ਚੰਡੀਗੜ੍ਹ- ਉੱਘੇ ਬਾਡੀ ਬਿਲਡਰ ਵਰਿੰਦਰ ਘੁੰਮਣ ਦੀ ਅੱਜ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਇਹ ਪਤਾ ਲੱਗਿਆ ਹੈ ਕਿ ਉਹ ਇਲਾਜ ਲਈ ਅੰਮ੍ਰਿਤਸਰ ਗਏ ਸਨ ਜਿਥੇ ਉਨ੍ਹਾਂ ਨੂੰ ਦਿਲ ਦਾ ਦੌਰਾ ਪਿਆ। ਇਹ ਵੀ ਦੱਸਣਾ ਬਣਦਾ ਹੈ ਕਿ ਵਰਿੰਦਰ ਘੁੰਮਣ ਨੇ ਸ਼ਾਕਾਹਾਰੀ ਰਹਿੰਦਿਆਂ ਵਧੀਆ ਸਰੀਰ ਬਣਾਇਆ ਸੀ ਜਿਸ ਕਾਰਨ ਉਹ ਚਰਚਾ ਵਿਚ ਵੀ ਰਹੇ ਸਨ। ਇਹ ਵੀ ਕਿਆਸ ਲਾਏ ਜਾ ਰਹੇ ਸਨ ਕਿ ਵਰਿੰਦਰ 2027 ਦੀਆਂ ਵਿਧਾਨ ਸਭਾ ਚੋਣ ਲੜ ਸਕਦੇ ਹਨ। ਜ਼ਿਕਰਯੋਗ ਹੈ ਕਿ ਵਰਿੰਦਰ ਨੇ ਭਾਰਤ ਦੀ ਕਈ ਵਾਰ ਕੌਮਾਂਤਰੀ ਪੱਧਰ ’ਤੇ ਨੁਮਾਇੰਦਗੀ ਵੀ ਕੀਤੀ ਸੀ। ਵਰਿੰਦਰ ਸਿੰਘ ਘੁੰਮਣ ਭਾਰਤੀ ਪੇਸ਼ੇਵਰ ਬਾਡੀ ਬਿਲਡਰ ਸੀ। ਉਸ ਨੇ 2009 ਵਿੱਚ ਮਿਸਟਰ ਇੰਡੀਆ ਦਾ ਖਿਤਾਬ ਜਿੱਤਿਆ ਅਤੇ ਮਿਸਟਰ ਏਸ਼ੀਆ ਵਿੱਚ ਦੂਜਾ ਸਥਾਨ ਹਾਸਲ ਕੀਤਾ। ਉਹ ਮੂਲ ਰੂਪ ਵਿੱਚ ਗੁਰਦਾਸਪੁਰ ਦਾ ਰਹਿਣ ਵਾਲਾ ਸੀ।
