December 1, 2025
ਖਾਸ ਖ਼ਬਰਚੰਡੀਗੜ੍ਹਪੰਜਾਬ

ਤਿੱਬਤੀ ਵਿਕੀਸਰੋਤ ਲਈ ਪੰਜਾਬੀ ਦੇਣਗੇ ਸਹਿਯੋਗ

ਤਿੱਬਤੀ ਵਿਕੀਸਰੋਤ ਲਈ ਪੰਜਾਬੀ ਦੇਣਗੇ ਸਹਿਯੋਗ

ਸਬਹੈਡਿੰਗ- ਦੋ ਰੋਜ਼ਾ ਸਿਖਲਾਈ ਵਰਕਸ਼ਾਪ ’ਚ ਲਿਆ ਤਿੱਬਤੀਆਂ ਨੇ ਹਿੱਸਾ

ਪਟਿਆਲਾ। ਉਰਦੂ ਵਿਕੀਸਰੋਤ ਸ਼ੁਰੂ ਕਰਵਾਉਣ ਦੇ ਨਾਲ-ਨਾਲ ਪੰਜਾਬੀ ਵਿਕੀਮੀਡੀਅਨਜ਼ ਨੇ ਹੁਣ ਤਿੱਬਤੀ ਭਾਸ਼ਾ ਦਾ ਵਿਕੀਸਰੋਤ ਸ਼ੁਰੂ ਕਰਵਾਉਣ ਲਈ ਵੀ ਹੱਥ ਅੱਗੇ ਵਧਾਇਆ ਹੈ। ਪੰਜਾਬੀ ਵਿਕੀਮੀਡੀਅਨਜ਼ ਯੂਜ਼ਰ ਗਰੁੱਪ ਵੱਲੋਂ ਕਰਵਾਈ ਦੋ-ਰੋਜ਼ਾ ਵਰਕਸ਼ਾਪ ਦੌਰਾਨ ਤਿੱਬਤੀ ਵਿਕੀਮੀਡੀਅਨਜ਼ ਨੇ ਸ਼ਾਮਲ ਹੋਕੇ ਇਸ ਸਬੰਧੀ ਸਿਖਲਾਈ ਹਾਸਲ ਕੀਤੀ। ਦੱਸਣਯੋਗ ਹੈ ਕਿ ਵਿਕੀਸਰੋਤ ਵਿਕੀਮੀਡੀਆ ਫਾਉਂਡੇਸ਼ਨ, ਅਮਰੀਕਾ ਦਾ ਗਿਆਨ ਅਤੇ ਸਿੱਖਿਆ ਦੀ ਮੁਫ਼ਤ ਉਪਲਬਧਤਾ ਨੂੰ ਪ੍ਰਣਾਇਆ ਆਨਲਾਈਨ ਲਾਇਬ੍ਰੇਰੀ ਪ੍ਰੋਜੈਕਟ ਹੈ, ਜੋ ਕਿ ਵਿਸ਼ਵ ਦੀਆਂ 80 ਭਾਸ਼ਾਵਾਂ ਵਿੱਚ ਸ਼ੁਰੂ ਹੋ ਚੁੱਕਿਆ ਹੈ ਅਤੇ ਹੋਰ ਭਾਸ਼ਾਵਾਂ ਵਿੱਚ ਸ਼ੁਰੂ ਕਰਨ ਦੀ ਪ੍ਰਕਿਰਿਆ ਲਗਾਤਾਰ ਜਾਰੀ ਹੈ। ਉਰਦੂ ਵਿਕੀਸਰੋਤ ਸ਼ੁਰੂ ਕਰਵਾਉਣ ਲ਼ਈ ਚੜ੍ਹਦੇ ਪੰਜਾਬ ਦੇ ਵਿਕੀਮੀਡੀਅਨਜ਼ ਪਹਿਲਾਂ ਹੀ ਕੋਸ਼ਿਸ਼ਾਂ ਅਰੰਭ ਕਰ ਚੁੱਕੇ ਹਨ।

ਤਿੱਬਤੀ ਵਿਕੀਸਰੋਤ ਲਈ ਪੰਜਾਬੀ ਦੇਣਗੇ ਸਹਿਯੋਗਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬੀ ਵਿਕੀਮੀਡੀਅਨਜ਼ ਯੂਜ਼ਰ ਗਰੁੱਪ ਦੇ ਵਲੰਟੀਅਰ ਮੀਡੀਆ ਇੰਚਾਰਜ ਅਮਨ ਅਰੋੜਾ ਨੇ ਦੱਸਿਆ ਕਿ ਪਟਿਆਲਾ ਵਿਖੇ ਸੀਨੀਅਰ ਵਿਕੀਮੀਡੀਅਨ ਸਤਦੀਪ ਗਿੱਲ, ਆਈਆਈਆਈਟੀ ਹੈਦਰਾਬਾਦ ਦੀ ਪ੍ਰੋਗਰਾਮ ਅਫ਼ਸਰ ਨਿਤੇਸ਼ ਗਿੱਲ ਅਤੇ ਗਰੁੱਪ ਕੋਆਰਡੀਨੇਟਰ ਕੁਲਦੀਪ ਸਿੰਘ ਬੁਰਜ ਭਲਾਈਕੇ ਦੀ ਅਗਵਾਈ ਵਿੱਚ ਪੰਜਾਬੀ ਵਿਕੀਸਰੋਤ ਤੇ ਕੰਮ ਕਰਨ ਵਾਲੇ ਵਲੰਟੀਅਰਾਂ ਦੀ ਦੋ-ਰੋਜ਼ਾ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਵਰਕਸ਼ਾਪ ਵਿੱਚ ‘ਓਪਨ ਪੇਚਾ’ ਨਾਮਕ ਸੰਸਥਾ ਦੇ ਦੋ ਵਲੰਟੀਅਰਾਂ, ਦੇਹਰਾਦੂਨ ਤੋਂ ਤੇਨਜ਼ਿਨ ਤਸੇਵਾਂਗ ਅਤੇ ਕਾਂਗੜਾ ਤੋਂ ਬੌਧ ਸੰਨਿਆਸੀ ਚੋਡੂਪ, ਨੇ ਹਿੱਸਾ ਲਿਆ। ‘ਓਪਨ ਪੇਚਾ’ ਇੰਟਰਨੈੱਟ ਦੇ ਡਿਜੀਟਲ ਪਲੇਟਫ਼ਾਰਮ ਤੇ ਤਿੱਬਤੀ ਭਾਸ਼ਾ ਦੇ ਪ੍ਰਚਾਰ, ਪ੍ਰਸਾਰ ਅਤੇ ਵਿਕਾਸ ਹਿੱਤ ਕਾਰਜਸ਼ੀਲ ਸੰਸਥਾ ਹੈ। ਜੂਨ 2025 ਵਿੱਚ ਓਪਨ ਪੇਚਾ ਨੇ ਸਤਦੀਪ ਗਿੱਲ ਨਾਲ ਤਿੱਬਤੀ ਭਾਸ਼ਾ ਦਾ ਵਿਕੀਸਰੋਤ ਸ਼ੁਰੂ ਕਰਨ ਬਾਰੇ ਮੁਢਲੀਆਂ ਗੱਲਾਂ ਕੀਤੀਆਂ ਸਨ। ਇਸ ਤੋਂ ਬਾਅਦ ਅਗਸਤ 2025 ਵਿੱਚ ਕੀਨੀਆ ਵਿਖੇ ਹੋਈ ਵਿਕੀਮੀਡੀਅਨਜ਼ ਦੀ ਵਿਸ਼ਵ ਪੱਧਰੀ ਕਾਨਫਰੰਸ ਦੌਰਾਨ ਨਿਤੇਸ਼ ਗਿੱਲ ਨੇ ਓਪਨ ਪੇਚਾ ਦੇ ਮੈਂਬਰਾਂ ਨੂੰ ਇਸ ਵਰਕਸ਼ਾਪ ਵਿੱਚ ਭਾਗ ਲੈਣ ਲਈ ਸੱਦਾ ਦਿੱਤਾ।

ਤਿੱਬਤੀ ਵਿਕੀਸਰੋਤ ਲਈ ਪੰਜਾਬੀ ਦੇਣਗੇ ਸਹਿਯੋਗਉਨ੍ਹਾਂ ਦੱਸਿਆ ਕਿ ਤਿੱਬਤੀ ਭਾਸ਼ਾ ਦਾ ਵਿਕੀਸਰੋਤ ਅਜੇ ਸ਼ੁਰੂ ਹੋਣਾ ਹੈ, ਜਿਸ ਸੰਬੰਧੀ ਮੁੱਢਲੀਆਂ ਸ਼ਰਤਾਂ ਪੂਰੀ ਕਰਨ ਲਈ ‘ਓਪਨ ਪੇਚਾ’ ਸੰਸਥਾ ਪੰਜਾਬੀ ਵਿਕੀਮੀਡੀਅਨਜ਼ ਯੂਜਰ ਗਰੁੱਪ ਦੀ ਮਦਦ ਲੈ ਰਹੀ ਹੈ।
ਵਰਕਸ਼ਾਪ ਦੇ ਸਮਾਪਨ ਮੌਕੇ ਤਿੱਬਤੀ ਨੁਮਾਇੰਦੇ ਤੇਨਜ਼ਿਨ ਤਸੇਵਾਂਗ ਨੇ ਕਿਹਾ ਕਿ ਇਸ ਵਰਕਸ਼ਾਪ ਨਾਲ ਪੰਜਾਬੀ ਅਤੇ ਤਿੱਬਤੀ ਭਾਈਚਾਰੇ ਦਰਮਿਆਨ ਇੱਕ ਸਾਂਝ ਦੀ ਸ਼ੁਰੂਆਤ ਹੋਈ ਹੈ, ਜੋ ਕਿ ਭਵਿੱਖ ਵਿੱਚ ਅੰਤਰ-ਭਾਸ਼ਾ ਅਤੇ ਅੰਤਰ-ਸੱਭਿਆਚਾਰ ਸੰਵਾਦ ਦੇ ਖੇਤਰ ਵਿੱਚ ਇੱਕ ਮਿਸਾਲ ਸਾਬਿਤ ਹੋਵੇਗੀ। ਵਰਕਸ਼ਾਪ ਦੌਰਾਨ ਸਤਦੀਪ ਗਿੱਲ, ਨਿਤੇਸ਼ ਗਿੱਲ, ਕੁਲਦੀਪ ਬੁਰਜਭਲਾਈਕੇ, ਚਰਨ ਗਿੱਲ, ਜੱਸੂ ਰੂਮੀ, ਤਮਨਪ੍ਰੀਤ ਕੌਰ ਨੇ ਵਿਕੀਮੀਡੀਅਨਜ਼ ਨੂੰ ਵਿਕੀਸਰੋਤ ਤੇ ਕੰਮ ਕਰਨ ਸਬੰਧੀ ਤਕਨੀਕੀ ਸਿਖਲਾਈ ਦਿੱਤੀ। ਵਿਕੀਸਰੋਤ ਲਈ ਆਪਣੀਆਂ ਛੇ ਕਿਤਾਬਾਂ ਦਾ ਵਲੰਟੀਅਰ ਯੋਗਦਾਨ ਦੇਣ ਵਾਲੇ ਲੇਖਕ ਬਲਰਾਮ ਬੋਧੀ ਅਤੇ ਸਭ ਤੋਂ ਵੱਧ ਕੰਮ ਕਰਨ ਵਾਲੀ ਵਲੰਟੀਅਰ ਸੋਨੀਆ ਅਟਵਾਲ ਨੂੰ ਸਨਮਾਨਿਤ ਕੀਤਾ ਗਿਆ। ਪ੍ਰਸਿੱਧ ਗਾਇਕਾ ਕੁਸੁਮ ਸ਼ਰਮਾ ਨੇ ਗੀਤ ਪੇਸ਼ ਕਰ ਮਹਿਮਾਨਾਂ ਦਾ ਮਨੋਰੰਜਨ ਕੀਤਾ। ਗੀਤ ਆਰਟਸ ਦੇ ਸੁਖਜੀਵਨ ਸਿੰਘ ਨੇ ਵਰਕਸ਼ਾਪ ਦੌਰਾਨ ਫੋਟੋਗ੍ਰਾਫੀ ਦੀ ਸੇਵਾ ਨਿਭਾਈ।
ਇਸ ਮੌਕੇ ’ਤੇ ਡਾ. ਪਵਨ ਟਿੱਬਾ, ਕੁਲਦੀਪ ਸਿੰਘ, ਗੁਰਤੇਜ ਚੌਹਾਨ, ਗੁਰਜੀਤ ਚੌਹਾਨ, ਸਹਿਜਪ੍ਰੀਤ ਕੌਰ, ਤਰਨਪ੍ਰੀਤ ਕੌਰ, ਅਰਸ਼ ਰੰਡਿਆਲਾ, ਅੰਮ੍ਰਿਤਪਾਲ ਕੌਰ, ਸਤਪਾਲ ਦੰਦੀਵਾਲ, ਗੁਰਲਾਲ ਮਾਨ ਹਾਜ਼ਰ ਸਨ।

Related posts

ਰਾਜਾ ਰਘੂਵੰਸ਼ੀ ਦੇ ਅੰਤਿਮ ਸੰਸਕਾਰ ’ਚ ਨਜ਼ਰ ਆਇਆ ਸੀ ਭਾੜੇ ਦਾ ਕਾਤਲ

Current Updates

ਜਨਤਕ ਸੇਵਾਵਾਂ ਮੁਹੱਈਆ ਕਰਨ ਵਿੱਚ ਨਵੇਂ ਮੀਲ ਪੱਥਰ ਸਥਾਪਤ ਕਰਨ ਲਈ ਆਖਿਆ

Current Updates

ਅਕਾਲੀ ਦਲ ਦੀ ਸੁਰਜੀਤੀ ਲਈ ਭਰਤੀ ਕਮੇਟੀ ਨਾਲ ਸਹਿਯੋਗ ਕਰੇ ਸੰਗਤ: ਹਰਪ੍ਰੀਤ ਸਿੰਘ

Current Updates

Leave a Comment