ਜਲੰਧਰ- ਇਥੇ ਹੁੁਸ਼ਿਆਰਪੁਰ ਜਲੰਧਰ ਰੋਡ ’ਤੇ ਸ਼ੁੱਕਰਵਾਰ ਰਾਤ ਨੂੰ ਵਾਪਰੇ ਭਿਆਨਕ ਟੈਂਕਰ ਹਾਦਸੇ ਵਿਚ ਝੁਲਸਣ ਵਾਲੇ ਚਾਰ ਹੋਰ ਵਿਅਕਤੀਆਂ ਦੇ ਦਮ ਤੋੜਨ ਨਾਲ ਇਸ ਹਾਦਸੇ ਵਿਚ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ ਸੱਤ ਹੋ ਗਈ ਹੈ। ਹੁਸ਼ਿਆਰਪੁਰ ਦੇ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਕਿਹਾ ਕਿ ਮਨਜੀਤ ਸਿੰਘ (60), ਵਿਜੇ (17), ਜਸਵਿੰਦਰ ਕੌਰ (65) ਅਤੇ ਅਰਾਧਨਾ ਵਰਮਾ (30) ਸਾਰੇ ਮੰਡਿਆਲਾ ਦੇ ਰਹਿਣ ਵਾਲੇ ਹਨ, ਦੀ ਰਾਤ ਨੂੰ ਇੱਕ ਨਿੱਜੀ ਹਸਪਤਾਲ ਵਿੱਚ ਮੌਤ ਹੋ ਗਈ। ਸਿਵਲ ਸਰਜਨ ਡਾ. ਪਵਨ ਕੁਮਾਰ ਨੇ ਕਿਹਾ ਕਿ ਇਹ ਚਾਰੇ ਜਣੇ, ਜੋ 90 ਫੀਸਦੀ ਤੋਂ ਵੱਧ ਝੁਲਸ ਗਏ ਸਨ, ਵੈਂਟੀਲੇਟਰ ਸਪੋਰਟ ’ਤੇ ਸਨ।
ਸ਼ੁੱਕਰਵਾਰ ਰਾਤ 10 ਵਜੇ ਦੇ ਕਰੀਬ, ਹੁਸ਼ਿਆਰਪੁਰ-ਜਲੰਧਰ ਰੋਡ ’ਤੇ ਮੰਡਿਆਲਾ ਅੱਡੇ ਨੇੜੇ ਇੱਕ ਪਿਕਅੱਪ ਵਾਹਨ ਨਾਲ ਟਕਰਾਉਣ ਤੋਂ ਬਾਅਦ ਐਲਪੀਜੀ ਟੈਂਕਰ ਨੂੰ ਅੱਗ ਲੱਗ ਗਈ ਸੀ। ਪੁਲੀਸ ਨੇ ਦੱਸਿਆ ਕਿ ਅੱਗ ਤੇਜ਼ੀ ਨਾਲ ਫੈਲੀ, ਜਿਸ ਨੇ ਆਸ-ਪਾਸ ਦੀਆਂ ਕਰੀਬ 15 ਦੁਕਾਨਾਂ ਅਤੇ ਘੱਟੋ-ਘੱਟ ਚਾਰ ਘਰਾਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਘਟਨਾ ਤੋਂ ਤੁਰੰਤ ਬਾਅਦ ਦੋ ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ 21 ਹੋਰ ਜ਼ਖਮੀ ਹੋ ਗਏ। ਸ਼ਨਿੱਚਰਵਾਰ ਨੂੰ ਇੱਕ ਹੋਰ ਵਿਅਕਤੀ ਨੇ ਜ਼ਖ਼ਮਾਂ ਦੀ ਤਾਬ ਨਾ ਝਲਦਿਆਂ ਦਮ ਤੋੜ ਦਿੱਤਾ ਸੀ।
ਸ਼ਨਿੱਚਰਵਾਰ ਸਵੇਰੇ, ਮੰਡਿਆਲਾ ਅਤੇ ਆਸ-ਪਾਸ ਦੇ ਪਿੰਡਾਂ ਦੇ ਸੈਂਕੜੇ ਵਸਨੀਕਾਂ ਨੇ ਘਟਨਾ ਲਈ ਜ਼ਿੰਮੇਵਾਰ ਲੋਕਾਂ ਵਿਰੁੱਧ ਮੁਆਵਜ਼ਾ ਅਤੇ ਕਾਰਵਾਈ ਦੀ ਮੰਗ ਕਰਦੇ ਹੋਏ, ਹੁਸ਼ਿਆਰਪੁਰ-ਜਲੰਧਰ ਸੜਕ ’ਤੇ ਤਿੰਨ ਘੰਟਿਆਂ ਤੋਂ ਵੱਧ ਸਮੇਂ ਲਈ ਆਵਾਜਾਈ ਰੋਕੀ ਰੱਖੀ। ਡਿਪਟੀ ਕਮਿਸ਼ਨਰ ਜੈਨ ਨੇ ਪ੍ਰਦਰਸ਼ਨਕਾਰੀਆਂ ਨੂੰ ਭਰੋਸਾ ਦਿੱਤਾ ਕਿ ਜ਼ਖਮੀਆਂ ਦਾ ਪੰਜਾਬ ਸਰਕਾਰ ਦੀ ਫਰਿਸ਼ਤਾ ਯੋਜਨਾ ਤਹਿਤ ਮੁਫਤ ਇਲਾਜ ਕੀਤਾ ਜਾ ਰਿਹਾ ਹੈ।
ਪੰਜਾਬ ਦੇ ਕਈ ਮੰਤਰੀਆਂ ਅਤੇ ਸੰਸਦ ਮੈਂਬਰਾਂ ਸਮੇਤ ਹੋਰਨਾਂ ਸਿਆਸੀ ਪਾਰਟੀਆਂ ਦੇ ਆਗੂੂਆਂ ਨੇ ਪਾਰਟੀ ਸਫ਼ਾਂ ਤੋਂ ਉੱਪਰ ਉੱਠ ਕੇ ਹਸਪਤਾਲਾਂ ਵਿੱਚ ਜ਼ਖਮੀਆਂ ਦਾ ਹਾਲਚਾਲ ਪੁੱਛਿਆ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ਨਿੱਚਰਵਾਰ ਨੂੰ ਮ੍ਰਿਤਕਾਂ ਦੇ ਰਿਸ਼ਤੇਦਾਰਾਂ ਲਈ 2-2 ਲੱਖ ਰੁਪਏ ਅਤੇ ਜ਼ਖਮੀਆਂ ਦੇ ਮੁਫਤ ਇਲਾਜ ਦਾ ਐਲਾਨ ਕੀਤਾ ਸੀ। ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਵੀ ਹਾਦਸੇ ਵਿਚ ਗਈਆਂ ਜਾਨਾਂ ’ਤੇ ਦੁੱਖ ਜਤਾਇਆ ਹੈ।
