ਲਾਹੌਰ- ਪਾਕਿਸਤਾਨ ਕ੍ਰਿਕਟ ਬੋਰਡ (ਪੀਸੀਬੀ) ਦੁਬਈ ਵਿੱਚ ਟੂਰਨਾਮੈਂਟ ਦੇ ਸਮਾਪਤੀ ਸਮਾਗਮ ਦੌਰਾਨ ਆਪਣੇ ਸੀਈਓ ਅਤੇ ਚੈਂਪੀਅਨਜ਼ ਟਰਾਫੀ ਟੂਰਨਾਮੈਂਟ ਡਾਇਰੈਕਟਰ ਸੁਮੈਰ ਅਹਿਮਦ ਸਈਦ ਨੂੰ ਨਜ਼ਰਅੰਦਾਜ਼ ਕਰਨ ਲਈ ਕੌਮਾਂਤਰੀ ਕ੍ਰਿਕਟ ਕੌਂਸਲ (ਆਈਸੀਸੀ) ਕੋਲ ਆਪਣਾ ਵਿਰੋਧ ਦਰਜ ਕਰਵਾਏਗਾ। ਪੀਸੀਬੀ ਦੇ ਸੂਤਰ ਨੇ ਅੱਜ ਕਿਹਾ ਕਿ ਇਸ ਸਬੰਧੀ ਆਈਸੀਸੀ ਵੱਲੋਂ ਦਿੱਤੇ ਸਪੱਸ਼ਟੀਕਰਨ ਤੋਂ ਬੋਰਡ ਚੇਅਰਮੈਨ ਮੋਹਸਿਨ ਨਕਵੀ ਸੰਤੁਸ਼ਟ ਨਹੀਂ। ਸੂਤਰ ਨੇ ਕਿਹਾ, ‘ਆਈਸੀਸੀ ਨੇ ਸਪੱਸ਼ਟ ਕੀਤਾ ਹੈ ਕਿ ਉਸ ਨੇ ਮੋਹਸਿਨ ਨਕਵੀ ਨੂੰ ਸਟੇਜ ’ਤੇ ਲਿਆਉਣ ਦੀ ਤਿਆਰੀ ਕਰ ਲਈ ਸੀ ਪਰ ਜਦੋਂ ਫਾਈਨਲ ਵਿੱਚ ਹੀ ਨਹੀਂ ਆਏ ਤਾਂ ਉਸ ਨੇ ਆਪਣੀ ਯੋਜਨਾ ਬਦਲ ਲਈ।’ ਪੀਸੀਬੀ ਨੇ ਇਹ ਸਪਸ਼ਟੀਕਰਨ ਖਾਰਜ ਕਰਦਿਆਂ ਕਿਹਾ ਕਿਆਈਸੀਸੀ ਨੇ ਟੂਰਨਾਮੈਂਟ ਦੌਰਾਨ ਮੇਜ਼ਬਾਨ ਦੇਸ਼ ਵਜੋਂ ਪਾਕਿਸਤਾਨ ਨਾਲ ਕਈ ਵਧੀਕੀਆਂ ਕੀਤੀਆਂ।