ਨਵੀਂ ਦਿੱਲੀ: ਭਾਰਤੀ ਵਿਦੇਸ਼ ਮੰਤਰਾਲੇ ਨੇ ਪੁਸ਼ਟੀ ਕਰਦਿਆਂ ਕਿਹਾ ਕਿ ਭਗੌੜੇ ਕਾਰੋਬਾਰੀ ਮੇਹੁਲ ਚੋਕਸੀ ਨੂੰ ਭਾਰਤ ਦੀ ਹਵਾਲਗੀ ਦੀ ਅਪੀਲ ਦੇ ਆਧਾਰ ’ਤੇ ਬੈਲਜੀਅਮ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਉਸ ਨੂੰ ਵਾਪਸ ਲਿਆਉਣ ਲਈ ਬੈਲਜੀਅਮ ਦੇ ਅਧਿਕਾਰੀਆਂ ਨਾਲ ਮਿਲ ਕੇ ਕੰਮ ਕਰ ਰਹੀ ਹੈ।
ਕੌਮੀ ਰਾਜਧਾਨੀ ਵਿੱਚ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਕਿਹਾ, ‘ਸਾਡੀ ਹਵਾਲਗੀ ਦੀ ਬੇਨਤੀ ਦੇ ਆਧਾਰ ’ਤੇ ਚੋਕਸੀ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਅਸੀਂ ਉਸ ਦੀ ਹਵਾਲਗੀ ਲਈ ਬੈਲਜੀਅਮ ਨਾਲ ਮਿਲ ਕੇ ਕੰਮ ਕਰ ਰਹੇ ਹਾਂ।’ ਇਸ ਤੋਂ ਪਹਿਲਾਂ ਬੈਲਜੀਅਮ ਦੀ ਫੈਡਰਲ ਪਬਲਿਕ ਸਰਵਿਸ ਆਫ ਜਸਟਿਸ ਨੇ ਪੁਸ਼ਟੀ ਕੀਤੀ ਸੀ ਕਿ ਚੋਕਸੀ ਨੂੰ 12 ਅਪਰੈਲ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਫਿਲਹਾਲ ਉਹ ਹਿਰਾਸਤ ਵਿਚ ਹੈ। ਦੱਸਣਾ ਬਣਦਾ ਹੈ ਕਿ ਮੇਹੁਲ ਚੋਕਸੀ (65) ਦੋ ਜਨਵਰੀ 2018 ਨੂੰ ਭਾਰਤ ਤੋਂ ਫਰਾਰ ਹੋ ਗਿਆ ਸੀ। ਚੋਕਸੀ ਪੰਜਾਬ ਨੈਸ਼ਨਲ ਬੈਂਕ ਨਾਲ 13,000 ਕਰੋੜ ਰੁਪਏ ਦੀ ਬੈਂਕ ਕਰਜ਼ਾ ‘ਧੋਖਾਧੜੀ’ ਕੇਸ ਵਿਚ ਜਾਂਚ ਏਜੰਸੀਆਂ ਨੂੰ ਲੋੜੀਂਦਾ ਹੈ।ਚੋਕਸੀ ਦੇ ਬੈਲਜੀਅਮ ਵਿਚ ਹੋਣ ਬਾਰੇ ਪਿਛਲੇ ਸਾਲ ਪਤਾ ਲੱਗਾ ਸੀ। ਹੀਰਾ ਕਾਰੋਬਾਰੀ, ਜੋ 2018 ਵਿਚ ਭਾਰਤ ਛੱਡਣ ਮਗਰੋਂ ਐਂਟੀਗਾ ਵਿਚ ਰਹਿ ਰਿਹਾ ਸੀ, ਮੈਡੀਕਲ ਇਲਾਜ ਲਈ ਉਥੇ ਗਿਆ ਸੀ। ਸੂਤਰਾਂ ਨੇ ਦੱਸਿਆ ਕਿ ਚੋਕਸੀ ਦੀ ਗ੍ਰਿਫ਼ਤਾਰੀ ਲਈ ਜਾਰੀ ਇੰਟਰਪੋੋਲ ਰੈੱਡ ਨੋਟਿਸ ਕੁਝ ਸਮਾਂ ਪਹਿਲਾਂ ‘ਵਾਪਸ’ ਲੈ ਲਿਆ ਗਿਆ ਸੀ ਅਤੇ ਭਾਰਤੀ ਏਜੰਸੀਆਂ ਉਦੋਂ ਤੋਂ ਉਸ ਦੀ ਪੈੜ ਨੱਪਦਿਆਂ ਹਵਾਲਗੀ ਰੂਟ ਰਾਹੀਂ ਕਾਬੂ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੀਆਂ ਸਨ।
ਸੂਤਰਾਂ ਨੇ ਦੱਸਿਆ ਕਿ ਭਾਰਤੀ ਏਜੰਸੀਆਂ ਨੇ 2018 ਤੇ 2021 ਵਿੱਚ ਮੁੰਬਈ ਦੀ ਵਿਸ਼ੇਸ਼ ਅਦਾਲਤ ਵੱਲੋਂ ਜਾਰੀ ਕੀਤੇ ਗਏ ਘੱਟੋ-ਘੱਟ ਦੋ ਗ੍ਰਿਫ਼ਤਾਰੀ ਵਾਰੰਟ ਹਵਾਲਗੀ ਬੇਨਤੀ ਵਜੋਂ ਆਪਣੇ ਬੈਲਜੀਅਨ ਹਮਰੁਤਬਾ ਨਾਲ ਸਾਂਝੇ ਕੀਤੇ ਹਨ। ਜ਼ਿਕਰਯੋਗ ਹੈ ਸੀਬੀਆਈ ਅਤੇ ਈਡੀ ਨੇ ਚੋਕਸੀ, ਮੋਦੀ, ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਅਤੇ ਕਰਮਚਾਰੀਆਂ, ਬੈਂਕ ਅਧਿਕਾਰੀਆਂ ਅਤੇ ਹੋਰਾਂ ਖਿਲਾਫ਼ 2018 ਵਿੱਚ ਮੁੰਬਈ ’ਚ ਪੰਜਾਬ ਨੈਸ਼ਨਲ ਬੈਂਕ (ਪੀਐਨਬੀ) ਦੀ ਬ੍ਰੈਡੀ ਹਾਊਸ ਸ਼ਾਖਾ ਵਿੱਚ ਕਥਿਤ ਕਰਜ਼ਾ ਧੋਖਾਧੜੀ ਦੇ ਦੋਸ਼ ਤਹਿਤ ਕੇਸ ਦਰਜ ਕੀਤਾ ਸੀ।
ਨੀਰਵ ਮੋਦੀ, ਜਿਸ ਨੂੰ ਭਗੌੜਾ ਆਰਥਿਕ ਅਪਰਾਧੀ ਐਲਾਨਿਆ ਗਿਆ ਸੀ, ਇਸ ਮਾਮਲੇ ਵਿੱਚ ਈਡੀ ਤੇ ਸੀਬੀਆਈ ਵੱਲੋਂ ਕੀਤੀ ਗਈ ਕਾਨੂੰਨੀ ਬੇਨਤੀ ਦੇ ਆਧਾਰ ’ਤੇ 2019 ਵਿੱਚ ਉੱਥੋਂ ਦੇ ਅਧਿਕਾਰੀਆਂ ਵੱਲੋਂ ਹਿਰਾਸਤ ਵਿੱਚ ਲਏ ਜਾਣ ਮਗਰੋਂ ਲੰਡਨ ਦੀ ਇੱਕ ਜੇਲ੍ਹ ਵਿੱਚ ਬੰਦ ਹੈ। ਉਸ ਵੱਲੋਂ ਭਾਰਤ ਹਵਾਲਗੀ ਦਾ ਵਿਰੋਧ ਕੀਤਾ ਜਾ ਰਿਹਾ ਹੈ।