ਮੁੰਬਈ- ਕੇਂਦਰੀ ਰੇਲਵੇ ਨੇ ਪਿਛਲੇ ਵਿੱਤੀ ਸਾਲ ਵਿੱਚ ਊਰਜਾ ਕੁਸ਼ਲ Head-On Generation (HOG) ਸੰਚਾਲਨ ਕਾਰਨ 170.7 ਕਰੋੜ ਰੁਪਏ ਦੀ ਬੱਚਤ ਕੀਤੀ ਹੈ। ਇੱਕ ਅਧਿਕਾਰੀ ਨੇ ਦੱਸਿਆ ਕਿ ਕੇਂਦਰੀ ਰੇਲਵੇ ਨੇ 2024-25 ਵਿੱਚ HOG ਤਕਨਾਲੋਜੀ ਨਾਲ ਰੇਲ ਸੰਚਾਲਨ ਦਾ 86.71 ਫ਼ੀਸਦੀ ਪ੍ਰਾਪਤ ਕੀਤਾ ਹੈ, ਜਿਸ ਨਾਲ ਸਾਰੇ ਪੰਜ ਡਿਵੀਜ਼ਨਾਂ ਵਿੱਚ ‘ਵਾਤਾਵਰਨ ਕਲੀਅਰੈਂਸ ਅਤੇ ਸੰਚਾਲਨ ਲਾਗਤਾਂ’ ਵਿੱਚ 170.7 ਕਰੋੜ ਰੁਪਏ ਦੀ ਬੱਚਤ ਹੋਈ ਹੈ।’
ਰੇਲਵੇ ਵੱਲੋਂ ਜਾਰੀ ਕੀਤੇ ਗਏ ਬਿਆਨ ਅਨੁਸਾਰ ਇਸ ਤਕਨਾਲੋਜੀ ਨੇ ਮੁੰਬਈ ਡਿਵੀਜ਼ਨ ਵਿੱਚ ਸਭ ਤੋਂ ਵੱਧ 136.16 ਕਰੋੜ ਰੁਪਏ ਦੀ ਬੱਚਤ ਕੀਤੀ, ਇਸ ਤੋਂ ਬਾਅਦ ਪੁਣੇ ਵਿੱਚ 22.31 ਕਰੋੜ ਰੁਪਏ, ਨਾਗਪੁਰ ਵਿੱਚ 6.96 ਕਰੋੜ ਰੁਪਏ, ਸੋਲਾਪੁਰ ਵਿੱਚ 3.68 ਕਰੋੜ ਰੁਪਏ ਅਤੇ ਭੁਸਾਵਲ ਵਿੱਚ 1.59 ਕਰੋੜ ਰੁਪਏ ਦੀ ਬੱਚਤ ਕੀਤੀ।
HOG ਇੱਕ ਆਧੁਨਿਕ ਬਿਜਲੀ ਸਪਲਾਈ ਪ੍ਰਣਾਲੀ ਹੈ, ਜਿੱਥੇ ਲੋਕੋਮੋਟਿਵ ਦੁਆਰਾ ਸਿੱਧੇ ਓਵਰਹੈੱਡ ਇਲੈੱਕਟ੍ਰਿਕ ਲਾਈਨਾਂ (OHE) ਤੋਂ ਬਿਜਲੀ ਖਿੱਚੀ ਜਾਂਦੀ ਹੈ ਅਤੇ ਏਅਰ ਕੰਡੀਸ਼ਨਿੰਗ, ਰੋਸ਼ਨੀ ਅਤੇ ਹੋਰ ਬਿਜਲਈ ਲੋੜਾਂ ਦੀ ਪੂਰਤੀ ਲਈ ਸਪਲਾਈ ਰੇਲ ਕੋਚਾਂ ਤੱਕ ਪਹੁੰਚਾਈ ਜਾਂਦੀ ਹੈ।
ਇਹ ਆਧੁਨਿਕ ਪ੍ਰਣਾਲੀ ਰਵਾਇਤੀ End-On Generation (EOG) ਵਿਧੀ ਦੀ ਥਾਂ ਲੈ ਰਹੀ ਹੈ, ਜੋ ਰੇਲਗੱਡੀ ਨਾਲ ਜੁੜੀਆਂ ਡੀਜ਼ਲ-ਸੰਚਾਲਿਤ ਜਨਰੇਟਰਾਂ ’ਤੇ ਨਿਰਭਰ ਕਰਦੀ ਹੈ।
EOG ਦੇ ਉਲਟ, ਜਿਸ ਲਈ ਰੇਲਗੱਡੀ ਦੇ ਦੋਵੇਂ ਸਿਰਿਆਂ ’ਤੇ ਦੋ ਡੀਜ਼ਲ ਜਨਰੇਟਰ ਇੰਜਣ ਦੀ ਲੋੜ ਹੁੰਦੀ ਹੈ, HOG ਲੋਕੋਮੋਟਿਵ ਤੋਂ ਬਿਨਾਂ ਕਿਸੇ ਰੁਕਾਵਟ ਦੇ ਬਿਜਲੀ ਖਿੱਚਦਾ ਹੈ, ਜਨਰੇਟਰਾਂ ਦੀ ਲੋੜ ਨੂੰ ਖਤਮ ਕਰਦਾ ਹੈ, ਡੀਜ਼ਲ ਦੀ ਖਪਤ ਨੂੰ ਘਟਾਉਂਦਾ ਹੈ ਅਤੇ ਨੁਕਸਾਨਦੇਹ ਨਿਕਾਸ ਨੂੰ ਘਟਾਉਂਦਾ ਹੈ।