ਨਵੀਂ ਦਿੱਲੀ- ਕੌਮੀ ਜਾਂਜ ਏਜੰਸੀ ਨੇ 26/11 ਮੁੰਬਈ ਦਹਿਸ਼ਤੀ ਹਮਲਿਆਂ ਦੇ ਸਾਜ਼ਿਸ਼ਘਾੜੇ ਤਹੱਵੁਰ ਹੁਸੈਨ ਰਾਣਾ ਨੂੰ ਸ਼ੁੱਕਰਵਾਰ ਨੂੰ 18 ਦਿਨਾਂ ਦੇ ਰਿਮਾਂਡ ਉੱਤੇ ਲੈ ਲਿਆ ਹੈ। ਐੱਨਆਈਏ ਦੀ ਹਿਰਾਸਤ ਦੌਰਾਨ ਰਾਣਾ ਕੋਲੋਂ ਇਨ੍ਹਾਂ ਹਮਲਿਆਂ ਪਿਛਲੀ ਮੁਕੰਮਲ ਸਾਜ਼ਿਸ਼ ਦਾ ਪਤਾ ਲਾਉਣ ਲਈ ਸਵਾਲ ਕੀਤੇ ਜਾਣਗੇ। ਐੱਨਆਈਏ ਨੇ ਰਾਣਾ ਨੂੰ ਅਮਰੀਕਾ ਤੋਂ ਭਾਰਤ ਲਿਆਉਣ ਮਗਰੋਂ ਵੀਰਵਾਰ ਦੇਰ ਰਾਤ ਪਟਿਆਲਾ ਹਾਊਸ ਦੀ ਵਿਸ਼ੇਸ਼ ਐਨਆਈਏ ਕੋਰਟ ਵਿਚ ਪੇਸ਼ ਕੀਤਾ ਸੀ। ਏਜੰਸੀ ਨੇ ਹਾਲਾਂਕਿ ਰਾਣਾ ਦੀ 20 ਦਿਨ ਦੀ ਹਿਰਾਸਤ ਮੰਗੀ ਸੀ।
ਰਿਮਾਂਡ ਹਾਸਲ ਕਰਨ ਮਗਰੋਂ ਐੱਨਆਈਏ ਦੀ ਟੀਮ ਰਾਣਾ ਨੂੰ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ, ਜਿਸ ਵਿਚ ਦਿੱਲੀ ਪੁਲੀਸ ਦੇ ਸਪੈਸ਼ਲ ਵੈਪਨਜ਼ ਤੇ ਟੈਕਟਿਕਸ (SWAT) ਤੇ ਹੋਰ ਸੁਰੱਖਿਆ ਅਮਲਾ ਸ਼ਾਮਲ ਸੀ, ਪਟਿਆਲਾ ਹਾਊਸ ਕੋਰਟ ਤੋਂ ਐੱਨਆਈਏ ਹੈੱਡਕੁਆਰਟਰ ਲੈ ਕੇ ਆਈ। ਅਧਿਕਾਰੀਆਂ ਨੇ ਕਿਹਾ ਕਿ ਰਾਣਾ ਨੂੰ ਅਤਿਵਾਦ ਵਿਰੋਧੀ ਏਜੰਸੀ ਦੇ ਸੀਜੀਓ ਕੰਪਲੈਕਸ ਸਥਿਤ ਦਫ਼ਤਰ ਦੇ ਉੱਚ ਸੁਰੱਖਿਆ ਵਾਲੇ ਸੈੱਲ ਵਿਚ ਰੱਖਿਆ ਜਾਵੇਗਾ। ਐੱਨਆਈਏ ਨੇ ਕੋਰਟ ਦੇ ਹੁਕਮਾਂ ਮਗਰੋਂ ਜਾਰੀ ਇਕ ਬਿਆਨ ਵਿਚ ਕਿਹਾ, ‘‘ਰਾਣਾ ਅਗਲੇ 18 ਦਿਨ ਐੱਨਆਈਏ ਦੀ ਹਿਰਾਸਤ ਵਿਚ ਰਹੇਗਾ ਤੇ ਇਸ ਦੌਰਾਨ ਏਜੰਸੀ 2008 ਦੇ ਹਮਲਿਆਂ, ਜਿਸ ਵਿਚ 166 ਵਿਅਕਤੀਆਂ ਦੀ ਜਾਨ ਜਾਂਦੀ ਰਹੀ ਸੀ ਤੇ 238 ਤੋਂ ਵੱਧ ਜ਼ਖ਼ਮੀ ਹੋ ਗਏ ਸਨ, ਪਿਛਲੀ ਮੁਕੰਮਲ ਸਾਜ਼ਿਸ਼ ਦਾ ਸੱਚ ਜਾਣਨ ਲਈ ਉਸ ਨੂੰ ਸਵਾਲ ਕਰੇਗੀ।’’
ਐੱਨਆਈਏ ਨੇ ਕਈ ਸਾਲਾਂ ਦੀਆਂ ਨਿਰੰਤਰ ਕੋਸ਼ਿਸ਼ਾਂ ਤੋਂ ਬਾਅਦ ਤਹੱਵੁਰ ਰਾਣਾ ਦੀ ਅਮਰੀਕਾ ਤੋਂ ਹਵਾਲਗੀ ਹਾਸਲ ਕੀਤੀ ਹੈ। ਰਾਣਾ ਨੂੰ ਵੀਰਵਾਰ ਸ਼ਾਮ ਨੂੰ ਨਵੀਂ ਦਿੱਲੀ ਲਿਆਂਦਾ ਗਿਆ। ਰਾਣਾ ਨੂੰ ਲਾਸ ਏਂਜਲਸ ਤੋਂ ਇੱਕ ਵਿਸ਼ੇਸ਼ ਜਹਾਜ਼ ਰਾਹੀਂ ਭਾਰਤ ਲਿਆਉਣ ਵਾਲੀ ਟੀਮ ਵਿਚ ਸੀਨੀਅਰ ਅਧਿਕਾਰੀਆਂ ਸਮੇਤ ਐਨਐਸਜੀ ਅਤੇ ਐਨਆਈਏ ਦੀਆਂ ਟੀਮਾਂ ਸ਼ਾਮਲ ਸਨ।