼ਾਨ ਕੀਤਾ ਗਿਆ। ਉਨ੍ਹਾਂ ਪਾਰਟੀ ‘ਤੇ ਆਤਮ-ਪੜਚੋਲ ਕਰਨ ਵਿੱਚ ਅਸਫਲ ਰਹਿਣ ਦਾ ਦੋਸ਼ ਲਾਇਆ। ਉਨ੍ਹਾਂ ਕਿਹਾ, “ਇਸ ਦੀ ਬਜਾਏ ਕਿ ਉਹ ਇਸ ਗੱਲ ‘ਤੇ ਆਤਮ-ਪੜਚੋਲ ਕਰਨ ਕਿ ਉਹ ਕਿਵੇਂ ਬਦਲ ਗਏ ਹਨ – ਅੰਨਾ ਤੋਂ ਲਾਲੂ ਤੱਕ, ਲੋਕਪਾਲ ਤੋਂ ਭ੍ਰਿਸ਼ਟਾਚਾਰ ਤੱਕ – ਉਹ ਬਦਲਾਖੋਰੀ ਦੀ ਰਾਜਨੀਤੀ ਕਰ ਰਹੇ ਹਨ, ਕਾਨੂੰਨ ਦੀ ਤਾਕਤ ਦੀ ਵਰਤੋਂ ਕਰਕੇ ਲੋਕਾਂ ਨੂੰ ਸ਼ਿਕਾਰ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਇਹ ਐਮਰਜੈਂਸੀ ਵਰਗੀ ਮਾਨਸਿਕਤਾ ਅਤੇ ਤਾਨਾਸ਼ਾਹੀ, ਹਿਟਲਰਸ਼ਾਹੀ ਮਾਨਸਿਕਤਾ ਨੂੰ ਦਰਸਾਉਂਦਾ ਹੈ।”

ਸੂਤਰਾਂ ਅਨੁਸਾਰ ਪਾਠਕ ਖ਼ਿਲਾਫ਼ ਗੈਰ-ਜ਼ਮਾਨਤੀ ਧਾਰਾਵਾਂ ਤਹਿਤ ਦੋ ਐੱਫਆਈਆਰ ਦਰਜ ਕੀਤੀਆਂ ਗਈਆਂ ਹਨ। ਐੱਫਆਈਆਰਜ਼ ਬਾਰੇ ਅਜੇ ਕੋਈ ਹੋਰ ਵੇਰਵੇ ਸਾਹਮਣੇ ਨਹੀਂ ਆਏ ਹਨ। ਗ਼ੌਰਤਲਬ ਹੈ ਕਿ 24 ਅਪਰੈਲ ਨੂੰ ‘ਆਪ’ ਨੂੰ ਉਸ ਸਮੇਂ ਵੱਡਾ ਝਟਕਾ ਲੱਗਾ ਜਦੋਂ ਉਸ ਦੇ 10 ਰਾਜ ਸਭਾ ਮੈਂਬਰਾਂ ਵਿੱਚੋਂ ਸੱਤ ਨੇ ਇਹ ਦੋਸ਼ ਲਾਉਂਦੇ ਹੋਏ ਅਸਤੀਫਾ ਦੇ ਦਿੱਤਾ ਕਿ ਅਰਵਿੰਦ ਕੇਜਰੀਵਾਲ ਦੀ ਪਾਰਟੀ ਆਪਣੇ ਸਿਧਾਂਤਾਂ, ਕਦਰਾਂ-ਕੀਮਤਾਂ ਅਤੇ ਮੂਲ ਨੈਤਿਕਤਾ ਤੋਂ ਭਟਕ ਗਈ ਹੈ। ਇਨ੍ਹਾਂ ਸੱਤ ਮੈਂਬਰਾਂ ਵਿੱਚੋਂ — ਜੋ ਕਿ ਪਾਠਕ, ਰਾਘਵ ਚੱਢਾ, ਅਸ਼ੋਕ ਮਿੱਤਲ, ਹਰਭਜਨ ਸਿੰਘ, ਰਾਜੇਂਦਰ ਗੁਪਤਾ, ਵਿਕਰਮਜੀਤ ਸਾਹਨੀ ਅਤੇ ਸਵਾਤੀ ਮਾਲੀਵਾਲ ਸਨ — ਛੇ ਪੰਜਾਬ ਤੋਂ ਸਨ। ਬਾਅਦ ਵਿੱਚ, ਰਾਜ ਸਭਾ ਦੇ ਚੇਅਰਮੈਨ ਸੀ.ਪੀ. ਰਾਧਾਕ੍ਰਿਸ਼ਨਨ ਨੇ ਅਧਿਕਾਰਤ ਤੌਰ ‘ਤੇ ਭਾਜਪਾ ਵਿੱਚ ਉਨ੍ਹਾਂ ਦੇ ਰਲੇਵੇਂ ਨੂੰ ਸਵੀਕਾਰ ਕਰ ਲਿਆ, ਜਿਸ ਨਾਲ ਉਪਰਲੇ ਸਦਨ ਵਿੱਚ ‘ਆਪ’ ਦੀ ਗਿਣਤੀ ਘਟ ਕੇ ਤਿੰਨ ਰਹਿ ਗਈ।

Related posts

ਭਰਤ ਇੰਦਰ ਸਿੰਘ ਚਾਹਲ ਨੂੰ ਸੁਪਰੀਮ ਕੋਰਟ ਤੋਂ ਮਿਲੀ ਵੱਡੀ ਰਾਹਤ, ਆਮਦਨ ਤੋਂ ਵੱਧ ਜਾਇਦਾਦ ਮਾਮਲੇ ‘ਚ ਨਹੀਂ ਹੋਵੇਗੀ ਗ੍ਰਿਫ਼ਤਾਰੀ

Current Updates

ਨਿਊਜ਼ੀਲੈਂਡ ਤੋਂ ਆਈ NRI ਮਹਿਲਾ ਨੂੰ ਪਤੀ ਨੇ ਦੁੱਧ ’ਚ ਦਿੱਤਾ ਨਸ਼ਾ; 5 ਸਾਲਾ ਪੁੱਤ ਕੀਤਾ ਅਗਵਾ; ਪਾਸਪੋਰਟ ਤੇ ਨਕਦੀ ਲੈ ਕੇ ਫ਼ਰਾਰ

Current Updates

ਏਕਮ ਢਿੱਲੋਂ ਕਤਲ ਮਾਮਲੇ ਵਿਚ ਪਤਨੀ ਸੀਰਤ ਕੌਰ ਨੂੰ ਉਮਰ ਕੈਦ

Current Updates

Leave a Comment