ਮੁੰਬਈ: ਬਾਲੀਵੁੱਡ ਸਟਾਰ ਸਲਮਾਨ ਖਾਨ ਨੇ ਕਿਹਾ ਕਿ ਲਾਰੈਂਸ ਬਿਸ਼ਨੋਈ ਗੈਂਗ ਵੱਲੋਂ ਜਾਨੋਂ ਮਾਰਨ ਦੀਆਂ ਧਮਕੀਆਂ ਕਾਰਨ ਵਧੀ ਹੋਈ ਸੁਰੱਖਿਆ ਨੇ ਉਨ੍ਹਾਂ ਦੀ ਬਾਹਰ ਨਿੱਕਲਣ ਨੂੰ ਕਾਫ਼ੀ ਹੱਦ ਤੱਕ ਸੀਮਤ ਕਰ ਦਿੱਤਾ ਹੈ ਅਤੇ ਉਨ੍ਹਾਂ ਦੇ ਸਟਾਈਲ ਨੂੰ ਪ੍ਰਭਾਵਿਤ ਕਰ ਦਿੱਤਾ ਹੈ। ਖਾਨ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਸੁਰੱਖਿਆ ਪ੍ਰੋਟੋਕੋਲ ਨੇ ਉਨ੍ਹਾਂ ਦੇ ਰੋਜ਼ਾਨਾ ਦੇ ਰੁਟੀਨ ਨੂੰ ਪ੍ਰਭਾਵਿਤ ਕੀਤਾ ਹੈ। ਉਨ੍ਹਾਂ ਕਿਹਾ, “ਮੈਂ ਇਸ (ਸੁਰੱਖਿਆ) ਬਾਰੇ ਕੁਝ ਨਹੀਂ ਕਰ ਸਕਦਾ। ਮੈਂ ਸਿਰਫ ਗਲੈਕਸੀ (ਘਰ) ਤੋਂ ਸ਼ੂਟਿੰਗ ਕਰਨ ਜਾਂਦਾ ਹਾਂ, ਹੋਰ ਕੋਈ ਘੁੰਮਣਾ ਫਿਰਨਾ ਨਹੀਂ।’’
ਜ਼ਿਕਰਯੋਗ ਹੈ ਕਿ ਸਲਮਾਨ ਖਾਨ ਨੂੰ ਪਹਿਲਾਂ ਬਿਨਾਂ ਕਿਸੇ ਰੁਕਾਵਟ ਦੇ ਸ਼ਹਿਰ ਵਿਚ ਅਕਸਰ ਸਾਈਕਲ ਚਲਾਉਂਦੇ ਦੇਖਿਆ ਜਾ ਸਕਦਾ ਸੀ। ਅਪ੍ਰੈਲ 2024 ਵਿੱਚ ਲਾਰੈਂਸ ਬਿਸ਼ਨੋਈ ਗੈਂਗ ਨਾਲ ਸਬੰਧਤ ਦੋ ਵਿਅਕਤੀਆਂ ਨੇ ਖਾਨ ਦੀ ਇਮਾਰਤ ਦੇ ਬਾਹਰ ਗੋਲੀਬਾਰੀ ਕੀਤੀ। ਇਸ ਤੋਂ ਬਾਅਦ ਉਸਦੀ ਬਾਲਕੋਨੀ ਦੀ ਸੁਰੱਖਿਆ ਲਈ ਬੁਲੇਟਪਰੂਫ ਸ਼ੀਸ਼ੇ ਅਤੇ ਬਾਹਰ ਸੜਕ ’ਤੇ ਨਜ਼ਰ ਰੱਖਣ ਵਾਲੇ ਸੀਸੀਟੀਵੀ ਕੈਮਰਿਆਂ ਨਾਲ ਸੁਰੱਖਿਆ ਵਧਾ ਦਿੱਤੀ ਗਈ। ਦੋ ਮਹੀਨਿਆਂ ਬਾਅਦ ਨਵੀਂ ਮੁੰਬਈ ਪੁਲੀਸ ਨੇ ਦਾਅਵਾ ਕੀਤਾ ਕਿ ਜਦੋਂ ਉਹ ਮੁੰਬਈ ਦੇ ਨੇੜੇ ਪਨਵੇਲ ਵਿਖੇ ਆਪਣੇ ਫਾਰਮਹਾਊਸ ਗਿਆ ਤਾਂ ਅਦਾਕਾਰ ਨੂੰ ਮਾਰਨ ਦੀ ਸਾਜ਼ਿਸ਼ ਦਾ ਪਤਾ ਲੱਗਿਆ।