ਚੰਡੀਗਡ਼੍ਹ- ਹਰਿਆਣਾ ਵਿਧਾਨ ਸਭਾ ਦੇ ਸਰਦ ਰੁੱਤ ਇਜਲਾਸ ਦੇ ਦੂਜੇ ਦਿਨ ਕਾਂਗਰਸ ਵੱਲੋਂ ਪੇਸ਼ ਕੀਤੇ ਬੇਭਰੋਸਗੀ ਮਤੇ ’ਤੇ ਸੱਤਾਧਾਰੀ ਧਿਰ ਭਾਜਪਾ ਅਤੇ ਵਿਰੋਧੀ ਧਿਰ ਵਿਚਕਾਰ ਖੂਬ ਹੰਗਾਮਾ ਹੋਇਆ। ਕਾਂਗਰਸੀ ਵਿਧਾਇਕਾਂ ਨੇ ਸਰਕਾਰ ਨੂੰ ਕਿਸਾਨੀ, ਸਿੱਖਿਆ, ਭ੍ਰਿਸ਼ਟਾਚਾਰ, ਸਿਹਤ ਤੇ ਬੇਰੁਜ਼ਗਾਰੀ ਦੇ ਮੁੱਦਿਆਂ ’ਤੇ ਘੇਰਿਆ। ਭਾਜਪਾ ਕੋਲ ਵਾਧੂ ਵੋਟਾਂ ਹੋਣ ਕਰਕੇ ਸਰਕਾਰ ਖ਼ਿਲਾਫ਼ ਬੇਭਰੋਸਗੀ ਮਤਾ ਡਿੱਗ ਗਿਆ। ਵੋਟਿੰਗ ਤੋਂ ਪਹਿਲਾਂ ਕਾਂਗਰਸੀ ਵਿਧਾਇਕ ਸਦਨ ’ਚੋਂ ਉੱਠ ਕੇ ਚਲੇ ਗਏ।
ਕਾਂਗਰਸੀ ਵਿਧਾਇਕ ਰਘੁਵੀਰ ਕਾਦੀਆਨ ਨੇ ਕਿਹਾ ਕਿ ਲੋਕਾਂ ਦਾ ਸਰਕਾਰ ਤੋਂ ਭਰੋਸਾ ਉੱਠ ਚੁੱਕਾ ਹੈ। ਵਾਈਸ ਚਾਂਸਲਰ ਤੱਕ ਪਰਚੀ-ਖਰਚੀ ਨਾਲ ਲੱਗ ਰਹੇ ਹਨ। ਕਾਂਗਰਸੀ ਵਿਧਾਇਕ ਅਸ਼ੋਕ ਅਰੋੜਾ ਨੇ ਝੋਨਾ ਘੁਟਾਲੇ ਦਾ ਮੁੱਦਾ ਚੁੱਕਿਆ ਤੇ ਉਸ ਦੀ ਅਦਾਲਤੀ ਜਾਂ ਸੀ ਬੀ ਆਈ ਤੋਂ ਜਾਂਚ ਮੰਗੀ। ਇਨੈਲੋ ਵਿਧਾਇਕ ਅਰਜੁਨ ਚੌਟਾਲਾ ਨੇ ਕਿਹਾ ਕਿ ਉਹ ਨਾ ਕਾਂਗਰਸ ਤੇ ਨਾ ਹੀ ਭਾਜਪਾ ਨਾਲ ਹਨ। ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਪਿਛਲੇ 11 ਸਾਲਾਂ ਵਿੱਚ ਕੀਤੇ ਗਏ ਵਿਕਾਸ ਕਾਰਜਾਂ ਦੀ ਜਾਣਕਾਰੀ ਦਿੰਦਿਆਂ ਕਿਹਾ ਕਿ ਹਰਿਆਣਾ ਦੇ ਦਿਹਾਤੀ ਖੇਤਰ ਵਿੱਚ ਬੇਰੁਜ਼ਗਾਰੀ ਉੱਤਰੀ ਭਾਰਤ ਦੇ ਹੋਰ ਸੂਬਿਆਂ ਨਾਲੋਂ ਘੱਟ ਹੈ। ਹਰਿਆਣਾ ਦਾ ਵਿਕਾਸ ਭਾਜਪਾ ਸਰਕਾਰ ਨੇ ਹੀ ਕੀਤਾ ਹੈ। ਵਿਧਾਨ ਸਭਾ ਦੇ ਇਜਲਾਸ ਦੇ ਦੂਜੇ ਦਿਨ 8 ਮਤੇ ਪਾਸ ਕੀਤੇ ਗਏ ਹਨ।
