December 1, 2025
ਖਾਸ ਖ਼ਬਰਰਾਸ਼ਟਰੀ

ਮੁਗਲ ਯੁੱਗ ਦੀਆਂ ਕਹਾਣੀਆਂ ਛੱਡ ਦਹਿਸ਼ਤੀ ਰਾਤ ਬਿਆਨ ਰਹੇ ਟੂਰਿਸਟ ਗਾਈਡ

ਮੁਗਲ ਯੁੱਗ ਦੀਆਂ ਕਹਾਣੀਆਂ ਛੱਡ ਦਹਿਸ਼ਤੀ ਰਾਤ ਬਿਆਨ ਰਹੇ ਟੂਰਿਸਟ ਗਾਈਡ

ਨਵੀਂ ਦਿੱਲੀ- ਚਾਂਦਨੀ ਚੌਕ ਗੇਟ ਦੇ ਆਲੇ-ਦੁਆਲੇ ਦਾ ਰੁਟੀਨ ਕਾਰੋਬਾਰ, ਜੋ ਕਦੇ ਲਾਲ ਕਿਲ੍ਹੇ ਨੂੰ ਦੇਖਣ ਅਤੇ ਦਿੱਲੀ ਦੇ ਮੁਗਲ ਯੁੱਗ ਦੀਆਂ ਕਹਾਣੀਆਂ ਸੁਣਨ ਲਈ ਵਿਦੇਸ਼ੀਆਂ ਸਮੇਤ ਸੈਲਾਨੀਆਂ ਨੂੰ ਆਕਰਸ਼ਿਤ ਕਰਦਾ ਸੀ, ਸੋਮਵਾਰ ਰਾਤ ਤੋਂ ਬਦਲ ਗਿਆ ਹੈ। ਟੂਰਿਸਟ ਗਾਈਡਾਂ ਦਾ ਕਹਿਣਾ ਹੈ ਕਿ ਘਟਨਾ ਤੋਂ ਬਾਅਦ 50 ਫੀਸਦੀ ਸੈਲਾਨੀ ਪ੍ਰਭਾਵਿਤ ਹੋਏ ਹਨ। ਬਾਕੀ ਅੱਧੇ ਸੈਲਾਨੀ ਸਮਾਰਕ ਦੀ ਵਿਰਾਸਤ ਨਾਲੋਂ ਭਿਆਨਕ ਧਮਾਕੇ ਬਾਰੇ ਸੁਣਨ ਲਈ ਜ਼ਿਆਦਾ ਉਤਸੁਕ ਹਨ। ਕਈ ਦੁਕਾਨਦਾਰ, ਜੋ ਸਟ੍ਰੀਟ ਫੂਡ ਸਟਾਲ ਲਗਾਉਂਦੇ ਸਨ ਜਾਂ ਛੋਟੇ-ਮੋਟੇ ਸਾਮਾਨ ਵੇਚਦੇ ਸਨ, ਨੇ ਸਮਾਨ ਤਬਾਹ ਹੋਣ ਕਾਰਨ ਰੋਜ਼ੀ-ਰੋਟੀ ਦੇ ਹੋਰ ਸਾਧਨ ਅਪਣਾ ਲਏ ਹਨ।

ਸ਼ੁੱਕਰਵਾਰ ਦੁਪਹਿਰ ਵਿਦੇਸ਼ੀ ਸੈਲਾਨੀਆਂ ਦਾ ਇੱਕ ਛੋਟਾ ਜਿਹਾ ਸਮੂਹ ਬੈਰੀਕੇਡਾਂ ਨੇੜੇ ਖੜ੍ਹਾ ਸੀ ਅਤੇ 25 ਸਾਲਾ ਗਾਈਡ ਇਕਬਾਲ ਉਨ੍ਹਾਂ ਨੂੰ ਘਟਨਾ ਬਾਰੇ ਦੱਸ ਰਿਹਾ ਸੀ। ਧਮਾਕੇ ਤੋਂ ਬਾਅਦ ਉਸ ਨੇ ਇਸ ਤੋਂ ਇਲਾਵਾ ਹੋਰ ਕਿਸੇ ਗੱਲ ’ਤੇ ਚਰਚਾ ਨਹੀਂ ਕੀਤੀ। ਇਕਬਾਲ ਨੇ ਦੱਸਿਆ, “ਮੈਂ ਰੋਜ਼ਾਨਾ ਘੱਟੋ-ਘੱਟ 10 ਪਰਿਵਾਰਾਂ ਜਾਂ ਸੈਲਾਨੀਆਂ ਦੇ ਸਮੂਹਾਂ ਨੂੰ ਇੱਥੇ ਘੁਮਾਉਂਦਾ ਸੀ।”

ਉਸ ਨੇ ਵਿਦੇਸ਼ੀਆਂ ਦੇ ਇੱਕ ਜੋੜੇ ਨੂੰ ਘੁਮਾਉਣ ਮੌਕੇ ਕਿਹਾ, “ਹੁਣ ਜੋ ਦਿੱਲੀ ਆਉਂਦੇ ਹਨ, ਉਹ ਲਾਲ ਕਿਲ੍ਹਾ ਨਹੀਂ ਆ ਰਹੇ ਅਤੇ ਜੋ ਆਉਂਦੇ ਹਨ, ਉਹ ਧਮਾਕੇ ਬਾਰੇ ਜਾਣਨਾ ਚਾਹੁੰਦੇ ਹਨ। ਮੈਂ ਉਨ੍ਹਾਂ ਨੂੰ ਬੈਰੀਕੇਡ ਤੱਕ ਲੈ ਜਾਂਦਾ ਹਾਂ ਅਤੇ ਸਮਝਾਉਂਦਾ ਹਾਂ ਕਿ ਕੀ ਹੋਇਆ। ਪਿਛਲੇ ਦੋ ਦਿਨਾਂ ਤੋਂ, ਹਰ ਕੋਈ ਮੈਨੂੰ ਇਸੇ ਬਾਰੇ ਪੁੱਛ ਰਿਹਾ ਹੈ।’’ ਸੋਹੇਲ, ਜੋ ਲਗਪਗ 10 ਸਾਲਾਂ ਤੋਂ ਇਸ ਖੇਤਰ ਵਿੱਚ ਗਾਈਡ ਵਜੋਂ ਕੰਮ ਕਰ ਰਿਹਾ ਹੈ, ਨੇ ਕਿਹਾ, ‘‘ਚਾਂਦਨੀ ਚੌਕ ਦਿੱਲੀ ਦੇ ਸੈਰ-ਸਪਾਟੇ ਦਾ ਦਿਲ ਹੈ। ਇੱਕ ਪਾਸੇ ਇਤਿਹਾਸਕ ਬਾਜ਼ਾਰ ਹੈ ਅਤੇ ਦੂਜੇ ਪਾਸੇ ਲਾਲ ਕਿਲ੍ਹਾ ਹੈ।’’

ਉਸ ਨੇ ਅੱਗੇ ਕਿਹਾ, ‘‘ਸਭ ਤੋਂ ਪਹਿਲਾਂ ਅਸੀਂ ਸੈਲਾਨੀਆਂ ਨੂੰ ਇਸ ਗੇਟ ’ਤੇ ਲਿਆਉਂਦੇ ਹਾਂ ਤਾਂ ਜੋ ਉਹ ਸਮਾਰਕ ਦਾ ਚਿਹਰਾ ਦੇਖ ਸਕਣ। ਹੁਣ, ਮੁਗਲ ਬਾਦਸ਼ਾਹ ਸ਼ਾਹਜਹਾਂ ਅਤੇ ਉਸ ਦੇ ਰਾਜਵੰਸ਼ ਬਾਰੇ ਗੱਲ ਕਰਨ ਦੀ ਬਜਾਏ, ਅਸੀਂ ਧਮਾਕੇ ਅਤੇ ਪੁਲੀਸ ਨੂੰ ਹੁਣ ਤੱਕ ਕੀ ਮਿਲਿਆ ਹੈ, ਇਸ ਬਾਰੇ ਸਮਝਾ ਰਹੇ ਹਾਂ। ਅਸੀਂ ਅੱਧੇ ਤੋਂ ਵੱਧ ਸੈਲਾਨੀ ਵੀ ਗੁਆ ਚੁੱਕੇ ਹਾਂ।’’ ਸੋਹੇਲ ਨੇ ਭਿਆਨਕ ਰਾਤ ਨੂੰ ਯਾਦ ਕਰਦਿਆਂ ਕਿਹਾ, ‘‘ਮੈਂ ਘਰ ਜਾਣ ਤੋਂ ਪਹਿਲਾਂ ਦੋਸਤਾਂ ਨਾਲ ਚਾਹ ਪੀ ਰਿਹਾ ਸੀ। ਅਚਾਨਕ, ਇੱਕ ਜ਼ੋਰਦਾਰ ਧਮਾਕਾ ਹੋਇਆ ਕਿ ਅਸੀਂ ਕੁਝ ਸਮੇਂ ਲਈ ਕੁਝ ਵੀ ਸੁਣ ਨਹੀਂ ਸਕੇ। ਮੇਰੇ ਕੰਨ ਬੋਲ਼ੇ ਹੋ ਗਏ ਅਤੇ ਅਸੀਂ ਭੱਜ ਗਏ।’’

ਇੱਕ ਹੋਰ ਗਾਈਡ ਰਾਕੇਸ਼ ਸ਼ਰਮਾ ਨੇ ਕਿਹਾ ਕਿ ਸਥਿਤੀ ਸਕਿੰਟਾਂ ਵਿੱਚ ਬਦਲ ਗਈ। ਉਸ ਨੇ ਕਿਹਾ, “ਮੈਂ ਇੱਕ ਤੇਜ਼ ਚਮਕ ਦੇਖੀ ਅਤੇ ਫਿਰ ਲੋਕ ਚੀਕਣ ਲੱਗੇ। ਹਰ ਕੋਈ ਭੱਜ ਰਿਹਾ ਸੀ। ਜਦੋਂ ਮੈਂ ਬਾਅਦ ਵਿੱਚ ਵਾਪਸ ਆਇਆ, ਤਾਂ ਸੜਕ ‘ਤੇ ਧੂੰਆਂ ਅਤੇ ਨੁਕਸਾਨੇ ਗਏ ਵਾਹਨ ਸਨ।’’ ਉਸ ਨੇ ਕਿਹਾ, “ਸੈਲਾਨੀ ਲਗਾਤਾਰ ਪੁੱਛ ਰਹੇ ਹਨ ਕਿ ਕੀ ਹੁਣ ਸੁਰੱਖਿਅਤ ਹੈ। ਅਸੀਂ ਸਿਰਫ਼ ਉਹੀ ਦੁਹਰਾ ਸਕਦੇ ਹਾਂ ਜੋ ਪੁਲੀਸ ਸਾਨੂੰ ਦੱਸਦੀ ਹੈ।”

ਧਮਾਕੇ ਨੇ ਨਾ ਸਿਰਫ਼ ਚਾਂਦਨੀ ਚੌਕ ਬਾਰੇ ਸੁਣਾਇਆ ਜਾਂਦਾ ਇਤਿਹਾਸ ਬਦਲਿਆ ਹੈ, ਸਗੋਂ ਇਸ ਨੇ ਕਈ ਜ਼ਿੰਦਗੀਆਂ ਨੂੰ ਵੀ ਉਜਾੜ ਦਿੱਤਾ ਹੈ ਅਤੇ ਰੋਜ਼ਾਨਾ ਦਿਹਾੜੀਦਾਰਾਂ ਨੂੰ ਆਮਦਨ ਦਾ ਇੱਕ ਵੱਖਰਾ ਸਾਧਨ ਚੁਣਨ ਲਈ ਮਜਬੂਰ ਕੀਤਾ ਹੈ। ਗਾਈਡ ਅਤੇ ਦੁਕਾਨਦਾਰਾਂ ਦੀਆਂ ਕਹਾਣੀਆਂ, ਜੋ ਕਦੇ ਇਤਿਹਾਸ ਅਤੇ ਵਿਰਾਸਤ ਬਾਰੇ ਹੁੰਦੀਆਂ ਸਨ, ਹੁਣ ਇੱਕ ਰਾਤ ਦੀਆਂ ਘਟਨਾਵਾਂ ਨਾਲ ਸ਼ੁਰੂ ਹੁੰਦੀਆਂ ਹਨ। ਇਸ ਘਟਨਾ ਨੇ ਦਿੱਲੀ ਦੇ ਸਭ ਤੋਂ ਵੱਧ ਵੇਖੇ ਜਾਣ ਵਾਲੇ ਇਤਿਹਾਸਕ ਸਥਾਨਾਂ ਵਿੱਚੋਂ ਇੱਕ ਉੱਤੇ ਭਿਆਨਕ ਪਰਛਾਵਾਂ ਪਾ ਦਿੱਤਾ ਹੈ।

Related posts

ਸੱਤ ਹੋਰ ਹਵਾਈ ਅੱਡਿਆਂ ’ਤੇ ਅੱਜ ਸ਼ੁਰੂ ਹੋਵੇਗਾ ਇਮੀਗਰੇਸ਼ਨ ਮਨਜ਼ੂਰੀ ਪ੍ਰੋਗਰਾਮ

Current Updates

ਫਿਲਮ ‘ਐਮਰਜੈਂਸੀ’ ‘ਚ ਇੰਦਰਾ ਗਾਂਧੀ ਦੇ ਕਿਰਦਾਰ ‘ਚ ਨਜ਼ਰ ਆਵੇਗੀ ਕੰਗਨਾ ਰਣੌਤ, ਨਵਾਂ ਟੀਜ਼ਰ ਰਿਲੀਜ਼

Current Updates

‘ਦਿ ਡਿਪਲੋਮੈਟ’ ਦੀ ਰਿਲੀਜ਼ ਤੋਂ ਪਹਿਲਾਂ ਜੌਨ ਅਬਰਾਹਮ ਨੇ ਜੈਸ਼ੰਕਰ ਨਾਲ ਮੁਲਾਕਾਤ ਕੀਤੀ

Current Updates

Leave a Comment