ਨਵੀਂ ਦਿੱਲੀ: ਦਿੱਲੀ ਹਾਈ ਕੋਰਟ (Delhi High Court) ਨੇ ਹਾਲ ਹੀ ਵਿਚ ਹੋਈਆਂ ਦਿੱਲੀ ਵਿਧਾਨ ਸਭਾ ਚੋਣਾਂ ਦੌਰਾਨ ਕਥਿਤ ਭ੍ਰਿਸ਼ਟ ਢੰਗ-ਤਰੀਕੇ ਆਪਣਾਏ ਜਾਣ ਦੇ ਆਧਾਰ ’ਤੇ ‘ਆਪ’ ਆਗੂ ਅਤੇ ਸਾਬਕਾ ਮੁੱਖ ਮੰਤਰੀ ਆਤਿਸ਼ੀ ਦੀ ਚੋਣ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ਉਤੇ ਬੀਬੀ ਆਤਿਸ਼ੀ ਨੂੰ ਨੋਟਿਸ ਜਾਰੀ ਕੀਤਾ ਹੈ।
ਇਸ ਦੇ ਨਾਲ ਹੀ ਜਸਟਿਸ ਜੋਤੀ ਸਿੰਘ ਦੀ ਅਦਾਲਤ ਨੇ ਭਾਰਤ ਦੇ ਚੋਣ ਕਮਿਸ਼ਨ, ਦਿੱਲੀ ਪੁਲੀਸ ਅਤੇ ਕਾਲਕਾਜੀ ਵਿਧਾਨ ਸਭਾ ਹਲਕੇ ਦੇ ਰਿਟਰਨਿੰਗ ਅਫਸਰ ਨੂੰ ਵੀ ਨੋਟਿਸ ਜਾਰੀ ਕੀਤਾ, ਜਿੱਥੋਂ ਆਤਿਸ਼ੀ ਚੋਣ ਜਿੱਤੀ ਸੀ। ਅਦਾਲਤ ਨੇ ਮਾਮਲੇ ਦੀ ਅਗਲੀ ਸੁਣਵਾਈ 30 ਜੁਲਾਈ ‘ਤੇ ਪਾ ਦਿੱਤੀ ਹੈ।
ਸੁਣਵਾਈ ਦੌਰਾਨ ਚੋਣ ਕਮਿਸ਼ਨ ਦੇ ਵਕੀਲ ਅਤੇ ਰਿਟਰਨਿੰਗ ਅਫਸਰ ਨੇ ਪਟੀਸ਼ਨ ਵਿੱਚ ਉਨ੍ਹਾਂ ਨੂੰ ਧਿਰ ਬਣਾਏ ਜਾਣ ‘ਤੇ ਇਤਰਾਜ਼ ਉਠਾਇਆ। ਕਮਲਜੀਤ ਸਿੰਘ ਦੁੱਗਲ ਅਤੇ ਆਯੂਸ਼ ਰਾਣਾ ਦੀ ਪਟੀਸ਼ਨ ਵਿੱਚ ਆਤਿਸ਼ੀ ਦੀ ਚੋਣ ਨੂੰ ਚੁਣੌਤੀ ਦਿੱਤੀ ਗਈ ਸੀ, ਜਿਸ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਉਨ੍ਹਾਂ ਅਤੇ ਉਨ੍ਹਾਂ ਚੋਣ ਏਜੰਟਾਂ ਨੇ ਚੋਣਾਂ ਦੌਰਾਨ ਭ੍ਰਿਸ਼ਟ ਢੰਗ ਤਰੀਕਿਆਂ ਦੀ ਵਰਤੋਂ ਕੀਤੀ ਸੀ।
ਆਤਿਸ਼ੀ ਨੇ ਕਾਲਕਾਜੀ ਸੀਟ ਤੋਂ ਆਪਣੇ ਕਰੀਬੀ ਵਿਰੋਧੀ ਦੇ ਭਾਜਪਾ ਉਮੀਦਵਾਰ ਰਮੇਸ਼ ਬਿਧੂੜੀ ਨੂੰ 3,521 ਵੋਟਾਂ ਨਾਲ ਹਰਾਇਆ। ਪਟੀਸ਼ਨਰ ਕਾਲਕਾਜੀ ਹਲਕੇ ਦੇ ਵਸਨੀਕ ਹਨ। ਦਿੱਲੀ ਵਿਧਾਨ ਸਪਾ ਦੀ ਚੋਣ ਲਈ 5 ਫਰਵਰੀ ਨੂੰ ਵੋਟਿੰਗ ਹੋਈ ਸੀ ਅਤੇ 8 ਫਰਵਰੀ ਨੂੰ ਨਤੀਜੇ ਐਲਾਨੇ ਗਏ ਸਨ।