ਨਵੀਂ ਦਿੱਲੀ: ‘ਸੁਪਰਬੁਆਇਜ਼ ਆਫ਼ ਮਾਲੇਗਾਓਂ’ ਦੀ ਨਿਰਦੇਸ਼ਕ ਰੀਮਾ ਕਾਗਤੀ ਦਾ ਮੰਨਣਾ ਹੈ ਕਿ ਭਾਰਤੀ ਫਿਲਮ ਇੰਡਸਟਰੀ ਕੋਲ ਸਿਰਫ ਵੱਡੇ ਸਿਤਾਰਿਆਂ ਵਾਲਾ ਸਿਨੇਮਾ ਨਹੀਂ ਹੈ, ਸਗੋਂ ਵੱਖ-ਵੱਖ ਫਿਲਮਾਂ ਬਣਾਉਣ ਤੇ ਉਨ੍ਹਾਂ ਦੀ ਸਫਲਤਾ ਦਾ ਜਸ਼ਨ ਮਨਾਉਣ ਦੀ ਸਮਰੱਥਾ ਵੀ ਹੈ। ਇਹ ਫਿਲਮ ਨਿਰਮਾਤਾ ਨਾਸਿਰ ਸ਼ੇਖ ਦੀ ਅਸਲ ਜ਼ਿੰਦਗੀ ’ਤੇ ਆਧਾਰਿਤ ਹੈ, ਇਹ ਫਿਲਮ ਪਿਛਲੇ ਹਫ਼ਤੇ ਰਿਲੀਜ਼ ਹੋਈ ਸੀ। ‘ਹਨੀਮੂਨ ਟਰੈਵਲ ਪ੍ਰਾਈਵੇਟ ਲਿਮਟਿਡ’, ‘ਤਲਾਸ਼’ ਅਤੇ ਸਟ੍ਰੀਮਿੰਗ ਸ਼ੋਅ ‘ਦਹਾੜ’ ਨਾਲ ਮਕਬੂਲ ਹੋਈ ਰੀਮਾ ਨੂੰ ਉਮੀਦ ਹੈ ਕਿ ਲੋਕ ਅਜਿਹੀਆਂ ਘੱਟ ਰੇਟਿੰਗ ਵਾਲੀਆਂ ਫਿਲਮਾਂ ਨੂੰ ਦੇਖਣ ਲਈ ਸਿਨੇਮਾਘਰਾਂ ਵਿੱਚ ਜਾਣਗੇ ਅਤੇ ਉਹ ਇਨ੍ਹਾਂ ਫਿਲਮਾਂ ਦੇ ਓਟੀਟੀ ਪਲੈਟਫਾਰਮ ’ਤੇ ਰਿਲੀਜ਼ ਹੋਣ ਦੀ ਉਡੀਕ ਨਾ ਕਰਨ। ਉਸ ਨੇ ਮੰਨਿਆ ਕਿ ਪਿਛਲੇ ਸਾਲ ਇਸ ਫਿਲਮ ਸਨਅਤ ਨੇ ਬਿਹਤਰੀਨ ਪ੍ਰਦਰਸ਼ਨ ਨਹੀਂ ਕੀਤਾ ਪਰ ਇਹ ਸਿਰਫ ਮੰਦੀ ਤੇ ਖੁਸ਼ਹਾਲੀ ਦੇ ਚੱਕਰ ਦਾ ਹਿੱਸਾ ਹੈ। ਉਸ ਨੇ ਕਿਹਾ, ‘ਮੇਰਾ ਮੰਨਣਾ ਹੈ ਕਿ ਸਾਡੀ ਇੰਡਸਟਰੀ ਵਿੱਚ ਕਈ ਤਰ੍ਹਾਂ ਦੀਆਂ ਫਿਲਮਾਂ ਬਣਾਉਣ ਦੀ ਸਮਰੱਥਾ ਹੈ ਕਿਉਂਕਿ ਇਹ ਇੱਕ ਵਧਦੀ-ਫੁੱਲਦੀ ਸਨਅਤ ਦੀ ਨਿਸ਼ਾਨੀ ਹੈ।’