ਰੂਸ- ਰੂਸ ਨੇ ਇਸ ਗੱਲ ਨੂੰ ਲੈ ਕੇ ਹੈਰਾਨੀ ਜਤਾਈ ਹੈ ਕਿ ਓਵਲ ਦਫ਼ਤਰ ’ਚ ਤਿੱਖੀ ਬਹਿਸ ਦੌਰਾਨ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੈਂਸਕੀ ਨੂੰ ਥੱਪੜ ਮਾਰਨ ਤੋਂ ਆਪਣੇ ਆਪ ਨੂੰ ਕਿਵੇਂ ਰੋਕ ਲਿਆ। ਰੂਸੀ ਵਿਦੇਸ਼ ਮੰਤਰਾਲੇ ਦੀ ਤਰਜਮਾਨ ਮਾਰੀਆ ਜ਼ਖਾਰੋਵਾ ਨੇ ਅਮਰੀਕਾ ’ਚ ਵਾਪਰੇ ਘਟਨਾਕ੍ਰਮ ’ਤੇ ਪ੍ਰਤੀਕਰਮ ਦਿੰਦਿਆਂ ‘ਟੈਲੀਗ੍ਰਾਮ’ ’ਤੇ ਲਿਖਿਆ ਕਿ ਵ੍ਹਾਈਟ ਹਾਊਸ ’ਚ ਜ਼ੇਲੈਂਸਕੀ ਦਾ ਸਭ ਤੋਂ ਵੱਡਾ ਝੂਠ ਇਹ ਦਾਅਵਾ ਸੀ ਕਿ 2022 ’ਚ ਯੂਕਰੇਨ ਇਕੱਲਾ ਪੈ ਗਿਆ ਸੀ ਅਤੇ ਉਸ ਕੋਲ ਕਿਸੇ ਦੀ ਹਮਾਇਤ ਨਹੀਂ ਸੀ। ਉਨ੍ਹਾਂ ਕਿਹਾ, ‘‘ਇਹ ਹੈਰਾਨੀ ਦੀ ਗੱਲ ਹੈ ਕਿ ਟਰੰਪ ਅਤੇ ਜੇਡੀ ਵਾਂਸ ਨੇ ਜ਼ੇਲੈਂਸਕੀ ਨੂੰ ਥੱਪੜ ਮਾਰਨ ਤੋਂ ਆਪਣੇ ਆਪ ਨੂੰ ਕਿਵੇਂ ਰੋਕ ਲਿਆ।’’
ਰੂਸ ਦੇ ਸਾਬਕਾ ਰਾਸ਼ਟਰਪਤੀ ਦਮਿੱਤਰੀ ਮੈਦਵੇਦੇਵ ਨੇ ਕਿਹਾ ਕਿ ‘ਹੰਕਾਰੇ ਸੂਰ’ ਨੂੰ ਓਵਲ ਦਫ਼ਤਰ ’ਚ ਚੰਗਾ ਝਾੜਿਆ ਗਿਆ। ਉਨ੍ਹਾਂ ਕਿਹਾ, ‘‘ਇਹ ਪਹਿਲੀ ਵਾਰ ਹੈ ਜਦੋਂ ਟਰੰਪ ਨੇ ‘ਦੁਸ਼ਟ ਭੰਡ’ ਨੂੰ ਉਸ ਦੀ ਅਸਲ ਤਸਵੀਰ ਦਿਖਾਈ ਹੈ। ਕੀਵ ਹਕੂਮਤ ਤੀਜੀ ਵਿਸ਼ਵ ਜੰਗ ਦਾ ਜੂਆ ਖੇਡ ਰਹੀ ਹੈ। ਸਾਨੂੰ ਨਾਜ਼ੀਆਂ ਦੇ ਹੱਥਠੋਕੇ ਦੀ ਫੌਜੀ ਸਹਾਇਤਾ ਬੰਦ ਕਰਨੀ ਚਾਹੀਦੀ ਹੈ।’’
ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੈਂਸਕੀ ਨੇ ਓਵਲ ਦਫ਼ਤਰ ’ਚ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਅਤੇ ਉਪ ਰਾਸ਼ਟਰਪਤੀ ਜੇਡੀ ਵਾਂਸ ਨਾਲ ਤਿੱਖੀ ਬਹਿਸ ਮਗਰੋਂ ਵ੍ਹਾਈਟ ਹਾਊਸ ਤੋਂ ਰਵਾਨਾ ਹੋ ਕੇ ਯੂਕਰੇਨ ਦੀ ਹਮਾਇਤ ਲਈ ਟਰੰਪ ਅਤੇ ਅਮਰੀਕਾ ਦਾ ਧੰਨਵਾਦ ਕੀਤਾ। ਓਵਲ ਦਫ਼ਤਰ ’ਚ ਸ਼ੁੱਕਰਵਾਰ ਨੂੰ ਤਣਾਅਪੂਰਨ ਮੀਟਿੰਗ ਦੌਰਾਨ ਟਰੰਪ ਨੇ ਮੀਡੀਆ ਸਾਹਮਣੇ ਜ਼ੇਲੈਂਸਕੀ ਨਾਲ ਉੱਚੇ ਸੁਰ ’ਚ ਗੱਲਬਾਤ ਕੀਤੀ ਅਤੇ ਉਨ੍ਹਾਂ ’ਤੇ ‘ਲੱਖਾਂ ਲੋਕਾਂ ਦੀ ਜ਼ਿੰਦਗੀ ਖ਼ਤਰੇ ’ਚ ਪਾਉਣ’ ਦਾ ਦੋਸ਼ ਲਾਇਆ ਅਤੇ ਕਿਹਾ ਕਿ ਉਨ੍ਹਾਂ ਦੀਆਂ ਹਰਕਤਾਂ ਨਾਲ ਤੀਜੀ ਵਿਸ਼ਵ ਜੰਗ ਸ਼ੁਰੂ ਹੋ ਸਕਦੀ ਹੈ। ਟਰੰਪ ਅਤੇ ਵਾਂਸ ਨੇ ਜ਼ੇਲੈਂਸਕੀ ’ਤੇ ਅਮਰੀਕਾ ਵੱਲੋਂ ਕਈ ਸਾਲਾਂ ਤੋਂ ਦਿੱਤੀ ਜਾ ਰਹੀ ਹਮਾਇਤ ਪ੍ਰਤੀ ਸ਼ੁਕਰੀਆ ਅਦਾ ਨਾ ਕਰਨ ਦਾ ਵੀ ਦੋਸ਼ ਲਾਇਆ ਅਤੇ ਕਿਹਾ ਕਿ ਯੂਕਰੇਨੀ ਆਗੂ ਰੂਸ ਨਾਲ ਸ਼ਾਂਤੀ ਵਾਰਤਾ ਦੇ ਮੁੱਦੇ ’ਤੇ ‘ਮਾੜੀ ਸਥਿਤੀ’ ’ਚ ਹੈ। ਇਸ ਦੇ ਜਵਾਬ ’ਚ ਜ਼ੇਲੈਂਸਕੀ ਅਮਰੀਕਾ ਨਾਲ ਅਹਿਮ ਖਣਿਜ ਸਮਝੌਤੇ ’ਤੇ ਦਸਤਖ਼ਤ ਕੀਤੇ ਬਿਨਾਂ ਵ੍ਹਾਈਟ ਹਾਊਸ ਤੋਂ ਰਵਾਨਾ ਹੋ ਗਏ। ਵ੍ਹਾਈਟ ਹਾਊਸ ਤੋਂ ਨਿਕਲਣ ਦੇ ਕੁਝ ਹੀ ਮਿੰਟ ਬਾਅਦ ਜ਼ੇਲੈਂਸਕੀ ਨੇ ‘ਐਕਸ’ ’ਤੇ ਪੋਸਟ ’ਚ ਕਿਹਾ, ‘‘ਧੰਨਵਾਦ ਅਮਰੀਕਾ, ਤੁਹਾਡੀ ਹਮਾਇਤ ਲਈ ਸ਼ੁਕਰੀਆ। ਇਸ ਦੌਰੇ ਲਈ ਧੰਨਵਾਦ। ਯੂਕਰੇਨ ਨੂੰ ਨਿਆਂਪੂਰਨ ਅਤੇ ਸਥਾਈ ਸ਼ਾਂਤੀ ਦੀ ਲੋੜ ਹੈ ਅਤੇ ਅਸੀਂ ਸਿਰਫ਼ ਉਸੇ ਲਈ ਕੰਮ ਕਰ ਰਹੇ ਹਾਂ।’’ ਓਵਲ ਦਫ਼ਤਰ ’ਚ ਮਿਹਣੋ-ਮਿਹਣੀ ਹੋਣ ਕਾਰਨ ਟਰੰਪ ਅਤੇ ਜ਼ੇਲੈਂਸਕੀ ਦੀ ਸਾਂਝੀ ਪ੍ਰੈੱਸ ਕਾਨਫਰੰਸ ਰੱਦ ਕਰ ਦਿੱਤੀ ਗਈ। ਵ੍ਹਾਈਟ ਹਾਊਸ ਨੇ ਬਿਆਨ ’ਚ ਕਿਹਾ, ‘‘ਟਰੰਪ ਅਤੇ ਵਾਂਸ ਅਮਰੀਕੀ ਲੋਕਾਂ ਦੇ ਹਿੱਤਾਂ ਅਤੇ ਜੋ ਦੁਨੀਆ ’ਚ ਅਮਰੀਕਾ ਦਾ ਸਨਮਾਨ ਕਰਦੇ ਹਨ, ਲਈ ਹਮੇਸ਼ਾ ਡਟੇ ਰਹਿਣਗੇ।’’ ਯੂਕਰੇਨੀ ਰਾਸ਼ਟਰਪਤੀ ਅਗਲੇ ਪੜ੍ਹਾਅ ਤਹਿਤ ਲੰਡਨ ਪੁੱਜੇ ਤੇ ਕੀਰ ਸਟਾਰਮਰ ਨਾਲ ਮੁਲਾਕਾਤ ਕੀਤੀ।