ਅੰਤਰਰਾਸ਼ਟਰੀ ਪੱਧਰ ਤੇ ਕੀਤਾ ਭਾਰਤ ਦਾ ਨਾਮ ਰੌਸ਼ਨ
ਪਟਿਆਲਾ- ਇੰਟਰਨੈੱਟ ਦੇ ਡਿਜੀਟਲ ਪਲੇਟਫ਼ਾਰਮ ‘ਤੇ ਪੰਜਾਬੀ ਭਾਸ਼ਾ ਦੇ ਪ੍ਰਚਾਰ, ਪ੍ਰਸਾਰ ਅਤੇ ਵਿਕਾਸ ਲਈ ਵੱਡਾ ਯੋਗਦਾਨ ਪਾਉਣ ਵਾਲੀ ਵਿਕੀਮੀਡੀਅਨ ਨਿਤੇਸ਼ ਗਿੱਲ ਦਾ ਸਨਮਾਨ ਕੀਤਾ ਗਿਆ। ਪੰਜਾਬੀ ਵਿਕੀਮੀਡੀਅਨਜ਼ ਯੂਜ਼ਰ ਗਰੁੱਪ ਅਤੇ ਮਾਤ ਭਾਸ਼ਾ ਜਾਗਰੂਕਤਾ ਮੰਚ ਪੰਜਾਬ ਵੱਲੋਂ ਸਾਂਝ ਸਦਨ ਪਟਿਆਲਾ ਵਿਖੇ ਆਯੋਜਿਤ ਇਸ ਸਨਮਾਨ ਸਮਾਰੋਹ ਦੀ ਪ੍ਰਧਾਨਗੀ ਉੱਘੇ ਅਨੁਵਾਦਕ ਅਤੇ ਚਿੰਤਕ ਚਰਨ ਗਿੱਲ ਨੇ ਕੀਤੀ। ਇਹ ਸਨਮਾਨ ਨਿਤੇਸ਼ ਗਿੱਲ ਨੂੰ ਹਾਲ ਹੀ ਵਿੱਚ ਨੈਰੋਬੀ, ਕੀਨੀਆ ਵਿਖੇ ਹੋਈ ਵਿਕੀਮੇਨੀਆ 2025 ਕਾਨਫਰੰਸ ਵਿੱਚ ਵਿਕੀਮੀਡੀਅਨ ਆਫ ਦਾ ਈਅਰ ਐਵਾਰਡਸ ਵਿੱਚ ‘ਆਨਰੇਬਲ ਮੈਂਸ਼ਨ’ ਸਨਮਾਨ ਮਿਲਣ ਕਰਕੇ ਦਿੱਤਾ ਗਿਆ। ਉਨ੍ਹਾਂ ਨੂੰ ਫੁਲਕਾਰੀ ਅਤੇ ਸਨਮਾਨ ਚਿੰਨ ਭੇਂਟ ਕੀਤਾ ਗਿਆ।
ਸਮਾਰੋਹ ਦੌਰਾਨ ਪੰਜਾਬੀ ਵਿਕੀਮੀਡੀਨ ਯੂਜਰ ਗਰੁੱਪ ਦੇ ਕੋਆਰਡੀਨੇਟਰ ਕੁਲਦੀਪ ਬੁਰਜ ਭਲਾਈਕੇ ਨੇ ਕਿਹਾ ਕਿ ਇਹ ਸਨਮਾਨ ਵਿਕੀਮੀਡੀਆ ਲਹਿਰ ਵਿੱਚ ਨਿਤੇਸ਼ ਗਿੱਲ ਦੇ ਯੋਗਦਾਨ ਦੀ ਅੰਤਰਰਾਸ਼ਟਰੀ ਪੱਧਰ ‘ਤੇ ਮਾਨਤਾ ਹੈ। ਉਹ ਭਾਰਤ ਦੇ ਉਨ੍ਹਾਂ ਤਿੰਨ ਵਿਅਕਤੀਆਂ ਵਿੱਚੋਂ ਇੱਕ ਹਨ ਜਿਨ੍ਹਾਂ ਨੂੰ ਇਹ ਵਿਸ਼ੇਸ਼ ਸਨਮਾਨ ਮਿਲਿਆ ਹੈ, ਜਿਨ੍ਹਾਂ ਵਿੱਚੋਂ ਇੱਕ ਸਤਦੀਪ ਗਿੱਲ ਨੂੰ 2015 ਵਿੱਚ ਅਤੇ ਨਿਤੇਸ਼ ਗਿੱਲ ਨੂੰ 10 ਸਾਲ ਬਾਅਦ 2025 ਵਿੱਚ ਇਹ ਮਾਨਤਾ ਪ੍ਰਾਪਤ ਹੋਈ ਹੈ। ਨਿਤੇਸ਼ ਗਿੱਲ ਬਾਰੇ ਦੱਸਦਿਆਂ ਕੁਲਦੀਪ ਨੇ ਕਿਹਾ ਕਿ ਉਹ ਲਗਭਗ 10 ਸਾਲਾਂ ਤੋਂ ਪੰਜਾਬੀ ਵਿਕੀਮੀਡੀਆ ਲਹਿਰ ਨਾਲ ਜੁੜੇ ਹੋਏ ਹਨ ਅਤੇ ਪੰਜਾਬੀ ਵਿਕੀਪੀਡੀਆ ‘ਤੇ ਇਕਲੌਤੀ ਮਹਿਲਾ ਐਡਮਿਨਿਸਟਰੇਟਰ ਹਨ। ਉਨ੍ਹਾਂ ਨੇ ਵਿਕੀਪੀਡੀਆ ‘ਤੇ 100 ਵਿਕੀਡੇਜ਼ ਚੈਲੇਂਜ ਪੂਰਾ ਕਰਕੇ 2200 ਤੋਂ ਵੱਧ ਔਰਤਾਂ ਦੀਆਂ ਜੀਵਨੀਆਂ ਲਿਖੀਆਂ ਹਨ। ਉਹ ‘ਸ਼ੀ ਲੀਡਸ’ ਪ੍ਰੋਗਰਾਮ ਦੀ ਸੰਸਥਾਪਕ ਵੀ ਹਨ। ਪੰਜਾਬੀ ਯੂਨੀਵਰਸਿਟੀ ਤੋਂ ਐੱਮ.ਏ. ਕਰਨ ਉਪਰੰਤ ਉਨ੍ਹਾਂ ਐੱਮ.ਫਿਲ. ਦੀ ਡਿਗਰੀ ਦਿੱਲੀ ਯੂਨੀਵਰਸਿਟੀ ਤੋਂ ਪ੍ਰਾਪਤ ਕੀਤੀ ਹੈ ਤੇ ਹੁਣ ਉੱਥੋਂ ਹੀ ਅਤੇ ਪੀ.ਐੱਚ.ਡੀ. ਕਰ ਰਹੇ ਹਨ। ਸੈਂਟਰ ਫਾਰ ਇੰਟਰਨੈੱਟ ਐਂਡ ਸੋਸਾਇਟੀ ਬੰਗਲੌਰ ਵਿਖੇ ਛੇ ਸਾਲ ਪ੍ਰੋਗਰਾਮ ਅਫ਼ਸਰ ਵਜੋਂ ਕੰਮ ਕਰਨ ਉਪਰੰਤ ਹੁਣ ਉਹ ਆਈਆਈਆਈਟੀ ਹੈਦਰਾਬਾਦ ਨਾਲ ਬਤੌਰ ਪ੍ਰੋਗਰਾਮ ਅਫ਼ਸਰ ਜੁੜੇ ਹੋਏ ਹਨ। ਇਸ ਤੋਂ ਇਲਾਵਾ ਉਨ੍ਹਾਂ ਨੇ ਦੋ ਕਿਤਾਬਾਂ, ‘ਬੰਬੇ ਬਾਰ’ ਅਤੇ ‘ਭਾਫ਼ ਦੇ ਘਰ ਵਿੱਚ ਸ਼ੀਸ਼ੇ ਦੀ ਕੁੜੀ’ ਦਾ ਪੰਜਾਬੀ ਅਨੁਵਾਦ ਵੀ ਕੀਤਾ ਹੈ।
ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਚਰਨ ਗਿੱਲ ਨੇ ਕਿਹਾ ਕਿ ਨਿਤੇਸ਼ ਗਿੱਲ ਦਾ ਕੰਮ ਸਿਰਫ਼ ਪੰਜਾਬੀ ਭਾਸ਼ਾ ਲਈ ਹੀ ਨਹੀਂ, ਸਗੋਂ ਸਮੁੱਚੀ ਵਿਕੀਮੀਡੀਆ ਲਹਿਰ ਲਈ ਇੱਕ ਮਿਸਾਲ ਹੈ। ਉਨ੍ਹਾਂ ਨੇ ਆਪਣੇ ਅਥੱਕ ਯਤਨਾਂ ਨਾਲ ਪੰਜਾਬੀ ਨੂੰ ਡਿਜੀਟਲ ਪਲੇਟਫਾਰਮ ‘ਤੇ ਉੱਚਾ ਚੁੱਕਿਆ ਹੈ। ਸਭ ਤੋਂ ਵੱਡੀ ਗੱਲ ਇਹ ਹੈ ਕਿ ਉਨ੍ਹਾਂ ਨੇ ਔਰਤਾਂ ਨਾਲ ਸਬੰਧਤ ਸਮੱਗਰੀ ਨੂੰ ਵਧਾ ਕੇ ਸਮਾਜਿਕ ਬਰਾਬਰੀ ਦੇ ਖੇਤਰ ਵਿੱਚ ਵੀ ਵੱਡਾ ਯੋਗਦਾਨ ਪਾਇਆ ਹੈ। ਉਨ੍ਹਾਂ ਦਾ ਇਹ ਸਨਮਾਨ ਹਰ ਉਸ ਵਿਅਕਤੀ ਲਈ ਪ੍ਰੇਰਣਾ ਹੈ, ਜੋ ਆਪਣੀ ਮਾਤ ਭਾਸ਼ਾ ਅਤੇ ਗਿਆਨ ਦੇ ਖੇਤਰ ਵਿੱਚ ਕੰਮ ਕਰਨਾ ਚਾਹੁੰਦਾ ਹੈ।
ਸੀਨੀਅਰ ਵਿਕੀਮੀਡੀਅਨ ਸਤਦੀਪ ਗਿੱਲ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਅੱਜ ਤੋਂ ਦਸ ਸਾਲ ਪਹਿਲਾਂ ਜਦੋਂ ਮੈਨੂੰ ਇਹ ਸਨਮਾਨ ਮਿਲਿਆ ਸੀ, ਤਾਂ ਪੰਜਾਬੀ ਵਿਕੀਮੀਡੀਆ ਬਹੁਤ ਛੋਟਾ ਸੀ। ਪਰ ਨਿਤੇਸ਼ ਵਰਗੇ ਸਮਰਪਿਤ ਵਾਲੰਟੀਅਰਾਂ ਦੀ ਬਦੌਲਤ ਅੱਜ ਸਾਡਾ ਭਾਈਚਾਰਾ ਨਾ ਸਿਰਫ਼ ਵਧਿਆ ਹੈ, ਸਗੋਂ ਇਸ ਨੇ ਵਿਸ਼ਵ ਪੱਧਰ ‘ਤੇ ਪਛਾਣ ਵੀ ਬਣਾਈ ਹੈ। ਨਿਤੇਸ਼ ਦਾ ਕੰਮ ਸਾਡੇ ਸਾਰਿਆਂ ਲਈ ਮਾਣ ਵਾਲੀ ਗੱਲ ਹੈ।
ਵਿਕੀਮੀਡੀਆ ਯੂਜਰ ਗਰੁੱਪ ਦੇ ਵਲੰਟੀਅਰ ਮੀਡੀਆ ਇੰਚਾਰਜ ਅਮਨ ਅਰੋੜਾ ਨੇ ਕਿਹਾ ਕਿ ਨਿਤੇਸ਼ ਦਾ ਕੰਮ ਸਿਰਫ਼ ਲੇਖ ਲਿਖਣ ਤੱਕ ਸੀਮਤ ਨਹੀਂ, ਸਗੋਂ ਉਨ੍ਹਾਂ ਨੇ ਨਵੇਂ ਵਾਲੰਟੀਅਰਾਂ ਨੂੰ ਸਿਖਲਾਈ ਦੇਣ ਅਤੇ ਨਵੇਂ ਪ੍ਰੋਜੈਕਟ ਸ਼ੁਰੂ ਕਰਨ ਵਿੱਚ ਵੀ ਅਹਿਮ ਭੂਮਿਕਾ ਨਿਭਾਈ ਹੈ। ਉਹ ਪੰਜਾਬੀ ਵਿਕੀਮੀਡੀਆ ਦੀ ਰੀੜ੍ਹ ਦੀ ਹੱਡੀ ਹਨ ਅਤੇ ਉਨ੍ਹਾਂ ਦੀ ਮਿਹਨਤ ਸਦਕਾ ਹੀ ਅਸੀਂ ਅੱਜ ਇਸ ਮੁਕਾਮ ‘ਤੇ ਪਹੁੰਚੇ ਹਾਂ। ਨਿਤੇਸ਼ ਗਿੱਲ ਨੇ ਇਸ ਸਨਮਾਨ ਲਈ ਦੋਵਾਂ ਸੰਸਥਾਵਾਂ ਦਾ ਧੰਨਵਾਦ ਕੀਤਾ ਅਤੇ ਭਵਿੱਖ ਵਿੱਚ ਵੀ ਆਪਣਾ ਯੋਗਦਾਨ ਜਾਰੀ ਰੱਖਣ ਦਾ ਪ੍ਰਣ ਕੀਤਾ। ਇਸ ਮੌਕੇ ਵਿਕੀਮੀਡੀਅਨ ਗੁਰਮੇਲ ਕੌਰ, ਕੁਲਦੀਪ ਸਿੰਘ, ਅੰਮ੍ਰਿਤਪਾਲ ਕੌਰ, ਵਿਨੋਦ ਬਾਲੀ, ਰਮਨਪ੍ਰੀਤ ਕੌਰ ਬਾਲੀ, ਰਵਿੰਦਰ ਰਵੀ, ਐਡਵੋਕੇਟ ਸਲੀਮ ਵਰਾਲ ਅਤੇ ਹੋਰ ਪਤਵੰਤੇ ਲੋਕ ਮੌਜੂਦ ਸਨ।
