ਨਵੀਂ ਦਿੱਲੀ- ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਰਾਘਵ ਚੱਢਾ ਨੇ ਸ਼ੁੱਕਰਵਾਰ ਨੂੰ ਰਾਜ ਸਭਾ ਵਿੱਚ ਆਰਡਰ ਦੇਣ ਤੋਂ ਬਾਅਦ ਦਸ ਮਿੰਟ ਦੇ ਅੰਦਰ ਜਾਂ ਜਲਦੀ ਤੋਂ ਜਲਦੀ ਸੇਵਾਵਾਂ ਦੇਣ ਵਾਲੇ ‘ਡਿਲਿਵਰੀ ਬੁਆਏ (ਸਪਲਾਈ ਕਰਨ ਵਾਲੀਆਂ ਕੰਪਨੀਆਂ ਦੇ ਨੁਮਾਇੰਦੇ)’ ਦੀਆਂ ਸਮੱਸਿਆਵਾਂ ਨੂੰ ਉਜਾਗਰ ਕੀਤਾ। ਉਨ੍ਹਾਂ ਕਿਹਾ ਕਿ ਭਾਰਤੀ ਅਰਥਵਿਵਸਥਾ ਦੇ ਇਨ੍ਹਾਂ ਅਣਦੇਖੇ ਪਹੀਆਂ ਦੀ ਚੁੱਪ ਦੇ ਪਿੱਛੇ ਰੁਜ਼ਗਾਰ ਦੀ ਲੋੜ ਅਤੇ ਉਸ ਨੂੰ ਲੈ ਕੇ ਫੈਲੀ ਅਸੁਰੱਖਿਆ ਇਨ੍ਹਾਂ ਨੂੰ ਆਪਣੀ ਜਾਨ ਜੋਖਮ ਵਿੱਚ ਪਾਉਣ ਲਈ ਮਜਬੂਰ ਕਰਦੀ ਹੈ। ਸਿਫ਼ਰ ਕਾਲ ਦੌਰਾਨ ਇਹ ਮੁੱਦਾ ਉਠਾਉਂਦੇ ਹੋਏ ਚੱਢਾ ਨੇ ਕਿਹਾ, “ਜ਼ੋਮੈਟੋ, ਸਵਿਗੀ ਦੇ ਡਿਲਿਵਰੀ ਬੁਆਏ, ਓਲਾ ਅਤੇ ਊਬਰ ਦੇ ਡਰਾਈਵਰ, ਬਲਿੰਕਿਟ ਅਤੇ ਜ਼ੈਪਟੋ ਦੇ ਰਾਈਡਰ ਅਤੇ ਅਰਬਨ ਕੰਪਨੀ ਦੇ ਪਲੰਬਰ ਜਾਂ ਬਿਊਟੀਸ਼ੀਅਨ ਭਾਵੇਂ ‘ਗਿਗ ਵਰਕਰ’ ਹਨ ਪਰ ਅਸਲ ਵਿੱਚ ਇਹ ਲੋਕ ਭਾਰਤੀ ਅਰਥਵਿਵਸਥਾ ਦੇ ਅਣਦੇਖੇ ਪਹੀਏ ਹਨ।”
ਉਨ੍ਹਾਂ ਕਿਹਾ ਕਿ ਸਪਲਾਈ ਵਿੱਚ ਦਸ ਮਿੰਟ ਦੀ ਦੇਰੀ ਹੋਣ ‘ਤੇ ਗਾਹਕ ਦੀ ਨਾਰਾਜ਼ਗੀ ਦਾ ਡਰ ਮਨ ਵਿੱਚ ਰਹਿੰਦਾ ਹੈ। ਉਨ੍ਹਾਂ ਕਿਹਾ ਕਿ ਦੇਰੀ ਹੋਣ ‘ਤੇ ਗਾਹਕ ਪਹਿਲਾਂ ਤਾਂ ਫੋਨ ਕਰਕੇ ਡਿਲਿਵਰੀ ਬੁਆਏ ਨੂੰ ਝਿੜਕਦਾ ਹੈ, ਫਿਰ ਉਸ ਨੂੰ ਇਹ ਕਹਿ ਕੇ ਡਰਾਉਂਦਾ ਹੈ ਕਿ ਮੈਂ ਤੁਹਾਡੀ ਸ਼ਿਕਾਇਤ ਕਰ ਦਿਆਂਗਾ ਅਤੇ ਫਿਰ ਉਸ ਨੂੰ ਇੱਕ ਸਟਾਰ ਦੀ ਰੇਟਿੰਗ ਦੇ ਕੇ ਉਸਦੀ ਮਹੀਨੇ ਭਰ ਦੀ ਮਿਹਨਤ ‘ਤੇ ਪਾਣੀ ਫੇਰ ਦਿੰਦਾ ਹੈ।
ਚੱਢਾ ਨੇ ਕਿਹਾ ਕਿ ਇਨ੍ਹਾਂ ਲੋਕਾਂ ਦਾ ਕੰਮ ਰੋਜ਼ਾਨਾ 12 ਤੋਂ 14 ਘੰਟੇ ਹੁੰਦਾ ਹੈ, ਭਾਵੇਂ ਮੌਸਮ ਕੋਈ ਵੀ ਹੋਵੇ। ਉਨ੍ਹਾਂ ਕਿਹਾ, “ਇਨ੍ਹਾਂ ਕੋਲ ਸੁਰੱਖਿਆ ਦੇ ਉਪਕਰਨ ਵੀ ਨਹੀਂ ਹੁੰਦੇ ਅਤੇ ਇਨ੍ਹਾਂ ਨੂੰ ਵਿਸ਼ੇਸ਼ ਬੋਨਸ ਜਾਂ ਵਾਧੂ ਭੱਤਾ ਵੀ ਨਹੀਂ ਮਿਲਦਾ। ਇਨ੍ਹਾਂ ਲਈ ‘ਕਮਾਈ ਘੱਟ, ਬੀਮਾਰੀ ਜ਼ਿਆਦਾ’ ਵਾਲੀ ਹਾਲਤ ਹੈ।” ਉਨ੍ਹਾਂ ਕਿਹਾ, “ਇਸਦੇ ਬਾਵਜੂਦ ਆਪਣਾ ਦਰਦ ਲੁਕਾ ਕੇ, ਔਖੀਆਂ ਹਾਲਤਾਂ ਵਿੱਚ, ਆਰਡਰ ਲਿਆਉਣ ਤੋਂ ਬਾਅਦ ਇਹ ਲੋਕ ਮੁਸਕਰਾ ਕੇ ਕਹਿੰਦੇ ਹਨ ਕਿ ਧੰਨਵਾਦ ਸਾਹਿਬ, ਕਿਰਪਾ ਕਰਕੇ ਪੰਜ ਸਟਾਰ ਦੀ ਰੇਟਿੰਗ ਦੇ ਦਿਓ।”
ਆਪ ਆਗੂ ਨੇ ਕਿਹਾ ਕਿ ਇਨ੍ਹਾਂ ਦੀ ਹਾਲਤ ਫੈਕਟਰੀ ਦੇ ਦਿਹਾੜੀਦਾਰ ਕਰਮਚਾਰੀਆਂ ਤੋਂ ਵੀ ਮਾੜੀ ਹੈ ਕਿਉਂਕਿ ਨਾ ਇਨ੍ਹਾਂ ਦੀ ਪੱਕੀ ਨੌਕਰੀ ਹੁੰਦੀ ਹੈ, ਨਾ ਇਨ੍ਹਾਂ ਦਾ ਕੋਈ ਸੁਰੱਖਿਆ ਬੀਮਾ ਹੁੰਦਾ ਹੈ। ਉਨ੍ਹਾਂ ਕਿਹਾ ਕਿ ਇਹ ਲੋਕ ਵੀ ਕਿਸੇ ਦੇ ਬੇਟੇ, ਭਰਾ, ਪਤੀ ਅਤੇ ਪਿਤਾ ਹੁੰਦੇ ਹਨ ਅਤੇ ਇਨ੍ਹਾਂ ‘ਤੇ ਇਨ੍ਹਾਂ ਦੇ ਪਰਿਵਾਰ ਨਿਰਭਰ ਹੁੰਦੇ ਹਨ। ਚੱਢਾ ਨੇ ਕਿਹਾ ਕਿ ਸਰਕਾਰ ਨੂੰ ਇਨ੍ਹਾਂ ‘ਗਿਗ ਵਰਕਰਾਂ’ ਦੀਆਂ ਸਮੱਸਿਆਵਾਂ ਬਾਰੇ ਸੋਚਣਾ ਚਾਹੀਦਾ ਹੈ ਅਤੇ ਕੋਈ ਅਜਿਹੀ ਨੀਤੀ ਬਣਾਉਣੀ ਚਾਹੀਦੀ ਹੈ ਜਿਸ ਨਾਲ ਇਨ੍ਹਾਂ ਕਾਮਿਆਂ ਨੂੰ ਰਾਹਤ ਮਿਲ ਸਕੇ।
