ਚੰਡੀਗੜ੍ਹ- ਅਦਾਕਾਰ ਤੋਂ ਸਿਆਸਤਦਾਨ ਬਣੀ ਕੰਗਨਾ ਰਣੌਤ ਦੀ ਹਿਮਾਚਲ ਪ੍ਰਦੇਸ਼ ਦੇ ਮੰਡੀ ਜ਼ਿਲ੍ਹੇ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦੀ ਫੇਰੀ ਦੌਰਾਨ ਕੀਤੀਆਂ ਟਿੱਪਣੀਆਂ ਲਈ ਨੁਕਤਾਚੀਨੀ ਹੋਣ ਲੱਗੀ ਹੈ। ਰਣੌਤ ਮੰਡੀ ਤੋਂ ਭਾਜਪਾ ਸੰਸਦ ਮੈਂਬਰ ਹੈ। ਆਪਣੇ ਸੰਸਦੀ ਹਲਕੇ ਵਿੱਚ ਚੱਲ ਰਹੇ ਰਾਹਤ ਤੇ ਬਚਾਅ ਕਾਰਜਾਂ ਦੇ ਮੁਆਇਨੇ ਮਗਰੋਂ ਕੰਗਨਾ ਨੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਮਜ਼ਾਕ ਵਿੱਚ ਕਿਹਾ ਕਿ ਉਨ੍ਹਾਂ ਕੋਲ ਆਫ਼ਤ ਰਾਹਤ ਪ੍ਰਦਾਨ ਕਰਨ ਲਈ ਕੋਈ ਅਧਿਕਾਰਤ ਕੈਬਨਿਟ ਰੈਂਕ ਜਾਂ ਫੰਡ ਨਹੀਂ ਹਨ।
ਕੰਗਨਾ ਨੇ ਹੱਸਦੇ ਹੋਏ ਕਿਹਾ, ‘‘ਭਾਵੇਂ ਇਹ ਆਫ਼ਤ ਰਾਹਤ ਹੋਵੇ ਜਾਂ ਆਫ਼ਤ ਖੁਦ, ਮੇਰੇ ਕੋਲ ਕੋਈ ਅਧਿਕਾਰਤ ਕੈਬਨਿਟ ਰੈਂਕ ਨਹੀਂ ਹੈ। ਮੇਰੇ ਦੋ ਭਰਾ ਹਨ ਜੋ ਹਮੇਸ਼ਾ ਮੇਰੇ ਨਾਲ ਹਨ। ਇਹੀ ਮੇਰੀ ਕੈਬਨਿਟ ਹਨ।’’ ਰਣੌਤ ਨੇ ਕਿਹਾ ਕਿ ਸੰਸਦ ਮੈਂਬਰਾਂ ਦੀ ਭੂਮਿਕਾ ਸੀਮਤ ਹੁੰਦੀ ਹੈ ਤੇ ਉਨ੍ਹਾਂ ਇਸੇ ਦਾਇਰੇ ’ਚ ਰਹਿ ਕੇ ਕੰਮ ਕਰਨਾ ਹੁੰਦਾ ਹੈ।
ਰਣੌਤ ਨੇ ਹਾਲਾਂਕਿ ਭਰੋਸਾ ਦਿੱਤਾ ਕਿ ਕੇਂਦਰ ਸਰਕਾਰ ਪ੍ਰਭਾਵਿਤ ਲੋਕਾਂ ਤੱਕ ਮਦਦ ਪੁੱਜਦੀ ਕਰੇਗੀ। ਉਨ੍ਹਾਂ ਆਪਣੀ ਪਾਰਟੀ (ਭਾਜਪਾ) ਦੇ ਨੇਤਾਵਾਂ ਅਤੇ ਸਰਕਾਰੀ ਟੀਮਾਂ ਵੱਲੋਂ ਜ਼ਮੀਨੀ ਪੱਧਰ ’ਤੇ ਕੀਤੇ ਜਾ ਰਹੇ ਬਚਾਅ ਤੇ ਰਾਹਤ ਕਾਰਜਾਂ ਬਾਰੇ ਦੱਸਿਆ।
ਉਧਰ ਕਾਂਗਰਸ ਨੇ ਕੰਗਨਾ ਰਣੌਤ ਦੀਆਂ ਉਪਰੋਕਤ ਟਿੱਪਣੀਆਂ ਦੀ ਇਕ ਕਲਿੱਪ ਸੋਸ਼ਲ ਮੀਡੀਆ ’ਤੇ ਸਾਂਝੀ ਕਰਦੇ ਹੋਏ ਇਨ੍ਹਾਂ (ਟਿੱਪਣੀਆਂ) ਨੂੰ ‘ਅਸੰਵੇਦਨਸ਼ੀਲ’ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਮੰਡੀ ਦੇ ਲੋਕ ਬੱਦਲ ਫਟਣ ਦੀ ਆਫ਼ਤ ਮਗਰੋਂ ਹੁਣ ਜਦੋਂ ਦੁੱਖ ਤਕਲੀਫਾਂ ਝੱਲ ਰਹੇ ਹਨ ਤਾਂ ਅਧਿਕਾਰਤ ਤਾਕਤ ਦੀ ਘਾਟ ਬਾਰੇ ਮਖੌਲ ਕਰਨਾ ਗ਼ੈਰਵਾਜ਼ਬ ਹੈ। ਕਾਂਗਰਸ ਤਰਜਮਾਨ ਸੁਪ੍ਰਿਆ ਸ੍ਰੀਨੇਤ ਨੇ ਭਾਜਪਾ ਸੰਸਦ ਮੈਂਬਰ ਦੀ ਜਮ ਕੇ ਨੁਕਤਾਚੀਨੀ ਕੀਤੀ।
ਭਾਰੀ ਮੀਂਹ ਕਾਰਨ ਹੋਈ ਤਬਾਹੀ ਦਰਮਿਆਨ ਮੰਡੀ ਤੋਂ ਐੱਮਪੀ ਕੰਗਨਾ ਰਣੌਤ ਦੀ ਆਪਣੇ ਹਲਕੇ ਤੋਂ ਗੈਰਹਾਜ਼ਰੀ ਕਰਕੇ ਸਿਆਸੀ ਤੂਫਾਨ ਖੜ੍ਹਾ ਹੋ ਗਿਆ ਸੀ। ਅਦਾਕਾਰ ਤੋਂ ਸਿਆਸਤਦਾਨ ਬਣੀ ਕੰਗਨਾ ਰਣੌਤ ਨੇ ਸਪੱਸ਼ਟ ਕੀਤਾ ਸੀ ਕਿ ਹਿਮਾਚਲ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਜੈ ਰਾਮ ਠਾਕੁਰ ਨੇ ਉਨ੍ਹਾਂ ਨੂੰ ਸੜਕ ਸੰਪਰਕ ਬਹਾਲ ਹੋਣ ਤੱਕ ਇਸ ਖੇਤਰ ਦਾ ਦੌਰਾ ਨਾ ਕਰਨ ਦੀ ਸਲਾਹ ਦਿੱਤੀ ਸੀ।