ਨਵੀਂ ਦਿੱਲੀ- ਲੋਕ ਸਭਾ ਅਤੇ ਰਾਜ ਸਭਾ ਅੱਜ ਅਣਮਿੱਥੇ ਸਮੇਂ ਲਈ ਉਠਾਏ ਜਾਣ ਨਾਲ ਸੰਸਦ ਦਾ 19 ਰੋਜ਼ਾ ਸਰਦ ਰੁੱਤ ਇਜਲਾਸ ਮੁਕੰਮਲ ਹੋ ਗਿਆ। ਇਸ ਸੈਸ਼ਨ ਦੌਰਾਨ ਕਈ ਅਹਿਮ ਬਿੱਲ ਪਾਸ ਕੀਤੇ ਗਏ ਜਿਨ੍ਹਾਂ ’ਚ 20 ਸਾਲ ਪੁਰਾਣੇ ਮਗਨਰੇਗਾ ਨੂੰ ਭੰਗ ਕਰਨ ਵਾਲਾ ਬਿੱਲ ਅਤੇ ਨਾਗਰਿਕ ਪਰਮਾਣੂ ਖੇਤਰ ਨੂੰ ਨਿੱਜੀ ਭਾਗੀਦਾਰੀ ਲਈ ਖੋਲ੍ਹਣ ਵਾਲਾ ਬਿੱਲ ਵੀ ਸ਼ਾਮਲ ਹੈ।
ਲੋਕ ਸਭਾ ਦੀ ਕੁੱਲ ਕਾਰਵਾਈ 92 ਘੰਟੇ ਅਤੇ 25 ਮਿੰਟ ਰਹੀ। ਸਦਨ ਦੀ ਕਾਰਵਾਈ ਸ਼ੁਰੂ ਹੁੰਦਿਆਂ ਦੀ ਸਪੀਕਰ ਓਮ ਬਿਰਲਾ ਨੇ ਆਪਣਾ ਸੰਖੇਪ ਵਿਦਾਈ ਭਾਸ਼ਣ ਪੜ੍ਹਿਆ ਅਤੇ ਦੱਸਿਆ ਕਿ ਸੈਸ਼ਨ ਦੌਰਾਨ ਲੋਕ ਸਭਾ ’ਚ 111 ਫੀਸਦ ਕੰਮਕਾਜ ਹੋਇਆ ਹੈ। ਉਨ੍ਹਾਂ ਦੇ ਭਾਸ਼ਣ ਦੌਰਾਨ ਕੁਝ ਮੈਂਬਰਾਂ ਨੇ ‘ਮਹਾਤਮਾ ਗਾਂਧੀ ਦੀ ਜੈ’ ਦੇ ਨਾਅਰੇ ਵੀ ਮਾਰੇ। ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਹਾਜ਼ਰ ਸਨ। ਦੂਜੇ ਪਾਸੇ, ਰਾਜ ਸਭਾ ਦੇ ਚੇਅਰਮੈਨ ਸੀ ਪੀ ਰਾਧਾਕ੍ਰਿਸ਼ਨਨ ਨੇ ਦੱਸਿਆ ਕਿ ਸਦਨ ਦੀ ਕਾਰਵਾਈ 92 ਘੰਟੇ ਰਹੀ; ਇਸ ਦੌਰਾਨ 121 ਫੀਸਦ ਕੰਮਕਾਜ ਹੋਇਆ।
ਇਸ ਮਗਰੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕਾਂਗਰਸ ਦੀ ਸੰਸਦ ਮੈਂਬਰ ਪ੍ਰਿਯੰਕਾ ਗਾਂਧੀ ਵਾਡਰਾ, ਐੱਨ ਸੀ ਪੀ (ਐੱਸ ਪੀ) ਦੀ ਸੁਪ੍ਰਿਆ ਸੂਲੇ ਅਤੇ ਹੋਰ ਆਗੂਆਂ ਨੇ ਲੋਕ ਸਭਾ ਦੇ ਸਪੀਕਰ ਓਮ ਬਿਰਲਾ ਨਾਲ ਉਨ੍ਹਾਂ ਦੇ ਕਮਰੇ ’ਚ ਮੁਲਕਾਤ ਕੀਤੀ ਅਤੇ ਸੈਸ਼ਨ ਦੇ ਸੁਚਾਰੂ ਸੰਚਾਲਨ ਲਈ ਉਨ੍ਹਾਂ ਦਾ ਧੰਨਵਾਦ ਕੀਤਾ। ਰਾਜ ਸਭਾ ਦੇ ਚੇਅਰਮੈਨ ਸੀ ਪੀ ਰਾਧਾਕ੍ਰਿਸ਼ਨਨ ਨੇ ਉਪਰਲੇ ਸਦਨ ’ਚ ਮੈਂਬਰਾਂ ਵੱਲੋਂ ਅਪਣਾਏ ਗਏ ਵਤੀਰੇ ’ਤੇ ਸਖ਼ਤ ਇਤਰਾਜ਼ ਜਤਾਉਂਦਿਆਂ ਕਿਹਾ ਕਿ ਸੰਸਦ ’ਚ ਅੜਿੱਕਾ ਡਾਹੁਣਾ ਮਰਿਆਦਾ ਦੀ ਉਲੰਘਣਾ ਹੈ।
