ਨਵੀਂ ਦਿੱਲੀ- ਕਾਂਗਰਸ ਆਗੂ ਰਾਹੁਲ ਗਾਂਧੀ ਨੇ ਕਿਹਾ ਕਿ ਉਹ ਸੱਚ ’ਤੇ ਪਹਿਰਾ ਦੇ ਕੇ ਨਰਿੰਦਰ ਮੋਦੀ ਤੇ ਆਰ ਐਸ ਐਸ ਸਰਕਾਰ ਨੂੰ ਸੱਤਾ ਤੋਂ ਲਾਹ ਦੇਣਗੇ। ਨਵੀਂ ਦਿੱਲੀ ਦੇ ਰਾਮ ਲੀਲਾ ਮੈਦਾਨ ਵਿਚ ਵੋਟ ਚੋਰੀ ਵਿਰੁੱਧ ਕਾਂਗਰਸ ਰੈਲੀ ਵਿੱਚ ਸ੍ਰੀ ਰਾਹੁਲ ਨੇ ਕਿਹਾ ਕਿ ਭਾਜਪਾ ਕੋਲ ਸੱਤਾ ਤੇ ਸ਼ਕਤੀ ਹੈ ਤੇ ਉਹ ਵੋਟ ਚੋਰੀ ਵਿੱਚ ਸ਼ਾਮਲ ਹਨ। ਭਾਜਪਾ ਨੇ ਚੋਣਾਂ ਦੌਰਾਨ 10,000 ਰੁਪਏ ਦਿੱਤੇ ਪਰ ਚੋਣ ਕਮਿਸ਼ਨ ਨੇ ਉਨ੍ਹਾਂ ਵਿਰੁੱਧ ਕੋਈ ਕਾਰਵਾਈ ਨਹੀਂ ਕੀਤੀ। ਸ੍ਰੀ ਰਾਹੁਲ ਨੇ ਕਿਹਾ ਕਿ ਸੱਚ ਅਤੇ ਝੂਠ ਦੀ ਇਸ ਲੜਾਈ ਵਿੱਚ ਚੋਣ ਕਮਿਸ਼ਨ ਭਾਜਪਾ ਸਰਕਾਰ ਨਾਲ ਮਿਲ ਕੇ ਕੰਮ ਕਰ ਰਿਹਾ ਹੈ। ਮੋਦੀ ਸਰਕਾਰ ਨੇ ਚੋਣ ਕਮਿਸ਼ਨ ਨੂੰ ਛੋਟ ਦੇਣ ਲਈ ਨਵਾਂ ਕਾਨੂੰਨ ਲਿਆਂਦਾ ਪਰ ਉਹ ਇਸ ਕਾਨੂੰਨ ਨੂੰ ਬਦਲਣਗੇ ਅਤੇ ਚੋਣ ਕਮਿਸ਼ਨਰਾਂ ਵਿਰੁੱਧ ਕਾਰਵਾਈ ਕਰਨਗੇ। ਇਸ ਵਿੱਚ ਸਮਾਂ ਲੱਗ ਸਕਦਾ ਹੈ ਪਰ ਜਿੱਤ ਸੱਚਾਈ ਦੀ ਹੀ ਹੋਵੇਗੀ। ਉਹ ਮੋਦੀ ਸਰਕਾਰ ਨੂੰ ਹਰਾਉਣ ਲਈ ਸੱਚ ਤੇ ਅਹਿੰਸਾ ਦੇ ਮਾਰਗ ’ਤੇ ਚੱਲਣਗੇ। ਉਨ੍ਹਾਂ ਚੋਣ ਕਮਿਸ਼ਨ ਨੂੰ ਕਿਹਾ ਕਿ ਉਸ ਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਉਹ ਦੇਸ਼ ਦਾ ਚੋਣ ਕਮਿਸ਼ਨ ਹਨ, ਮੋਦੀ ਸਰਕਾਰ ਦਾ ਨਹੀਂ। ਉਨ੍ਹਾਂ ਕਿਹਾ ਕਿ ਉਹ ਇਸ ਵਰਤਾਰੇ ਖ਼ਿਲਾਫ਼ ਆਵਾਜ਼ ਉਠਾਉਣਗੇ। ਉਨ੍ਹਾਂ ਭਾਜਪਾ ਸਰਕਾਰ ਦੀਆਂ ਨੀਤੀਆਂ ਦੀ ਨਿਖੇਧੀ ਕੀਤੀ।
ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਅੱਜ ਭਾਜਪਾ ’ਤੇ ਨਿਸ਼ਾਨਾ ਸੇਧਦਿਆਂ ਕਿਹਾ ਕਿ ਵੋਟ ਚੋਰੀ ਕਰਨ ਵਾਲੇ ਗੱਦਾਰ ਹਨ ਪਰ ਵੋਟ ਦੇ ਹੱਕ ਅਤੇ ਸੰਵਿਧਾਨ ਨੂੰ ਬਚਾਉਣ ਲਈ ਉਨ੍ਹਾਂ ਨੂੰ ਸੱਤਾ ਤੋਂ ਹਟਾਉਣ ਦੀ ਲੋੜ ਹੈ। ਇੱਥੇ ਰਾਮਲੀਲਾ ਮੈਦਾਨ ਵਿੱਚ ਕਾਂਗਰਸ ਪਾਰਟੀ ਦੀ ਵੋਟ ਚੋਰ ਗੱਦੀ ਛੋੜ ਰੈਲੀ ਨੂੰ ਸੰਬੋਧਨ ਕਰਦਿਆਂ ਖੜਗੇ ਨੇ ਕਿਹਾ ਕਿ ਸਾਰੇ ਭਾਰਤੀਆਂ ਦਾ ਫਰਜ਼ ਹੈ ਕਿ ਉਹ ਇਕੱਠੇ ਹੋ ਕੇ ਕਾਂਗਰਸ ਦੀ ਵਿਚਾਰਧਾਰਾ ਨੂੰ ਮਜ਼ਬੂਤ ਕਰਨ ਕਿਉਂਕਿ ਸਿਰਫ਼ ਇਹੀ ਪਾਰਟੀ ਦੇਸ਼ ਨੂੰ ਬਚਾ ਸਕਦੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਆਰ.ਐਸ.ਐਸ. ਦੀ ਵਿਚਾਰਧਾਰਾ ਦੇਸ਼ ਨੂੰ ਖਤਮ ਕਰ ਦੇਵੇਗੀ।
ਖੜਗੇ ਨੇ ਕਿਹਾ, ‘ਭਾਜਪਾ ਦੇ ਲੋਕ ਗੱਦਾਰ ਅਤੇ ਡਰਾਮੇਬਾਜ਼ ਹਨ। ਇਸ ਕਰ ਕੇ ਉਨ੍ਹਾਂ ਨੂੰ ਸੱਤਾ ਤੋਂ ਹਟਾਉਣ ਦੀ ਲੋੜ ਹੈ।’, ਕਾਂਗਰਸ ਪ੍ਰਧਾਨ ਨੇ ਇਹ ਵੀ ਕਿਹਾ ਕਿ ਉਹ ਬੰਗਲੁਰੂ ਵਿੱਚ ਆਪਣੇ ਪੁੱਤਰ ਦੇ ਅਪਰੇਸ਼ਨ ਲਈ ਨਹੀਂ ਗਏ ਅਤੇ ਅੱਜ ਦੀ ਰੈਲੀ ਵਿੱਚ ਇਸ ਕਰ ਕੇ ਸ਼ਾਮਲ ਹੋਏ ਹਨ ਕਿਉਂਕਿ ਉਨ੍ਹਾਂ ਨੂੰ ਲੱਗਦਾ ਸੀ ਕਿ ਇਸ ਵੇਲੇ 140 ਕਰੋੜ ਲੋਕਾਂ ਨੂੰ ਬਚਾਉਣਾ ਮਹੱਤਵਪੂਰਨ ਹੈ।
