ਨਵੀਂ ਦਿੱਲੀ: ਭਾਰਤ ਦੇ ਵਿਦੇਸ਼ ਮੰਤਰੀ ਐੱਸ.ਜੈਸ਼ੰਕਰ ਨੂੰ ਬੁੱਧਵਾਰ ਰਾਤ (ਯੂਕੇ ਦੇ ਮੁਕਾਮੀ ਸਮੇਂ ਮੁਤਾਬਕ) ਲੰਡਨ ਵਿਚ ਖਾਲਿਸਤਾਨੀ ਕੱਟੜਪੰਥੀਆਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ। ਜੈਸ਼ੰਕਰ ਜਿਵੇਂ ਹੀ ਚੈਥਮ ਥਿੰਕ ਟੈਂਕ ਵਿਚ ਇਕ ਸਮਾਗਮ ’ਚ ਸ਼ਿਰਕਤ ਕਰਨ ਮਗਰੋਂ ਬਾਹਰ ਨਿਕਲੇ ਤਾਂ ਇਕ ਖਾਲਿਸਤਾਨੀ ਸਮਰਥਕ ਨੇ ਉਨ੍ਹਾਂ ਦੀ ਕਾਰ ਨੂੰ ਘੇਰ ਲਿਆ ਤੇ ਭਾਰਤ ਦੇ ਕੌਮੀ ਤਿਰੰਗੇ ਝੰਡੇ ਦੇ ਨਿਰਾਦਰ ਦੀ ਕੋਸ਼ਿਸ਼ ਕੀਤੀ।
ਇਸ ਪੂਰੀ ਘਟਨਾ ਦਾ ਇਕ ਵੀਡੀਓ ਵੀ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਿਹਾ ਹੈ, ਜਿਸ ਵਿਚ ਇਕ ਖਾਲਿਸਤਾਨੀ ਸਮਰਥਕ ਭਾਰਤੀ ਝੰਡੇ ਨੂੰ ਫਾੜਦਾ ਹੋਇਆ ਨਜ਼ਰ ਆ ਰਿਹਾ ਹੈ। ਹੈਰਾਨੀ ਦੀ ਗੱਲ ਹੈ ਕਿ ਇਸ ਦੌਰਾਨ ਮੌਕੇ ’ਤੇ ਮੌਜੂਦ ਲੰਡਨ ਪੁਲੀਸ ਦਾ ਅਮਲਾ ਮੂਕ ਦਰਸ਼ਕ ਬਣਿਆ ਰਿਹਾ ਤੇ ਉਨ੍ਹਾਂ ਖਾਲਿਸਤਾਨੀ ਸਮਰਥਕਾਂ ਖਿਲਾਫ਼ ਕਿਸੇ ਤਰ੍ਹਾਂ ਦੀ ਕਾਰਵਾਈ ਨਹੀਂ ਕੀਤੀ। ਜੈਸ਼ੰਕਰ ਕੂਟਨੀਤਕ ਸਬੰਧਾਂ ਦੀ ਮਜ਼ਬੂਤੀ ਲਈ 4 ਤੋਂ 9 ਮਾਰਚ ਤੱਕ ਯੂਕੇ ਤੇ ਆਇਰਲੈਂਡ ਦੇ ਅਧਿਕਾਰਤ ਦੌਰੇ ’ਤੇ ਹਨ।
ਭਾਰਤ ਵੱਲੋਂ ਜੈਸ਼ੰਕਰ ਦੀ ਸੁਰੱਖਿਆ ’ਚ ਸੰਨ੍ਹ ਦੀ ਨਿਖੇਧੀ: ਭਾਰਤ ਨੇ ਯੂਕੇ ਦੀ ਫੇਰੀ ਦੌਰਾਨ ਵਿਦੇਸ਼ ਮੰਤਰੀ ਐੱਸ.ਜੈਸ਼ੰਕਰ ਦੀ ਸੁਰੱਖਿਆ ਵਿਚ ਸੰਨ੍ਹ ਲੱਗਣ ਦੀ ਨਿਖੇਧੀ ਕੀਤੀ ਹੈ। ਵਿਦੇਸ਼ ਮੰਤਰਾਲੇ ਦੇ ਤਰਜਮਾਨ ਰਣਧੀਰ ਜੈਸਵਾਲ ਨੇ ਕਿਹਾ, ‘‘ਅਸੀਂ ਵਿਦੇਸ਼ ਮੰਤਰੀ ਦੀ ਯੂਕੇ ਫੇਰੀ ਦੌਰਾਨ ਉਨ੍ਹਾਂ ਦੀ ਸੁਰੱਖਿਆ ਵਿਚ ਸੰਨ੍ਹ ਦੀ ਫੁਟੇਜ ਦੇਖੀ ਹੈ। ਅਸੀਂ ਵੱਖਵਾਦੀਆਂ ਤੇ ਕੱਟੜਪੰਥੀਆਂ ਦੇ ਛੋਟੇ ਸਮੂਹਾਂ ਦੀਆਂ ਇਨ੍ਹਾਂ ਭੜਕਾਊ ਸਰਗਰਮੀਆਂ ਦੀ ਨਿਖੇਧੀ ਕਰਦੇ ਹਾਂ। ਅਸੀਂ ਅਜਿਹੇ ਅਨਸਰਾਂ ਵੱਲੋਂ ਜਮਹੂਰੀ ਆਜ਼ਾਦੀ ਦੀ ਦੁਰਵਰਤੋਂ ਦੀ ਨਿਖੇਧੀ ਕਰਦੇ ਹਾਂ। ਅਸੀਂ ਉਮੀਦ ਕਰਦੇ ਹਾਂ ਕਿ ਮੇਜ਼ਬਾਨ ਸਰਕਾਰ ਅਜਿਹੇ ਕੇਸਾਂ ਵਿਚ ਆਪਣੀ ਕੂਟਨੀਤਕ ਜ਼ਿੰਮੇਵਾਰੀਆਂ ਨੂੰ ਬਾਖੂਬੀ ਨਿਭਾਏਗੀ।’’