ਹਾਂਗ ਕਾਂਗ- ਭਾਰਤ ਦੀ ਸਟਾਰ ਪੁਰਸ਼ ਡਬਲਜ਼ ਜੋੜੀ ਸਾਤਵਿਕਸਾਈਰਾਜ ਰੰਕੀਰੈੱਡੀ ਅਤੇ ਚਿਰਾਗ ਸ਼ੈੱਟੀ ਨੂੰ ਅੱਜ ਹਾਂਗਕਾਂਗ ਓਪਨ ਸੁਪਰ 500 ਦੇ ਫਾਈਨਲ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ। ਭਾਰਤ ਦੀ ਸਿਖਰਲੀ ਪੁਰਸ਼ ਡਬਲਜ਼ ਜੋੜੀ ਨੂੰ ਚੀਨੀ ਜੋੜੀ ਲਿਆਂਗ ਵੇਈ ਕੇਂਗ ਤੇ ਵਾਂਗ ਚਾਂਗ ਨੇ ਹਰਾਇਆ। ਭਾਰਤੀ ਟੀਮ ਨੇ ਜਿੱਤਣ ਲਈ ਪੂਰੀ ਵਾਹ ਲਾਈ ਪਰ ਪਹਿਲੇ ਸੈਟ ਤੋਂ ਬਾਅਦ ਚੀਨੀ ਖਿਡਾਰੀ ਹਾਵੀ ਰਹੇ। ਇਹ ਮੁਕਾਬਲਾ 61 ਮਿੰਟ ਚੱਲਿਆ ਜਿਸ ਵਿਚ ਭਾਰਤੀ ਖਿਡਾਰੀਆਂ ਨੂੰ 21-19, 14-21, 17-21 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਤੋਂ ਇਕ ਦਿਨ ਪਹਿਲਾਂ ਭਾਰਤੀ ਜੋੜੀ ਨੇ ਚੀਨੀ ਤਾਇਪੇ ਦੇ ਬਿੰਗ-ਵੇਈ ਲਿਨ ਅਤੇ ਚੇਨ ਚੇਂਗ ਕੁਆਨ ਨੂੰ 21-17, 21-15 ਨਾਲ ਹਰਾ ਕੇ ਫਾਈਨਲ ਵਿੱਚ ਥਾਂ ਬਣਾਈ ਸੀ। ਇਸ ਤੋਂ ਪਹਿਲਾਂ ਇਸ ਜੋੜੀ ਨੂੰ ਛੇ ਸੈਮੀਫਾਈਨਲ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ ਸੀ।
