April 17, 2025
ਖਾਸ ਖ਼ਬਰਪੰਜਾਬਰਾਸ਼ਟਰੀ

ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੁਆਲੇ ਬਰਫ਼ ਹਟਾਉਣ ਤੇ ਰਸਤਾ ਬਣਾਉਣ ਦਾ ਕੰਮ ਸ਼ਨਿੱਚਰਵਾਰ ਤੋਂ ਹੋਵੇਗਾ ਸ਼ੁਰੂ

ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੁਆਲੇ ਬਰਫ਼ ਹਟਾਉਣ ਤੇ ਰਸਤਾ ਬਣਾਉਣ ਦਾ ਕੰਮ ਸ਼ਨਿੱਚਰਵਾਰ ਤੋਂ ਹੋਵੇਗਾ ਸ਼ੁਰੂ

ਅੰਮ੍ਰਿਤਸਰ- ਉੱਤਰਾਖੰਡ ਸਥਿਤ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੇ ਆਲੇ ਦੁਆਲੇ ਜੰਮੀ ਬਰਫ ਹਟਾਉਣ ਅਤੇ ਰਸਤਾ ਬਣਾਉਣ ਵਾਸਤੇ ਭਾਰਤੀ ਫੌਜੀ ਜਵਾਨਾਂ ਦਾ ਇੱਕ ਦਲ ਅੱਜ ਗੁਰਦੁਆਰਾ ਗੋਬਿੰਦ ਘਾਟ ਪੁੱਜ ਗਿਆ ਹੈ, ਜੋ 19 ਅਪਰੈਲ ਤੋਂ ਇਹ ਸੇਵਾ ਆਰੰਭ ਕਰ ਦੇਵੇਗਾ। ਕਰੀਬ 15000 ਫੁੱਟ ਦੀ ਉਚਾਈ ’ਤੇ ਸਥਾਪਿਤ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੇ ਕਪਾਟ 25 ਮਈ ਤੋਂ ਸੰਗਤ ਲਈ ਖੋਲ੍ਹੇ ਜਾਣਗੇ।

ਇਸ ਤੋਂ ਪਹਿਲਾਂ ਭਾਰਤੀ ਫੌਜ ਦੇ ਜਵਾਨਾਂ ਦੇ ਇੱਕ ਦਲ ਨੇ ਇਸ ਇਲਾਕੇ ਦਾ ਸਰਵੇਖਣ ਕੀਤਾ ਹੈ ਤਾਂ ਜੋ ਉਸ ਦੇ ਮੁਤਾਬਕ ਬਰਫ ਹਟਾਉਣ ਅਤੇ ਰਸਤੇ ਬਣਾਉਣ ਦਾ ਕੰਮ ਸ਼ੁਰੂ ਕੀਤਾ ਜਾ ਸਕੇ। ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਤੱਕ ਦੇ ਮਾਰਗ ਦੀ ਰੇਕੀ ਕਰਕੇ ਆਈ ਟੀਮ ਮੁਤਾਬਕ ਇਸ ਵੇਲੇ ਅਟਲਾਕੋਟੀ ਗਲੇਸ਼ੀਅਰ ਪੂਰੀ ਤਰ੍ਹਾਂ ਬਰਫ ਨਾਲ ਢੱਕਿਆ ਹੋਇਆ ਹੈ ਅਤੇ ਇਸ ਉੱਪਰ ਕਰੀਬ 30 ਫੁੱਟ ਤੱਕ ਬਰਫ ਜੰਮੀ ਹੋਈ ਹੈ। ਛੋਟੇ ਅਟਲਾਕੋਟੀ ਗਲੇਸ਼ੀਅਰ ’ਤੇ 10 ਫੁੱਟ ਤੱਕ ਬਰਫ ਹੈ। ਇਸੇ ਤਰ੍ਹਾਂ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੇ ਆਲੇ ਦੁਆਲੇ ਵੀ 8 ਤੋਂ 10 ਫੁੱਟ ਤੱਕ ਬਰਫ ਜੰਮੀ ਹੋਈ ਹੈ। ਗੁਰਦੁਆਰਾ ਗੋਬਿੰਦ ਧਾਮ ਤੋਂ ਲੈ ਕੇ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੇ ਛੇ ਕਿਲੋਮੀਟਰ ਲੰਬੇ ਮਾਰਗ ’ਤੇ ਵੀ ਦੋ ਤੋਂ ਸੱਤ ਫੁੱਟ ਤੱਕ ਬਰਫ ਜੰਮੀ ਹੋਈ ਹੈ।

ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਮੈਨੇਜਮੈਂਟ ਟਰੱਸਟ ਦੇ ਪ੍ਰਧਾਨ ਨਰਿੰਦਰਜੀਤ ਸਿੰਘ ਬਿੰਦਰਾ ਨੇ ਇਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੇ ਕਪਾਟ 25 ਮਈ ਨੂੰ ਸੰਗਤ ਵਾਸਤੇ ਖੋਲ੍ਹੇ ਜਾਣਗੇ ਜਦੋਂ ਕਿ ਇਹ ਸਾਲਾਨਾ ਯਾਤਰਾ 22 ਮਈ ਨੂੰ ਪੰਜ ਪਿਆਰਿਆਂ ਦੀ ਅਗਵਾਈ ਹੇਠ ਗੁਰਦੁਆਰਾ ਸ੍ਰੀ ਰਿਸ਼ੀਕੇਸ਼ ਤੋਂ ਆਰੰਭ ਹੋਵੇਗੀ। ਉਨ੍ਹਾਂ ਦੱਸਿਆ ਕਿ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਅਤੇ ਇਸ ਦੇ ਯਾਤਰਾ ਮਾਰਗ ਵਿੱਚ ਜੰਮੀ ਬਰਫ ਨੂੰ ਹਟਾਉਣ ਅਤੇ ਹੋਰ ਪ੍ਰਬੰਧ ਕਰਨ ਵਿੱਚ ਕਰੀਬ ਤਿੰਨ ਹਫਤੇ ਤੋਂ ਇੱਕ ਮਹੀਨੇ ਦਾ ਸਮਾਂ ਲੱਗੇਗਾ। ਇਸ ਲਈ ਭਾਰਤੀ ਫੌਜ ਦੇ ਜਵਾਨਾਂ ਵੱਲੋਂ ਇਹ ਕੰਮ ਕਰੀਬ ਇੱਕ ਮਹੀਨਾ ਪਹਿਲਾਂ ਸ਼ੁਰੂ ਕੀਤਾ ਜਾ ਰਿਹਾ ਹੈ।

ਉਨ੍ਹਾਂ ਦੱਸਿਆ ਕਿ ਭਾਰਤੀ ਫੌਜ ਦੇ ਜਵਾਨਾਂ ਦੇ ਦਲ ਵਿੱਚ 25 ਜਵਾਨ ਸ਼ਾਮਲ ਹਨ, ਜੋ ਅੱਜ ਗੋਬਿੰਦ ਘਾਟ ਪੁੱਜ ਗਏ ਹਨ ਅਤੇ ਭਲਕੇ 13 ਕਿਲੋਮੀਟਰ ਦੂਰ ਗੁਰਦੁਆਰਾ ਗੋਵਿੰਦ ਧਾਮ ਪੁੱਜਣਗੇ। ਜਿੱਥੇ ਇੱਕ ਦਿਨ ਰੁਕ ਕੇ ਉਹ ਸਰੀਰ ਨੂੰ ਵਾਤਾਵਰਨ ਦੇ ਅਨੁਕੂਲ ਕਰਨਗੇ। 19 ਅਪਰੈਲ ਨੂੰ ਉਹ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਵਾਸਤੇ ਰਵਾਨਾ ਹੋਣਗੇ। ਪਹਿਲਾਂ ਰਸਤੇ ਵਿੱਚੋਂ ਬਰਫ ਹਟਾਈ ਜਾਵੇਗੀ ਅਤੇ ਰਸਤਾ ਤਿਆਰ ਕੀਤਾ ਜਾਵੇਗਾ ਤੇ ਫਿਰ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੇ ਆਲੇ ਦੁਆਲੇ ਜੰਮੀ ਹੋਈ ਬਰਫ ਨੂੰ ਹਟਾਉਣ ਦਾ ਕੰਮ ਕੀਤਾ ਜਾਵੇਗਾ, ਜਿਸ ਵਿੱਚ ਤਿੰਨ ਹਫਤੇ ਲੱਗਣਗੇ। ਇਸ ਦੌਰਾਨ ਟਰੱਸਟ ਦੇ ਸੇਵਾਦਾਰਾਂ ਦਾ ਇੱਕ ਦਲ ਵੀ ਹੋਰ ਪ੍ਰਬੰਧਾਂ ਵਾਸਤੇ ਭਾਰਤੀ ਫੌਜ ਦੀ ਟੀਮ ਨਾਲ ਜਾਵੇਗਾ।

ਉਨ੍ਹਾਂ ਦੱਸਿਆ ਕਿ ਗੁਰਦੁਆਰਾ ਗੋਬਿੰਦ ਘਾਟ ਕੋਲ ਨਦੀ ’ਤੇ ਬਣਿਆ ਪੁੱਲ ਢਿੱਗਾਂ ਡਿੱਗਣ ਕਾਰਨ ਟੁੱਟ ਗਿਆ ਸੀ। ਇਸ ਨੂੰ ਬਣਾਉਣ ਦਾ ਕੰਮ ਵੀ ਲਗਾਤਾਰ ਜਾਰੀ ਹੈ ਅਤੇ ਕੁਝ ਦਿਨਾਂ ਵਿੱਚ ਇਹ ਪੁੱਲ ਦਾ ਨਿਰਮਾਣ ਕਾਰਜ ਪੂਰਾ ਹੋ ਜਾਵੇਗਾ। ਉਨ੍ਹਾਂ ਦੱਸਿਆ ਕਿ ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਦੇ ਯਤਨਾਂ ਨਾਲ ਇਸ ਪੁੱਲ ਨੂੰ ਜਲਦੀ ਤੋਂ ਜਲਦੀ ਮੁਕੰਮਲ ਕਰਨ ਦਾ ਕੰਮ ਕੀਤਾ ਜਾ ਰਿਹਾ ਹੈ। ਇਹ ਪੁੱਲ 30 ਟਨ ਸਮਰੱਥਾ ਦਾ ਬਣਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਵੱਲੋਂ ਇਸ ਯਾਤਰਾ ਲਈ ਲੋੜੀਂਦੀਆਂ ਸਹੂਲਤਾਂ ਅਤੇ ਹੋਰ ਪ੍ਰਬੰਧ ਕਰਨ ਵਾਸਤੇ ਵੀ ਭਰੋਸਾ ਦਿੱਤਾ ਗਿਆ ਹੈ। ਇਸ ਦੌਰਾਨ ਉਹ ਉੱਤਰਾਖੰਡ ਦੇ ਰਾਜਪਾਲ ਲੈਫਟੀਨੈਂਟ ਗਵਰਨਰ (ਸੇਵਾ ਮੁਕਤ) ਗੁਰਮੀਤ ਸਿੰਘ ਨਾਲ ਮੁਲਾਕਾਤ ਕਰਕੇ ਆਏ ਹਨ ਅਤੇ ਉਨ੍ਹਾਂ ਨੂੰ 22 ਮਈ ਨੂੰ ਯਾਤਰਾ ਦੀ ਸ਼ੁਰੂਆਤ ਵੇਲੇ ਸਮਾਗਮ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਹੈ।

Related posts

ਲੋਕਾਂ ਦਾ ਧਿਆਨ ਸਮੱਸਿਆਵਾਂ ਤੋਂ ਹਟਾਉਣ ਲਈ ਭਾਜਪਾ ਚੱਲ ਰਹੀ ਫੁੱਟ-ਪਾਊ ਚਾਲਾਂ: ਮਾਇਆਵਤੀ

Current Updates

ਪਟਿਆਲਾ ਹੈਰੀਟੇਜ ਫੈਸਟੀਵਲ ਦੌਰਾਨ ਏਅਰੋ ਸ਼ੋਅ ਨੇ ਦਰਸ਼ਕ ਕੀਲੇ

Current Updates

ਸ੍ਰੀਨਗਰ ’ਚ ਪਾਰਾ ਮਨਫ਼ੀ ਛੇ ਡਿਗਰੀ ਤੱਕ ਡਿੱਗਿਆ

Current Updates

Leave a Comment