April 9, 2025
ਅੰਤਰਰਾਸ਼ਟਰੀਖਾਸ ਖ਼ਬਰਖੇਡਾਂ

ਭਾਰਤ ਚੈਂਪੀਅਨਜ਼ ਟਰਾਫ਼ੀ ਦੇ ਫਾਈਨਲ ਵਿਚ

ਭਾਰਤ ਚੈਂਪੀਅਨਜ਼ ਟਰਾਫ਼ੀ ਦੇ ਫਾਈਨਲ ਵਿਚ

ਦੁਬਈ-ਭਾਰਤ ਅੱਜ ਇਥੇ ਚੈਂਪੀਅਨਜ਼ ਟਰਾਫ਼ੀ ਦੇ ਪਹਿਲੇ ਸੈਮੀਫਾਈਨਲ ਵਿਚ ਆਸਟਰੇਲੀਆ ਨੂੰ 4 ਵਿਕਟਾਂ ਨਾਲ ਹਰਾ ਕੇ Champions Trophy ਦੇ ਫਾਈਨਲ ਵਿਚ ਪਹੁੰਚ ਗਿਆ। ਆਸਟਰੇਲੀਆ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 49.3 ਓਵਰਾਂ ਵਿਚ 264 ਦੌੜਾਂ ਬਣਾਈਆਂ। ਭਾਰਤ ਨੇ ਇਸ ਟੀਚੇ ਨੂੰ 48.1 ਓਵਰਾਂ ਵਿਚ 6 ਵਿਕਟਾਂ ਦੇ ਨੁਕਸਾਨ ਨਾਲ 267 ਦੌੜਾਂ ਬਣਾ ਕੇ ਪੂਰਾ ਕਰ ਲਿਆ।

ਭਾਰਤ ਦੀ ਜਿੱਤ ਵਿਚ ਵਿਰਾਟ ਕੋਹਲੀ (84), ਸ਼੍ਰੇਅਸ ਅੱਈਅਰ 45 ਤੇ ਕੇਐੱਲ ਰਾਹੁਲ ਦੀਆਂ ਨਾਬਾਦ 42 (34 ਗੇਂਦਾਂ, 2 ਚੌਕੇ, 2 ਛੱਕੇ) ਅਤੇ ਅਕਸ਼ਰ ਪਟੇਲ 27 ਤੇ ਹਾਰਦਿਕ ਪੰਡਿਆ ਦੀਆਂ 28 ਤੇਜ਼ਤਰਾਰ ਦੌੜਾਂ ਦਾ ਅਹਿਮ ਯੋਗਦਾਨ ਰਿਹਾ।

ਕਪਤਾਨ ਰੋਹਿਤ ਸ਼ਰਮਾ ਨੇ ਵੀ 28 ਦੌੜਾਂ ਦਾ ਯੋਗਦਾਨ ਪਾਇਆ। ਕੋਹਲੀ ਨੇ 98 ਗੇਂਦਾਂ ਦੀ ਪਾਰੀ ਵਿਚ 5 ਚੌਕੇ ਜੜੇ। ਹਾਰਦਿਕ ਪੰਡਿਆ ਨੇ 24 ਗੇਂਦਾਂ ’ਤੇ 28 ਦੌੜਾਂ ਦੀ ਪਾਰੀ ਵਿਚ 3 ਛੱਕੇ ਤੇ 1 ਚੌਕਾ ਜੜਿਆ। ਆਸਟਰੇਲੀਆ ਲਈ ਨਾਥਨ ਐਲਿਸ ਤੇ ਐਡਮ ਜ਼ੈਂਪਾ ਨੇ ਦੋ ਦੋ ਵਿਕਟ ਲਏ ਤੇ ਇਕ ਇਕ ਵਿਕਟ ਕੂਪਰ ਕੋਨੌਲੀ ਤੇ ਬੈੱਨ ਡਵਾਰਸ਼ੂਇਸ ਨੇ ਲਈ।ਦੂਜਾ ਸੈਮੀਫਾਈਨਲ 5 ਮਾਰਚ ਨੂੰ ਨਿਊਜ਼ੀਲੈਂਡ ਤੇ ਦੱਖਣੀ ਅਫ਼ਰੀਕਾ ਵਿਚਾਲੇ ਖੇਡਿਆ ਜਾਵੇਗਾ। ਫਾਈਨਲ 9 ਮਾਰਚ ਨੂੰ ਦੁਬਈ ਵਿਚ ਹੋਵੇਗਾ।

ਇਸ ਤੋਂ ਪਹਿਲਾਂ ਭਾਰਤੀ ਗੇਂਦਬਾਜ਼ਾਂ ਨੇ ਸ਼ਾਨਦਾਰ ਖੇਡ ਦਾ ਮੁਜ਼ਾਹਰਾ ਕਰਦਿਆਂ ਸਟੀਵ ਸਮਿਥ ਅਤੇ ਐਲਕਸ ਕੈਰੀ ਦੇ ਨੀਮ ਸੈਂਕੜਿਆਂ ਦੇ ਬਾਵਜੂਦ ਆਸਟਰੇਲੀਆ ਨੂੰ 264 ਦੌੜਾਂ ਦੇ ਆਸਾਨ ਸਕੋਰ ਉਤੇ ਆਲ ਆਊਟ ਕਰ ਦਿੱਤਾ। ਆਸਟਰੇਲੀਆ ਦੇ ਕਪਤਾਨ ਸਮਿਥ (73 ਸਕੋਰ, 96 ਗੇਂਦਾਂ) ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਕੀਤਾ ਪਰ ਇਸ ਦੇ ਬੱਲੇਬਾਜ਼ ਵਧੀਆ ਪਿੱਚ ਦਾ ਫਾਇਦਾ ਨਹੀਂ ਉਠਾ ਸਕੇ ਅਤੇ ਨਿਕੰਮੇ ਸ਼ਾਟਾਂ ਰਾਹੀਂ ਆਪਣੀਆਂ ਵਿਕਟਾਂ ਗੁਆਉਂਦੇ ਰਹੇ।

ਸਮਿਥ ਨੇ ਆਪਣੇ ਠਹਿਰਾਅ ਦੌਰਾਨ ਆਸਟਰੇਲਿਆਈ ਪਾਰੀ ਨੂੰ ਮਜ਼ਬੂਤੀ ਦਿੱਤੀ ਅਤੇ ਉਸ ਨੇ ਦੂਜੀ ਵਿਕਟ ਲਈ ਟ੍ਰੈਵਿਸ ਹੈੱਡ ਨਾਲ ਮਿਲ ਕੇ 52, ਤੀਜੀ ਵਿਕਟ ਲਈ ਮਾਰਨਸ ਲਾਬੂਸ਼ੇਨ ਨਾਲ 56 ਅਤੇ ਪੰਜਵੀਂ ਵਿਕਟ ਲਈ ਐਲਕਸ ਕੈਰੀ (61 ਸਕੋਰ, 57 ਗੇਂਦਾਂ) ਨਾਲ ਪੰਜਵੀਂ ਵਿਕਟ ਲਈ 54 ਦੌੜਾਂ ਜੋੜੀਆਂ। ਪਰ ਇਨ੍ਹਾਂ ਦੋਵਾਂ ਤੋਂ ਬਿਨਾਂ ਹੋਰ ਕੋਈ ਆਸਟਰੇਲੀਅਨ ਬੱਲੇਬਾਜ਼ ਟਿਕ ਕੇ ਨਾ ਖੇਡ ਸਕਿਆ।

ਭਾਰਤ ਲਈ ਮੁਹੰਮਦ ਸ਼ਮੀ ਨੇ 10 ਓਵਰਾਂ ਵਿਚ 48 ਦੌੜਾਂ ਬਦਲੇ 3, ਵਰੁਣ ਚੱਕਰਵਰਤੀ ਨੇ 10 ਓਵਰਾਂ ਵਿਚ 49 ਦੌੜਾਂ ਬਦਲੇ 2 ਤੇ ਰਵਿੰਦਰ ਜਡੇਜਾ ਨੇ ਵੀ 8 ਓਵਰਾਂ ਵਿਚ 40 ਦੌੜਾਂ ਦੇ ਕੇ 2 ਵਿਕਟਾਂ ਝਟਕਾਈਆਂ। ਇਕ ਵਿਕਟ ਹਾਰਦਿਕ ਪਾਂਡਿਆ ਦੇ ਹਿੱਸੇ ਆਈ ਅਤੇ ਐਲਕਸ ਕੈਰੀ ਰਨ ਆਊਟ ਹੋਇਆ। 

ਭਾਰਤੀ ਖਿਡਾਰੀਆਂ ਵੱਲੋਂ ਕਾਲੀਆਂ ਪੱਟੀਆਂ ਬੰਨ੍ਹ ਕੇ ਸ਼ਿਵਾਲਕਰ ਨੂੰ ਸ਼ਰਧਾਂਜਲੀ: ਭਾਰਤੀ ਟੀਮ ਅੱਜ ਘਰੇਲੂ ਕ੍ਰਿਕਟ ਦੇ ਮਹਾਨ ਖਿਡਾਰੀ ਪਦਮਾਕਰ ਸ਼ਿਵਾਲਕਰ ਦੀ ਯਾਦ ਅਤੇ ਸਨਮਾਨ ਵਿੱਚ ਆਸਟਰੇਲੀਆ ਖ਼ਿਲਾਫ਼ ਚੈਂਪੀਅਨਜ਼ ਟਰਾਫੀ ਸੈਮੀਫਾਈਨਲ ਦੌਰਾਨ ਆਪਣੀ ਬਾਂਹ ’ਤੇ ਕਾਲੀਆਂ ਪੱਟੀਆਂ ਬੰਨ੍ਹ ਕੇ ਮੈਦਾਨ ’ਤੇ ਉੱਤਰੀ। ਸ਼ਿਵਾਲਕਰ ਦਾ ਸੋਮਵਾਰ ਨੂੰ ਦੇਹਾਂਤ ਹੋ ਗਿਆ ਸੀ। ਉਨ੍ਹਾਂ 84 ਸਾਲ ਦੀ ਉਮਰ ਵਿੱਚ ਮੁੰਬਈ ’ਚ ਆਖਰੀ ਸਾਹ ਲਏ। ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਨੇ ਐੱਕਸ ’ਤੇ ਲਿਖਿਆ, ‘ਭਾਰਤੀ ਟੀਮ ਅੱਜ ਪਦਮਾਕਰ ਸ਼ਿਵਾਲਕਰ ਦੇ ਸਨਮਾਨ ਵਿੱਚ ਕਾਲੀਆਂ ਪੱਟੀਆਂ ਬੰਨ੍ਹ ਕੇ ਖੇਡ ਰਹੀ ਹੈ।’ ਸ਼ਿਵਾਲਕਰ ਉਨ੍ਹਾਂ ਬਿਹਤਰੀਨ ਸਪਿੰਨਰਾਂ ’ਚੋਂ ਇੱਕ ਸਨ, ਜਿਨ੍ਹਾਂ ਨੂੰ ਭਾਰਤ ਲਈ ਖੇਡਣ ਦਾ ਮੌਕਾ ਇਸ ਲਈ ਨਹੀਂ ਮਿਲਿਆ ਕਿਉਂਕਿ ਉਹ ਬਿਸ਼ਨ ਸਿੰਘ ਬੇਦੀ ਵਰਗੇ ਮਹਾਨ ਖਿਡਾਰੀਆਂ ਦੇ ਯੁੱਗ ਵਿੱਚ ਖੇਡੇ। ਖੱਬੂ ਸਪਿੰਨਰ ਸ਼ਿਵਾਲਕਰ ਨੇ ਮੁੰਬਈ ਲਈ 124 ਪਹਿਲੇ ਦਰਜੇ ਦੇ ਮੈਚਾਂ ਵਿੱਚ 589 ਵਿਕਟਾਂ ਲਈਆਂ ਸਨ।

ਭਾਰਤ ਨੇ ਇੱਕ ਰੋਜ਼ਾ ਵਿਸ਼ਵ ਕੱਪ ਫਾਈਨਲ ’ਚ ਮਿਲੀ ਹਾਰ ਦਾ ਲਿਆ ਬਦਲਾ-ਭਾਰਤ ਨੇ ਇਸ ਜਿੱਤ ਨਾਲ ਲਗਪਗ 16 ਮਹੀਨੇ ਪਹਿਲਾਂ ਇੱਕ ਰੋਜ਼ਾ ਵਿਸ਼ਵ ਕੱਪ ਫਾਈਨਲ ਵਿੱਚ ਅਤੇ 14 ਸਾਲਾਂ ਤੋਂ ਆਈਸੀਸੀ ਟੂਰਨਾਮੈਂਟਾਂ ਦੇ ਨਾਕਆਊਟ ਮੁਕਾਬਲਿਆਂ ਵਿੱਚ ਮਿਲੀ ਹਰ ਹਾਰ ਦਾ ਬਦਲਾ ਲੈ ਲਿਆ ਹੈ। 19 ਨਵੰਬਰ 2023 ਨੂੰ ਜਦੋਂ ਆਸਟਰੇਲਿਆਈ ਟੀਮ ਨੇ ਅਹਿਮਦਾਬਾਦ ਵਿੱਚ ਭਾਰਤ ਦਾ ਵਿਸ਼ਵ ਕੱਪ ਜਿੱਤਣ ਦਾ ਸੁਫਨਾ ਤੋੜ ਦਿੱਤਾ ਸੀ ਤਾਂ ਕਪਤਾਨ ਰੋਹਿਤ ਸ਼ਰਮਾ ਸਮੇਤ ਕਰੋੜਾਂ ਕ੍ਰਿਕਟ ਪ੍ਰੇਮੀਆਂ ਦੀਆਂ ਅੱਖਾਂ ਵਿੱਚ ਹੰਝੂ ਸਨ। ਇਸ ਤੋਂ ਇਲਾਵਾ ਵੀ ਆਈਸੀਸੀ ਟੂਰਨਾਮੈਂਟਾਂ ਦੇ ਨਾਕਆਊਟ ਗੇੜਾਂ ਵਿੱਚ ਭਾਰਤ ਲਈ ਆਸਟਰੇਲੀਆ ਖ਼ਿਲਾਫ਼ ਜਿੱਤ ਦਰਜ ਕਰਨਾ ਸੌਖਾ ਨਹੀਂ ਰਿਹਾ।

Related posts

ਕਿਸਾਨਾਂ ਨੇ ਮੋਦੀ, ਸ਼ਾਹ ਅਤੇ ਚੌਹਾਨ ਦਾ ਫੂਕਿਆ ਪੁਤਲਾ

Current Updates

ਬਦਰੀਨਾਥ ਧਾਮ ਦੇ ਦਰਵਾਜ਼ੇ ਖੁੱਲ੍ਹੇ, ਹੁਣ ਤੱਕ 95,617 ਸ਼ਰਧਾਲੂਆਂ ਨੇ ਕੀਤੇ ਤਿੰਨੋਂ ਧਾਮਆਂ ਦੇ ਦਰਸ਼ਨ

Current Updates

ਚੰਡੀਗੜ੍ਹ ਪ੍ਰਸ਼ਾਸਨ ਨੇ ਰੌਕ ਗਾਰਡਨ ਦੀ ਕੰਧ ’ਤੇ ਬੁਲਡੋਜ਼ਰ ਚਲਾਇਆ

Current Updates

Leave a Comment