ਪਟਿਆਲਾ- ਸੈਲਾਨੀਆਂ ਲਈ 16 ਸਾਲਾਂ ਤੋਂ ਬੰਦ ਪਏ ਪਟਿਆਲਾ ਦੇ ਵਿਰਾਸਤੀ ਸ਼ੀਸ਼ ਮਹਿਲ ਖੁੱਲ੍ਹਣ ਦੀ ਅਜੇ ਕੋਈ ਸੰਭਾਵਨਾ ਨਜ਼ਰ ਨਹੀਂ ਆ ਰਹੀ। ਆਮ ਲੋਕਾਂ ਲਈ ਸ਼ੀਸ਼ ਮਹਿਲ ਖੋਲ੍ਹਣ ਦੀ ਮੰਗ ਨੂੰ ਲੈ ਕੇ ਹਾਈ ਕੋਰਟ ਵਿੱਚ ਪਟੀਸ਼ਨ ਪਾਏ ਜਾਣ ਦੇ ਬਾਵਜੂਦ ਸਥਿਤੀ ਜਿਓਂ ਦੀ ਤਿਓਂ ਬਣੀ ਹੋਈ ਹੈ। ਸਰਸ ਮੇਲੇ ਦੀਆਂ ਰੌਣਕਾਂ ਮਗਰੋਂ ਸ਼ੀਸ਼ ਮਹਿਲਾ ’ਚ ਹੁਣ ਮੁੜ ਸੰਨਾਟਾ ਹੈ। ਸ਼ੀਸ਼ ਮਹਿਲ ਦੀ ਇਮਾਰਤ ਵਿਚ ਤਾਂ ਕੋਈ ਵੀ ਜਾ ਸਕਦਾ ਹੈ ਪਰ ਉਸ ਦੇ ਕਮਰਿਆਂ ਅੰਦਰ ਜਾਣ ਲਈ ਕਿਸੇ ਨੂੰ ਇਜਾਜ਼ਤ ਨਹੀਂ ਹੈ ਜੋ ਮੁਰੰਮਤ ਦੇ ਨਾਮ ’ਤੇ ਬੰਦ ਹਨ।
ਜ਼ਿਕਰਯੋਗ ਹੈ ਕਿ ਸ਼ੀਸ਼ ਮਹਿਲ ਨੂੰ ਮਹਾਰਾਜਾ ਨਰਿੰਦਰ ਸਿੰਘ ਨੇ 1847 ਈ. ਵਿੱਚ ਬਣਵਾਇਆ ਸੀ। ਪੈਲੇਸ ਦੇ ਸਾਹਮਣੇ ਇੱਕ ਸੁੰਦਰ ਝੀਲ ਹੈ। ਇਸ ’ਤੇ ਝੂਲਾ ਬਣਿਆ ਹੋਇਆ ਹੈ ਜਿਸ ਨੂੰ ‘ਲਛਮਣ ਝੂਲਾ’ ਕਿਹਾ ਜਾਂਦਾ ਹੈ। ਭਾਰਤ ਦੀਆਂ ਰਿਆਸਤਾਂ ਦੇ ਮਹਾਰਾਜਿਆਂ ਵੱਲੋਂ ਚਲਾਏ ਆਪੋ-ਆਪਣੇ ਸਿੱਕੇ ਇੱਥੇ ਪਟਿਆਲਾ ਦੇ ਸ਼ੀਸ਼ ਮਹਿਲ ਵਿੱਚ ਬੰਦ ਪਏ ਹਨ। ਇਥੋਂ ਤੱਕ ਕਿ ਇੱਥੇ ਨਾਨਕਸ਼ਾਹੀ ਸਿੱਕੇ ਵੀ ਪਏ ਹਨ ਪਰ ਹੈਰਾਨੀ ਦੀ ਗੱਲ ਇਹ ਹੈ ਕਿ ਐਥੋਂ ਪਟਿਆਲਾ ਰਿਆਸਤ ਦੇ ਸਿੱਕੇ ਗ਼ਾਇਬ ਹਨ। ਪਟਿਆਲਾ ਦੇ ਸ਼ੀਸ਼ ਮਹਿਲ ਵਿੱਚ ਪੇਟੀਆਂ ਵਿੱਚ ਅਤੇ ਸ਼ੀਸ਼ੇ ਦੇ ਬਕਸਿਆਂ ਵਿੱਚ ਬੰਦ ਕਰੀਬ 29,700 ਸਿੱਕੇ ਪਏ ਹਨ। ਭਾਰਤ ਦੇ ਵੱਖ-ਵੱਖ ਖੇਤਰਾਂ ਵਿੱਚ 867 ਰਿਆਸਤਾਂ ਹਨ ਜਿਨ੍ਹਾਂ ਦੇ ਆਪੋ-ਆਪਣੇ ਸਿੱਕੇ ਹਨ। ਮਹਿਲ ਵਿਚ ਸ਼ੀਸ਼ੇ ਜੜੇ ਕਮਰਿਆਂ ਵਿਚ ਲੱਗੀਆਂ ਕਾਂਗੜਾ ਅਤੇ ਰਾਜਸਥਾਨੀ ਕਲਮ ਦੀ ਚਿੱਤਰਕਾਰੀ ਕੰਸ਼ਵ, ਸੂਰਦਾਸ ਅਤੇ ਬਿਹਾਰੀ ਦੇ ਨਜ਼ਰੀਏ ਨੂੰ ਦਰਸਾਉਂਦੀ ਹੈ।
ਹਾਈ ਕੋਰਟ ਵਿਚ ਪਟੀਸ਼ਨ ਪਾਉਣ ਵਾਲੀ ਵਕੀਲ ਸੁਨੈਨਾ ਨੇ ਕਿਹਾ ਕਿ ਪੰਜਾਬ ਸਰਕਾਰ ਤੋਂ ਹਾਈ ਕੋਰਟ ਵਿਚ ਮੰਗੀ ਗਈ ਸਟੇਟਸ ਰਿਪੋਰਟ ਵਿਚ ਪਟਿਆਲਾ ਪ੍ਰਸ਼ਾਸਨ ਨੇ ਕਿਹਾ ਸੀ ਕਿ ਫਰਵਰੀ-ਮਾਰਚ ਤੱਕ ਸ਼ੀਸ਼ ਮਹਿਲ ਆਮ ਲੋਕਾਂ ਲਈ ਖੋਲ੍ਹ ਦਿੱਤਾ ਜਾਵੇਗਾ। ਸੂਤਰ ਦੱਸਦੇ ਹਨ ਕਿ ਅਜੇ ਵੀ ਸ਼ੀਸ਼ ਮਹਿਲ ਦੇ ਇੱਕ ਹਿੱਸੇ ਦੇ ਟੈਂਡਰ ਹੋਣੇ ਬਾਕੀ ਹਨ, ਜਿਸ ਕਰਕੇ ਇਹ ਹਾਲੇ ਵੀ ਆਮ ਲੋਕਾਂ ਲਈ ਨਹੀਂ ਖੁੱਲ੍ਹੇਗਾ। ਪਟਿਆਲਾ ਵਿਚ ਸ਼ੀਸ਼ ਮਹਿਲ ਇਕ ਖ਼ਾਸ ਵਿਰਾਸਤੀ ਇਮਾਰਤ ਹੈ ਜਿੱਥੇ ਸੈਲਾਨੀ ਰੋਜ਼ਾਨਾ ਆਉਂਦੇ ਹਨ, ਪਰ ਇੱਥੋਂ ਨਿਰਾਸ਼ ਮੁੜਦੇ ਹਨ।