October 31, 2025
ਖਾਸ ਖ਼ਬਰਰਾਸ਼ਟਰੀ

ਰੂਸ ਲਈ ਲੜਨ ਵਾਲਾ ਭਾਰਤੀ ਵਿਦਿਆਰਥੀ ਯੂਕਰੇਨੀ ਫੌਜ ਵੱਲੋਂ ਕਾਬੂ

ਰੂਸ ਲਈ ਲੜਨ ਵਾਲਾ ਭਾਰਤੀ ਵਿਦਿਆਰਥੀ ਯੂਕਰੇਨੀ ਫੌਜ ਵੱਲੋਂ ਕਾਬੂ

ਗੁਜਰਾਤ- ਗੁਜਰਾਤ ਦੇ ਮੋਰਬੀ ਦੇ ਰਹਿਣ ਵਾਲੇ ਇੱਕ 22 ਸਾਲਾ ਭਾਰਤੀ ਨਾਗਰਿਕ, ਜਿਸ ਦੀ ਪਛਾਣ ਮਜੋਤੀ ਸਾਹਿਲ ਮੁਹੰਮਦ ਹੁਸੈਨ ਵਜੋਂ ਹੋਈ ਹੈ, ਨੂੰ ਕਥਿਤ ਤੌਰ ‘ਤੇ ਰੂਸੀ ਫੌਜ ਲਈ ਲੜਦੇ ਹੋਏ ਯੂਕਰੇਨੀ ਫੌਜਾਂ ਵੱਲੋਂ ਫੜਿਆ ਗਿਆ ਹੈ। ਭਾਰਤੀ ਅਧਿਕਾਰੀਆਂ ਨੇ ਅਜੇ ਤੱਕ ਹਿਰਾਸਤ ਦੀ ਪੁਸ਼ਟੀ ਨਹੀਂ ਕੀਤੀ ਹੈ ਅਤੇ ਉਹ ਫਿਲਹਾਲ ਰਿਪੋਰਟਾਂ ਦੀ ਤਸਦੀਕ ਕਰ ਰਹੇ ਹਨ।

ਯੂਕਰੇਨੀ ਮੀਡੀਆ ਆਊਟਲੈੱਟ ਦਿ ਕੀਵ ਇੰਡੀਪੈਂਡੈਂਟ ਦੇ ਅਨੁਸਾਰ ਹੁਸੈਨ ਸ਼ੁਰੂ ਵਿੱਚ ਇੱਕ ਯੂਨੀਵਰਸਿਟੀ ਵਿੱਚ ਪੜ੍ਹਨ ਲਈ ਰੂਸ ਗਿਆ ਸੀ ਪਰ ਬਾਅਦ ਵਿੱਚ ਉਸਨੂੰ ਰੂਸੀ ਫੌਜ ਵਿੱਚ ਭਰਤੀ ਕਰ ਲਿਆ ਗਿਆ। ਯੂਕਰੇਨ ਦੀ 63ਵੀਂ ਮਕੈਨਾਈਜ਼ਡ ਬ੍ਰਿਗੇਡ ਦੁਆਰਾ ਜਾਰੀ ਇੱਕ ਵੀਡੀਓ ਵਿੱਚ ਹੁਸੈਨ ਨੇ ਦਾਅਵਾ ਕੀਤਾ ਕਿ ਉਹ ਨਸ਼ਿਆਂ ਨਾਲ ਸਬੰਧਤ ਅਪਰਾਧਾਂ ਲਈ ਰੂਸ ਵਿੱਚ ਸੱਤ ਸਾਲ ਦੀ ਜੇਲ੍ਹ ਦੀ ਸਜ਼ਾ ਕੱਟ ਰਿਹਾ ਸੀ।

ਰਿਪੋਰਟ ਅਨੁਸਾਰ, ਜੇਲ੍ਹ ਵਿੱਚ ਰਹਿੰਦਿਆਂ ਉਸ ਨੂੰ ਆਪਣੀ ਸਜ਼ਾ ਪੂਰੀ ਕਰਨ ਦੇ ਬਦਲ ਵਜੋਂ ਵਿਸ਼ੇਸ਼ ਫੌਜੀ ਕਾਰਵਾਈ ਦੇ ਹਿੱਸੇ ਵਜੋਂ ਰੂਸੀ ਫੌਜ ਵਿੱਚ ਸ਼ਾਮਲ ਹੋਣ ਲਈ ਇੱਕ ਇਕਰਾਰਨਾਮੇ ਦੀ ਪੇਸ਼ਕਸ਼ ਕੀਤੀ ਗਈ ਸੀ। ਹੁਸੈਨ ਨੇ ਕਿਹਾ ਕਿ ਉਸ ਨੇ ਹੋਰ ਜੇਲ੍ਹ ਤੋਂ ਬਚਣ ਲਈ ਇਹ ਪੇਸ਼ਕਸ਼ ਸਵੀਕਾਰ ਕਰ ਲਈ।

ਉਸਨੇ ਦੱਸਿਆ ਕਿ ਉਸ ਨੂੰ ਸਿਰਫ 16 ਦਿਨਾਂ ਦੀ ਫੌਜੀ ਸਿਖਲਾਈ ਦਿੱਤੀ ਗਈ ਸੀ ਅਤੇ ਫਿਰ 1 ਅਕਤੂਬਰ ਨੂੰ ਅਗਲੀ ਲਾਈਨ ’ਤੇ ਭੇਜ ਦਿੱਤਾ ਗਿਆ ਸੀ। ਹੁਸੈਨ ਨੇ ਕਿਹਾ ਕਿ ਤਿੰਨ ਦਿਨ ਦੀ ਲੜਾਈ ਅਤੇ ਆਪਣੇ ਕਮਾਂਡਰ ਨਾਲ ਅਸਹਿਮਤੀ ਤੋਂ ਬਾਅਦ, ਉਸ ਨੇ ਯੂਕਰੇਨੀ ਫੌਜਾਂ ਅੱਗੇ ਸਵੈ-ਇੱਛਾ ਨਾਲ ਆਤਮ-ਸਮਰਪਣ ਕਰ ਦਿੱਤਾ। ਉਸ ਨੇ ਵੀਡੀਓ ਵਿੱਚ ਕਿਹਾ, ‘‘ਮੈਂ ਲਗਭਗ 2-3 ਕਿਲੋਮੀਟਰ ਦੂਰ ਇੱਕ ਯੂਕਰੇਨੀ ਖਾਈ ਦੇਖੀ। ਮੈਂ ਆਪਣਾ ਹਥਿਆਰ ਸੁੱਟ ਦਿੱਤਾ ਅਤੇ ਉਨ੍ਹਾਂ ਨੂੰ ਦੱਸਿਆ ਕਿ ਮੈਂ ਲੜਨਾ ਨਹੀਂ ਚਾਹੁੰਦਾ ਅਤੇ ਮੈਨੂੰ ਮਦਦ ਦੀ ਲੋੜ ਹੈ।’’

ਹੁਸੈਨ ਨੇ ਇਹ ਵੀ ਦਾਅਵਾ ਕੀਤਾ ਕਿ, ਹਾਲਾਂਕਿ ਉਸਨੂੰ ਰੂਸੀ ਫੌਜ ਵਿੱਚ ਆਪਣੀ ਸੇਵਾ ਲਈ ਵਿੱਤੀ ਮੁਆਵਜ਼ੇ ਦਾ ਵਾਅਦਾ ਕੀਤਾ ਗਿਆ ਸੀ, ਪਰ ਉਸ ਨੂੰ ਕਦੇ ਕੋਈ ਭੁਗਤਾਨ ਨਹੀਂ ਮਿਲਿਆ। ਉਸਨੇ ਅੱਗੇ ਕਿਹਾ, “ਮੈਂ ਵਾਪਸ ਰੂਸ ਨਹੀਂ ਜਾਣਾ ਚਾਹੁੰਦਾ। ਉੱਥੇ ਕੋਈ ਸੱਚਾਈ ਨਹੀਂ, ਕੁਝ ਵੀ ਨਹੀਂ। ਮੈਂ ਇਸ ਦੀ ਬਜਾਏ ਇੱਥੇ (ਯੂਕਰੇਨ ਵਿੱਚ) ਜੇਲ੍ਹ ਵਿੱਚ ਰਹਾਂਗਾ।” ਐੱਨਡੀਟੀਵੀ ਦੀ ਰਿਪੋਰਟ ਅਨੁਸਾਰ ਇਸ ਸਬੰਧੀ ਭਾਰਤ ਦੇ ਵਿਦੇਸ਼ ਮੰਤਰਾਲੇ (ਐਮ.ਈ.ਏ.) ਨੇ ਕਿਹਾ: “ਅਸੀਂ ਰਿਪੋਰਟ ਦੀ ਸੱਚਾਈ ਦਾ ਪਤਾ ਲਗਾ ਰਹੇ ਹਾਂ। ਸਾਨੂੰ ਇਸ ਸਬੰਧ ਵਿੱਚ ਅਜੇ ਤੱਕ ਯੂਕਰੇਨੀ ਪੱਖ ਤੋਂ ਕੋਈ ਰਸਮੀ ਸੰਚਾਰ ਪ੍ਰਾਪਤ ਨਹੀਂ ਹੋਇਆ ਹੈ।’’

ਇਸ ਸਾਲ ਦੇ ਸ਼ੁਰੂ ਵਿੱਚ, ਭਾਰਤ ਸਰਕਾਰ ਨੇ ਖੁਲਾਸਾ ਕੀਤਾ ਸੀ ਕਿ ਘੱਟੋ-ਘੱਟ 12 ਭਾਰਤੀ ਨਾਗਰਿਕ ਰੂਸੀ ਫੌਜ ਲਈ ਲੜਦੇ ਹੋਏ ਮਾਰੇ ਗਏ ਸਨ, ਜਦੋਂ ਕਿ 16 ਹੋਰ ਲਾਪਤਾ ਦੱਸੇ ਗਏ ਸਨ। ਭਾਰਤ ਨੇ ਉਦੋਂ ਤੋਂ ਮਾਸਕੋ ਨਾਲ ਇਸ ਮੁੱਦੇ ਨੂੰ ਜ਼ੋਰਦਾਰ ਢੰਗ ਨਾਲ ਉਠਾਇਆ ਹੈ ਅਤੇ ਸੰਘਰਸ਼ ਵਿੱਚ ਸ਼ਾਮਲ ਭਾਰਤੀ ਨਾਗਰਿਕਾਂ ਦੀ ਜਲਦੀ ਰਿਹਾਈ ਦੀ ਅਪੀਲ ਕੀਤੀ ਹੈ।

Related posts

ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਵਿਭਾਗ ਵਿੱਚ ਤਰੱਕੀਆਂ ਦਾ ਦੌਰ ਜਾਰੀ: ਡਾ.ਬਲਜੀਤ ਕੌਰ

Current Updates

ਕੈਨੇਡੀਅਨ ਸੁਪਰੀਮ ਕੋਰਟ ਵੱਲੋਂ ਹਰਦੀਪ ਸਿੰਘ ਨਿੱਝਰ ਕਤਲ ਕੇਸ ’ਚ ਗ੍ਰਿਫ਼ਤਾਰ 4 ਭਾਰਤੀਆਂ ਨੂੰ ਜ਼ਮਾਨਤ

Current Updates

ਸੁਪਰੀਮ ਕੋਰਟ ਨੇ ਤਲਾਕ ਲਈ ਪਤਨੀ ਨੂੰ ਇਕਮੁਸ਼ਤ 5 ਕਰੋੜ ਰੁਪਏ ਦੇਣ ਦਾ ਪਤੀ ਨੂੰ ਦਿੱਤਾ ਹੁਕਮ, ਜਾਣੋ ਕੀ ਮਾਮਲਾ

Current Updates

Leave a Comment