ਹੈਦਰਾਬਾਦ- ਲੈਅ ਹਾਸਲ ਕਰਨ ਲਈ ਜੂੁਝ ਰਹੀ ਸਨਰਾਈਜ਼ਰਜ਼ ਹੈਦਰਾਬਾਦ ਆਪਣੇ ਘਰੇਲੂ ਮੈਦਾਨ ’ਤੇ ਬੁੱਧਵਾਰ ਨੂੰ ਮੁੰਬਈ ਇੰਡੀਅਨਜ਼ ਨਾਲ ਖੇਡੇਗੀ। ਮੈਚ ਦੌਰਾਨ ਹੈਦਰਾਬਾਦ ਦਾ ਟੀਚਾ ਜਿੱਤ ਦੀ ਰਾਹ ’ਤੇ ਮੁੜਨ ਦਾ ਹੋਵੇਗਾ ਜਦਕਿ ਮੁੰਬਈ ਆਪਣੀ ਜੇਤੂ ਲੈਅ ਜਾਰੀ ਰੱਖਣੀ ਚਾਹੇਗੀ। ਪੈਟ ਕਮਿਨਸ ਦੀ ਅਗਵਾਈ ਵਾਲੀ ਹੈਦਰਾਬਾਦ ਨੇ ਹੁਣ ਤੱਕ ਆਪਣੇ ਸੱਤ ਮੈਚਾਂ ਵਿਚੋਂ ਸਿਰਫ ਦੋ ਜਿੱਤੇ ਹਨ। ਟੀਮ ਨੂੰ ਹੌਲੀ ਅਤੇ ਟਰਨਿੰਗ ਪਿੱਚਾਂ ’ਤੇ ਖੇਡਣ ’ਚ ਮੁਸ਼ਕਲ ਹੋਈ ਹੈ, ਜਦਕਿ ਸਪਾਟ ਪਿੱਚਾਂ ’ਤੇ ਉਸ ਦਾ ਪ੍ਰਦਰਸ਼ਨ ਵਧੀਆ ਰਿਹਾ ਹੈ। ਮੁੰਬਈ ਇੰਡੀਅਨਜ਼ ਖਿਲਾਫ਼ ਢੁੱਕਵੀ ਪਿੱਚ ’ਤੇ ਖੇਡਣ ਨਾਲ ਉਸ ਕੋਲ ਲੈਅ ਹਾਸਲ ਕਰਨ ਦਾ ਵਧੀਆ ਮੌਕਾ ਹੈ। ਟੀਮ ਦੀ ਟੇਕ ਸਲਾਮੀ ਜੋੜੀ ਅਭਿਸ਼ੇਕ ਸ਼ਰਮਾ ਤੇ ਟਰੈਵਿਸ ਹੈੱਡ ’ਤੇ ਹੋਵੇਗੀ। ਅਭਿਸ਼ੇਕ ਨੇ ਪੰਜਾਬ ਕਿੰਗਜ਼ ਖ਼ਿਲਾਫ਼ ਇੱਥੇ ਪਿਛਲੇ ਮੈਚ ’ਚ 55 ਗੇਂਦਾਂ ’ਤੇ 141 ਦੌੜਾਂ ਬਣਾਈਆਂ ਸਨ, ਜੋ ਆਈਪੀਐੱਲ ’ਚ ਕਿਸੇ ਵੀ ਬੱਲੇਬਾਜ਼ ਦਾ ਸਭ ਤੋਂ ਵੱਧ ਸਕੋਰ ਹੈ, ਜਦਕਿ ਟਰੈਵਿਸ ਹੈੱਡ ਦਾ ਲੈਅ ’ਚ ਨਾ ਹੋਣਾ ਸਨਰਾਈਜ਼ਰਜ਼ ਹੈਦਰਾਬਾਦ ਲਈ ਫ਼ਿਕਰ ਦੀ ਗੱਲ ਹੈ ਤੇ ਟੀਮ ਨੂੰ ਉਸ ਤੋਂ ਵਧੀਆ ਪ੍ਰਦਰਸ਼ਨ ਦੀ ਉਮੀਦ ਹੋਵੇਗੀ।
ਦੂਜੇ ਪਾਸੇ ਹਾਰਦਿਕ ਪਾਂਡਿਆ ਦੀ ਅਗਵਾਈ ਵਾਲੀ ਮੁੰਬਈ ਇੰਡੀਅਨਜ਼ ਲਗਾਤਾਰ ਤਿੰਨ ਜਿੱਤਾਂ ਨਾਲ ਉਤਸ਼ਾਹਿਤ ਹੈ। ਪੰਜ ਵਾਰ ਦੀ ਚੈਂਪੀਅਨ ਮੁੰਬਈ ਦੇ ਬੱਲੇਬਾਜ਼ ਰੋਹਿਤ ਸ਼ਰਮਾ ਨੇ ਪਿਛਲੇ ਮੈਚ ’ਚ ਨੀਮ ਸੈਂਕੜਾ (ਨਾਬਾਦ 76 ਦੌੜਾਂ) ਬਣਾ ਕੇ ਲੈਅ ’ਚ ਵਾਪਸੀ ਦੇ ਸੰਕੇਤ ਦਿੱਤੇ ਹਨ। ਸੂਰਿਆਕੁਮਾਰ ਯਾਦਵ ਨੇ ਵੀ ਪਿਛਲੇ ਮੈਚ ’ਚ 68 ਦੌੜਾਂ ਬਣਾਈਆਂ ਸਨ ਹਾਲਾਂਕਿ ਗੇਂਦਬਾਜ਼ਾਂ ਵਿੱਚੋਂ ਜਸਪ੍ਰੀਤ ਬੁਮਰਾਹ ਹਾਲੇ ਲੈਅ ਹਾਸਲ ਨਹੀਂ ਕਰ ਸਕਿਆ।