ਨਵੀਂ ਦਿੱਲੀ- ਦਿੱਲੀ ਹਵਾਈ ਅੱਡੇ ’ਤੇ ਏਅਰ ਇੰਡੀਆ ਐਕਸਪ੍ਰੈਸ ਦੇ ਇੱਕ ‘ਆਫ-ਡਿਊਟੀ’ ਪਾਇਲਟ ਵੱਲੋਂ ਕਥਿਤ ਤੌਰ ’ਤੇ ਕੀਤੇ ਗਏ ਹਮਲੇ ਦੇ ਸ਼ਿਕਾਰ ਯਾਤਰੀ ਨੇ ਦੱਸਿਆ ਕਿ ਸੀ.ਟੀ. ਸਕੈਨ ਵਿੱਚ ਉਸ ਦੀ ਨੱਕ ਦੀ ਖੱਬੀ ਹੱਡੀ ਫ੍ਰੈਕਚਰ ਹੋਣ ਦੀ ਪੁਸ਼ਟੀ ਹੋਈ ਹੈ। ਸ਼ਿਕਾਇਤਕਰਤਾ ਅੰਕਿਤ ਦੀਵਾਨ ਨੇ ਹੁਣ ਇਸ ਮਾਮਲੇ ਵਿੱਚ ਇਨਸਾਫ਼ ਦੀ ਮੰਗ ਕੀਤੀ ਹੈ। ਦੀਵਾਨ ਨੇ ਦੱਸਿਆ ਕਿ ਉਨ੍ਹਾਂ ਨੇ ਦਿੱਲੀ ਪੁਲੀਸ ਨੂੰ ਲਿਖਤੀ ਸ਼ਿਕਾਇਤ ਸੌਂਪ ਦਿੱਤੀ ਹੈ ਅਤੇ ਮੀਡੀਆ ਰਿਪੋਰਟਾਂ ਰਾਹੀਂ ਉਨ੍ਹਾਂ ਨੂੰ ਪਤਾ ਲੱਗਾ ਹੈ ਕਿ ਐਫ.ਆਈ.ਆਰ. (FIR) ਦਰਜ ਕਰ ਲਈ ਗਈ ਹੈ। ਦੀਵਾਨ ਨੇ ਦੱਸਿਆ, “ ਮੈਂ ਇਸ ਵੇਲੇ ਆਪਣੀ ਸਿਹਤ ਵੱਲ ਧਿਆਨ ਦੇ ਰਿਹਾ ਹਾਂ। ਅੱਜ ਕੀਤੇ ਗਏ ਸੀ.ਟੀ. ਸਕੈਨ ਵਿੱਚ ਨੱਕ ਦੀ ਹੱਡੀ ਵਿੱਚ ਫ੍ਰੈਕਚਰ ਪਾਇਆ ਗਿਆ ਹੈ। ਮੈਨੂੰ ਉਮੀਦ ਹੈ ਕਿ ਮੈਨੂੰ ਇਸ ਮਾਮਲੇ ਵਿੱਚ ਨਿਆਂ ਮਿਲੇਗਾ।”
ਦਿੱਲੀ ਪੁਲੀਸ ਨੇ ਸੋਮਵਾਰ ਨੂੰ ਦੱਸਿਆ ਕਿ ਦੀਵਾਨ ਦੀ ਈਮੇਲ ਰਾਹੀਂ ਪ੍ਰਾਪਤ ਸ਼ਿਕਾਇਤ ਦੇ ਆਧਾਰ ’ਤੇ ਭਾਰਤੀ ਨਿਆਂ ਸੰਹਿਤਾ (BNS), 2023 ਦੀਆਂ ਧਾਰਾਵਾਂ 115 (ਸਵੈ-ਇੱਛਾ ਨਾਲ ਸੱਟ ਪਹੁੰਚਾਉਣਾ), 126 (ਗਲਤ ਤਰੀਕੇ ਨਾਲ ਰੋਕਣਾ) ਅਤੇ 351 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਪੁਲੀਸ ਅਨੁਸਾਰ ਜਾਂਚ ਜਾਰੀ ਹੈ। ਇਸ ਤੋਂ ਪਹਿਲਾਂ ਪੁਲੀਸ ਨੇ ਕਿਹਾ ਸੀ ਕਿ ਉਨ੍ਹਾਂ ਨੂੰ ਕੋਈ ਰਸਮੀ ਸ਼ਿਕਾਇਤ ਨਹੀਂ ਮਿਲੀ ਸੀ ਅਤੇ ਇਸ ਘਟਨਾ ਬਾਰੇ ਜਾਣਕਾਰੀ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਰਾਹੀਂ ਮਿਲੀ ਸੀ। ਦੀਵਾਨ ਨੇ ਦੋਸ਼ ਲਾਇਆ ਕਿ 19 ਦਸੰਬਰ ਨੂੰ ਹਵਾਈ ਅੱਡੇ ਦੇ ਟਰਮੀਨਲ-1 ’ਤੇ ਸੁਰੱਖਿਆ ਖੇਤਰ ਦੇ ਕੋਲ ਏਅਰ ਇੰਡੀਆ ਐਕਸਪ੍ਰੈਸ ਦੇ ਕੈਪਟਨ ਵੀਰੇਂਦਰ ਸੇਜਵਾਲ ਨੇ ਉਨ੍ਹਾਂ ’ਤੇ ਸਰੀਰਕ ਹਮਲਾ ਕੀਤਾ।
ਉਨ੍ਹਾਂ ਦਾਅਵਾ ਕੀਤਾ ਕਿ ਇਸ ਹਮਲੇ ਕਾਰਨ ਉਨ੍ਹਾਂ ਦਾ ਖੂਨ ਵਗਣ ਲੱਗ ਪਿਆ ਅਤੇ ਉਨ੍ਹਾਂ ਦੀ ਸੱਤ ਸਾਲਾ ਬੇਟੀ, ਜਿਸ ਨੇ ਇਹ ਸਾਰੀ ਘਟਨਾ ਆਪਣੀ ਅੱਖੀਂ ਵੇਖੀ, ਸਦਮੇ ਵਿੱਚ ਹੈ। ਦੀਵਾਨ ਅਨੁਸਾਰ ਇਹ ਵਿਵਾਦ ਉਦੋਂ ਸ਼ੁਰੂ ਹੋਇਆ ਜਦੋਂ ਉਨ੍ਹਾਂ ਨੇ ਸੁਰੱਖਿਆ ਚੈੱਕ-ਪੋਸਟ ’ਤੇ ਕਥਿਤ ਤੌਰ ’ਤੇ ਕਤਾਰ ਤੋੜਨ ਵਾਲੇ ਕੁਝ ਕਰਮਚਾਰੀਆਂ ’ਤੇ ਇਤਰਾਜ਼ ਜਤਾਇਆ।
ਉਨ੍ਹਾਂ ਦੋਸ਼ ਲਾਇਆ ਕਿ ਸਰੀਰਕ ਹਮਲੇ ਤੋਂ ਪਹਿਲਾਂ ਪਾਇਲਟ ਨੇ ਉਨ੍ਹਾਂ ਨੂੰ ਗਾਲ੍ਹਾਂ ਵੀ ਕੱਢੀਆਂ। ਏਅਰ ਇੰਡੀਆ ਐਕਸਪ੍ਰੈਸ ਨੇ ਇੱਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਇਸ ਘਟਨਾ ਦੀ ਜਾਣਕਾਰੀ ਹੈ। ਏਅਰਲਾਈਨ ਨੇ ਅੰਦਰੂਨੀ ਜਾਂਚ ਪੂਰੀ ਹੋਣ ਤੱਕ ਪਾਇਲਟ ਨੂੰ ਤੁਰੰਤ ਪ੍ਰਭਾਵ ਨਾਲ ਡਿਊਟੀ ਤੋਂ ਹਟਾ ਦਿੱਤਾ ਹੈ। ਪੁਲੀਸ ਹੁਣ ਸੀ.ਸੀ.ਟੀ.ਵੀ. ਫੁਟੇਜ ਅਤੇ ਸਬੂਤਾਂ ਦੇ ਆਧਾਰ ’ਤੇ ਮਾਮਲੇ ਦੀ ਜਾਂਚ ਕਰ ਰਹੀ ਹੈ।
