ਗੁਜਰਾਤ: ਗੁਜਰਾਤ ਦੇ ਅਮਰੇਲੀ ਜ਼ਿਲ੍ਹੇ ਦੇ ਇਕ ਰਿਹਾਇਸ਼ੀ ਖੇਤਰ ਵਿਚ ਮੰਗਲਵਾਰ ਦੁਪਹਿਰ ਨੂੰ ਇਕ ਨਿੱਜੀ ਹਵਾਬਾਜ਼ੀ ਅਕੈਡਮੀ ਨਾਲ ਸਬੰਧਤ ਟ੍ਰੇਨਰ ਜਹਾਜ਼ ਦੇ ਹਾਦਸਾਗ੍ਰਸਤ ਹੋਣ ਅਤੇ ਅੱਗ ਲੱਗਣ ਕਾਰਨ ਇਕ ਸਿਖਲਾਈ ਅਧੀਨ ਪਾਇਲਟ ਦੀ ਮੌਤ ਹੋ ਗਈ। ਜਹਾਜ਼ ਇਕ ਖੁੱਲ੍ਹੇ ਪਲਾਟ ਵਿਚ ਡਿੱਗਣ ਤੋਂ ਪਹਿਲਾਂ ਇਕ ਦਰੱਖਤ ’ਤੇ ਡਿੱਗ ਗਿਆ। ਅਮਰੇਲੀ ਦੇ ਪੁਲੀਸ ਸੁਪਰਡੈਂਟ ਸੰਜੇ ਖਰਾਤ ਨੇ ਕਿਹਾ ਕਿ ਅਣਜਾਣ ਕਾਰਨਾਂ ਕਰਕੇ ਜਹਾਜ਼ ਦੁਪਹਿਰ 12:30 ਵਜੇ ਅਮਰੇਲੀ ਸ਼ਹਿਰ ਦੇ ਇਕ ਰਿਹਾਇਸ਼ੀ ਖੇਤਰ ਵਿੱਚ ਹਾਦਸਾਗ੍ਰਸਤ ਹੋ ਗਿਆ, ਜਿਸ ਕਾਰਨ ਸਿਖਲਾਈ ਅਧੀਨ ਪਾਇਲਟ ਦੀ ਮੌਕੇ ’ਤੇ ਹੀ ਮੌਤ ਹੋ ਗਈ।
ਖਰਾਤ ਨੇ ਕਿਹਾ ਕਿ ਦਿੱਲੀ ਸਥਿਤ ਇਕ ਹਵਾਬਾਜ਼ੀ ਅਕੈਡਮੀ ਅਮਰੇਲੀ ਹਵਾਈ ਅੱਡੇ ਤੋਂ ਪਾਇਲਟ ਸਿਖਲਾਈ ਪ੍ਰਦਾਨ ਕਰਦੀ ਹੈ। ਸਿਖਲਾਈ ਅਧੀਨ ਪਾਇਲਟ, ਜੋ ਕਿ ਇਕੱਲੇ ਉਡਾਣ ਭਰ ਰਿਹਾ ਸੀ, ਦੀ ਹਾਦਸੇ ਵਿੱਚ ਮੌਤ ਹੋ ਗਈ ਜਦੋਂ ਕਿ ਜਹਾਜ਼ ਅੱਗ ਵਿਚ ਸੜ ਗਿਆ। ਹਾਲਾਂਕਿ ਇਸ ਹਾਦਸੇ ਵਿੱਚ ਕੋਈ ਹੋਰ ਜ਼ਖਮੀ ਨਹੀਂ ਹੋਇਆ।
ਐੱਸਪੀ ਨੇ ਕਿਹਾ ਕਿ ਸਥਾਨਕ ਪੁਲੀਸ ਨੇ ਹਾਦਸੇ ਦੇ ਸਹੀ ਕਾਰਨਾਂ ਦਾ ਪਤਾ ਲਗਾਉਣ ਲਈ ਦੁਰਘਟਨਾ ਤਹਿਤ ਮੌਤ ਦਾ ਮਾਮਲਾ ਦਰਜ ਕਰਨ ਅਤੇ ਜਾਂਚ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਫਾਇਰ ਅਫਸਰ ਐਸਸੀ ਗੜ੍ਹਵੀ ਨੇ ਕਿਹਾ ਕਿ ਜਹਾਜ਼ ਹਾਦਸੇ ਅਤੇ ਇਸ ਦੇ ਨਤੀਜੇ ਵਜੋਂ ਜਹਾਜ਼ ਵਿੱਚ ਅੱਗ ਲੱਗਣ ਬਾਰੇ ਪਤਾ ਲੱਗਣ ’ਤੇ ਸਥਾਨਕ ਫਾਇਰ ਬ੍ਰਿਗੇਡ ਦੀਆਂ ਚਾਰ ਟੀਮਾਂ ਸ਼ਾਸਤਰੀਨਗਰ ਪਹੁੰਚੀਆਂ ਅਤੇ ਟੀਮਾਂ ਨੇ ਆਖਰਕਾਰ ਅੱਗ ‘ਤੇ ਕਾਬੂ ਪਾ ਲਿਆ।’’