ਕਪੂਰਥਲਾ: ਪਹਿਲਗਾਮ ਵਿਚ ਹੋਏ ਅਤਿਵਾਦੀ ਹਮਲੇ ਦੇ ਵਿਰੋਧ ਵਿਚ ਪੰਜਾਬ ਦੇ ਹੁਸ਼ਿਆਰਪੁਰ ਅਤੇ ਕਪੂਰਥਲਾ ਜ਼ਿਲ੍ਹਿਆਂ ਵਿਚ ਵੀਰਵਾਰ ਨੂੰ ਬਾਜ਼ਾਰ ਅਤੇ ਵਪਾਰਕ ਅਦਾਰੇ ਬੰਦ ਰਹੇ। ਕੁਝ ਹਿੰਦੂ ਸੰਗਠਨਾਂ, ਦੁਕਾਨਦਾਰਾਂ ਅਤੇ ਵਪਾਰੀਆਂ ਵੱਲੋਂ ਦਿੱਤੇ ਗਏ ਸੱਦੇ ਦੇ ’ਤੇ ਹੁਸ਼ਿਆਰਪੁਰ ਜ਼ਿਲ੍ਹੇ ਵਿਚ ਮੁਕੰਮਲ ਬੰਦ ਰਿਹਾ। ਰਾਸ਼ਟਰੀ ਰਾਜਪੂਤ ਕਰਨੀ ਸੈਨਾ ਦੇ ਸੂਬਾ ਸਕੱਤਰ ਮੋਹਨ ਲਾਲ ‘ਲੱਕੀ’ ਠਾਕੁਰ ਦੀ ਅਗਵਾਈ ਵਿੱਚ ਵੱਖ-ਵੱਖ ਹਿੰਦੂ ਸੰਗਠਨਾਂ ਦੇ ਮੈਂਬਰਾਂ ਨੇ ਹੁਸ਼ਿਆਰਪੁਰ ਵਿਚ ਇਕ ਮਾਰਚ ਕੱਢਿਆ, ਜੋ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਵਿੱਚੋਂ ਲੰਘਿਆ। ਪ੍ਰਦਰਸ਼ਨਕਾਰੀਆਂ ਨੇ ਪਾਕਿਸਤਾਨ-ਪ੍ਰਯੋਜਿਤ ਅਤਿਵਾਦ ਅਤੇ ਸਰਹੱਦ ਪਾਰ ਹਿੰਸਾ ਦੇ ਖ਼ਿਲਾਫ਼ ਨਾਅਰੇਬਾਜ਼ੀ ਕੀਤੀ, ਦੁਕਾਨਦਾਰਾਂ ਨੂੰ ਆਪਣੇ ਅਦਾਰੇ ਬੰਦ ਕਰਨ ਦੀ ਅਪੀਲ ਕੀਤੀ।
ਉਨ੍ਹਾਂ ਪਹਿਲਗਾਮ ਵਿੱਚ ਹੋਈਆਂ ਹੱਤਿਆਵਾਂ ਦੇ ਵਿਰੁੱਧ ਕੇਂਦਰ ਤੋਂ ਸਖ਼ਤ ਪ੍ਰਤੀਕਿਰਿਆ ਦੀ ਮੰਗ ਵੀ ਕੀਤੀ ਹੈ। ਇਸ ਦੌਰਾਨ ਸਿੱਖ ਸੰਗਠਨਾਂ ਦੇ ਮੈਂਬਰ ਵੀ ਵਿਰੋਧ ਪ੍ਰਦਰਸ਼ਨ ਵਿੱਚ ਸ਼ਾਮਲ ਹੋਏ। ਬੰਦ ਸ਼ਾਂਤੀਪੂਰਨ ਰਿਹਾ ਅਤੇ ਕੋਈ ਅਣਸੁਖਾਵੀਂ ਘਟਨਾ ਦੀ ਰਿਪੋਰਟ ਨਹੀਂ ਹੈ। ਉਧਰ ਕਪੂਰਥਲਾ ਵਿਚ ਜ਼ਿਆਦਾਤਰ ਵਪਾਰਕ ਅਦਾਰੇ ਬੰਦ ਰਹੇ ਅਤੇ ਪ੍ਰਦਰਸ਼ਨਕਾਰੀਆਂ ਨੇ ਪਹਿਲਗਾਮ ਅਤਿਵਾਦੀ ਹਮਲੇ ਦੇ ਦੋਸ਼ੀਆਂ ਵਿਰੁੱਧ ਮਿਸਾਲੀ ਕਾਰਵਾਈ ਦੀ ਮੰਗ ਕੀਤੀ।