ਜੰਮੂ-ਕਸ਼ਮੀਰ: ਡੋਡਾ ਜ਼ਿਲ੍ਹੇ ਦੇ ਭਦਰਵਾਹ ਸ਼ਹਿਰ ਵਿੱਚ ਸ਼ਨਿੱਚਰਵਾਰ ਨੂੰ ਇੱਕ ਹਿੰਦੂ ਸਮੂਹ ਦੇ ਆਗੂ ਵੱਲੋਂ ਕਥਿਤ ਤੌਰ ‘ਤੇ ਕੀਤੀ ਗਈ ਇੱਕ ਇਤਰਾਜ਼ਯੋਗ ਸੋਸ਼ਲ ਮੀਡੀਆ ਪੋਸਟ ਤੋਂ ਬਾਅਦ ਵਿਰੋਧ ਪ੍ਰਦਰਸ਼ਨ ਸ਼ੁਰੂ ਹੋ ਗਏ ਅਤੇ ਸ਼ਹਿਰ ਅੰਸ਼ਕ ਬੰਦ ਕੀਤਾ ਗਿਆ। ਇਸ ਕਾਰਨ ਅਧਿਕਾਰੀਆਂ ਨੂੰ ਮੋਬਾਈਲ ਇੰਟਰਨੈੱਟ ਸੇਵਾਵਾਂ ਮੁਅੱਤਲ ਕਰਨੀਆਂ ਪਈਆਂ।
ਭਦਰਵਾਹ ਦੇ ਪੁਲੀਸ ਸੁਪਰਡੈਂਟ ਵਿਨੋਦ ਸ਼ਰਮਾ ਨੇ ਕਿਹਾ ਕਿ ਮੁਲਜ਼ਮ ਵੀਰੇਂਦਰ ਰਾਜ਼ਦਾਨ ਵਿਰੁੱਧ ਐਫਆਈਆਰ ਦਰਜ ਕਰ ਲਈ ਗਈ ਹੈ ਅਤੇ ਉਸਨੂੰ ਫੜਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਅਧਿਕਾਰੀ ਨੇ ਲੋਕਾਂ ਨੂੰ ਅਮਨ ਅਤੇ ਫਿਰਕੂ ਸਦਭਾਵਨਾ ਬਣਾਈ ਰੱਖਣ ਦੀ ਅਪੀਲ ਕੀਤੀ ਹੈ।
ਸ੍ਰੀ ਸਨਾਤਨ ਧਰਮ ਸਭਾ ਭਦਰਵਾਹ ਦੇ ਮੁਖੀ ਰਾਜ਼ਦਾਨ ਨੇ ਕਥਿਤ ਤੌਰ ‘ਤੇ ਆਪਣੇ ਸੋਸ਼ਲ ਮੀਡੀਆ ਖ਼ਾਤੇ ‘ਤੇ ਫ਼ਿਰਕੂ ਤੌਰ ‘ਤੇ ਸੰਵੇਦਨਸ਼ੀਲ ਸਮੱਗਰੀ ਪੋਸਟ ਕੀਤੀ, ਜਿਸ ਨਾਲ ਹਿੰਦੂ ਅਤੇ ਮੁਸਲਿਮ ਦੋਵਾਂ ਭਾਈਚਾਰਿਆਂ ਦੇ ਮੈਂਬਰਾਂ ਦਾ ਗੁੱਸਾ ਭੜਕ ਪਿਆ। ਅੰਜੁਮਨ-ਏ-ਇਸਲਾਮੀਆ ਭਦਰਵਾਹ ਨੇ ਸਥਾਨਕ ਜਾਮੀਆ ਮਸਜਿਦ ਤੋਂ ਭਦਰਵਾਹ ਪੁਲੀਸ ਸਟੇਸ਼ਨ ਤੱਕ ਮਾਰਚ ਕੱਢਿਆ, ਜਿਸ ਵਿੱਚ ਇਤਰਾਜ਼ਯੋਗ ਪੋਸਟ ਰਾਹੀਂ ਮੁਸਲਮਾਨਾਂ ਦੀਆਂ “ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ” ਦੇ ਦੋਸ਼ੀ ਦੀ ਗ੍ਰਿਫ਼ਤਾਰੀ ਦੀ ਮੰਗ ਕਰਦੇ ਹੋਏ ਨਾਅਰੇਬਾਜ਼ੀ ਕੀਤੀ ਗਈ।
ਪੁਲੀਸ ਸੁਪਰਡੈਂਟ ਵੱਲੋਂ ਦੋਸ਼ੀਆਂ ਵਿਰੁੱਧ ਕਾਨੂੰਨ ਅਨੁਸਾਰ ਢੁਕਵੀਂ ਕਾਰਵਾਈ ਦਾ ਭਰੋਸਾ ਦੇਣ ਤੋਂ ਬਾਅਦ ਪ੍ਰਦਰਸ਼ਨਕਾਰੀ ਖਿੰਡ ਗਏ। ਹਾਲਾਂਕਿ, ਅੰਜੁਮਨ ਦੇ ਸੱਦੇ ’ਤੇ ਸ਼ਹਿਰ ਵਿਚ ਦੁਕਾਨਾਂ ਅੰਸ਼ਕ ਤੌਰ ‘ਤੇ ਬੰਦ ਰਹੀਆਂ।
ਐਸਪੀ ਭਦਰਵਾਹ ਨੇ ਕਿਹਾ ਕਿ ਭਾਰਤੀ ਨਿਆਏ ਸੰਹਿਤਾ (ਬੀਐਨਐਸ) ਦੀ ਧਾਰਾ 299 (ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਇਰਾਦੇ ਨਾਲ ਜਾਣਬੁੱਝ ਕੇ ਕੀਤੇ ਗਏ ਅਤੇ ਦੁਰਭਾਵਨਾਪੂਰਨ ਕੰਮ) ਦੇ ਤਹਿਤ ਰਜ਼ਦਾਨ ਵਿਰੁੱਧ ਭਦਰਵਾਹ ਪੁਲੀਸ ਸਟੇਸ਼ਨ ਵਿੱਚ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਉਸਨੂੰ ਗ੍ਰਿਫ਼ਤਾਰ ਕਰਨ ਦੀਆਂ ਕੋਸ਼ਿਸ਼ਾਂ ਜਾਰੀ ਹਨ। ਅਧਿਕਾਰੀਆਂ ਨੇ ਕਿਹਾ ਕਿ ਚੌਕਸੀ ਵਜੋਂ ਭਦਰਵਾਹ ਸ਼ਹਿਰ ਅਤੇ ਇਸਦੇ ਆਲੇ-ਦੁਆਲੇ ਦੇ ਖੇਤਰਾਂ ਵਿੱਚ ਮੋਬਾਈਲ ਇੰਟਰਨੈਟ ਸੇਵਾਵਾਂ ਮੁਅੱਤਲ ਕਰ ਦਿੱਤੀਆਂ ਗਈਆਂ ਹਨ।
ਭਾਜਪਾ ਦੇ ਸੀਨੀਅਰ ਨੇਤਾ ਅਤੇ ਭਦਰਵਾਹ ਪੱਛਮੀ ਤੋਂ ਜ਼ਿਲ੍ਹਾ ਵਿਕਾਸ ਪ੍ਰੀਸ਼ਦ (ਡੀਡੀਸੀ) ਦੇ ਮੈਂਬਰ ਠਾਕੁਰ ਯੁੱਧਵੀਰ ਸਿੰਘ ਨੇ ਇਸ “ਮੰਦਭਾਗੀ ਪੋਸਟ” ਦੀ ਨਿੰਦਾ ਕੀਤੀ ਅਤੇ ਕਿਹਾ ਕਿ ਰਾਜ਼ਦਾਨ ਨੇ ਆਪਣੀ ਨਿੱਜੀ ਸਮਰੱਥਾ ਵਿੱਚ ਇਹ ਇਤਰਾਜ਼ਯੋਗ ਵੀਡੀਓ ਅਪਲੋਡ ਕੀਤਾ ਹੈ ਅਤੇ ਸਨਾਤਨ ਧਰਮ ਸਭਾ ਭਦਰਵਾਹ ਦਾ ਇਸ ਪੋਸਟ ਨਾਲ ਕੋਈ ਤੁਅੱਲਕ ਨਹੀਂ ਹੈ।