ਮੁੰਬਈ: ਜੌਹਨ ਅਬਰਾਹਿਮ ਦੀ ਆਉਣ ਵਾਲੀ ਸਿਆਸੀ ਥ੍ਰਿਲਰ ‘ਦਿ ਡਿਪਲੋਮੈਟ’ ਦੇ ਰਿਲੀਜ਼ ਹੋਣ ਦੀ ਨਵੀਂ ਤਰੀਕ ਦਾ ਐਲਾਨ ਕੀਤਾ ਗਿਆ ਹੈ। ਪਹਿਲਾਂ ਇਹ ਫਿਲਮ ਸੱਤ ਮਾਰਚ 2025 ਨੂੰ ਰਿਲੀਜ਼ ਕੀਤੀ ਜਾਣੀ ਸੀ ਹੁਣ ਇਸ ਨੂੰ ਹਫ਼ਤਾ ਦੇਰ ਨਾਲ ਹੋਲੀ ਮੌਕੇ 14 ਮਾਰਚ ਨੂੰ ਰਿਲੀਜ਼ ਕੀਤਾ ਜਾਵੇਗਾ। ਟਰੇਡ ਐਨੇਲਿਸਟ ਤਰਨ ਅਦਰਸ਼ ਨੇ ਇਸ ਐਲਾਨ ਦੀ ਪੁਸ਼ਟੀ ਕੀਤੀ ਹੈ। ਇਸ ਪੋਸਟ ਵਿੱਚ ਤਰਨ ਨੇ ਲਿਖਿਆ ਹੈ ਕਿ ਜੌਹਨ ਦੀ ਫਿਲਮ ‘ਦਿ ਡਿਪਲੋਮੈਟ’ ਹੁਣ ਹੋਲੀ ਮੌਕੇ ਰਿਲੀਜ਼ ਕੀਤੀ ਜਾਵੇਗੀ। ਪਹਿਲਾਂ ਇਸ ਫਿਲਮ ਨੂੰ ਸੱਤ ਮਾਰਚ ਨੂੰ ਰਿਲੀਜ਼ ਕੀਤਾ ਜਾਣਾ ਸੀ ਪਰ ਹੁਣ ਇਸ ਨੂੰ 14 ਮਾਰਚ ਨੂੰ ਰਿਲੀਜ਼ ਕੀਤਾ ਜਾਵੇਗਾ। ਇਸ ਫਿਲਮ ਦਾ ਨਿਰਦੇਸ਼ਨ ਸ਼ਿਵਮ ਨਾਇਰ ਨੇ ਕੀਤਾ ਹੈ। ਇਸ ਵਿੱਚ ਜੌਹਨ ਅਬਰਾਹਿਮ ਨੇ ਜੇਪੀ ਸਿੰਘ ਵਜੋਂ ਮੁੱਖ ਕਿਰਦਾਰ ਅਦਾ ਕੀਤਾ ਹੈ। ਇਸ ਫਿਲਮ ਵਿੱਚ ਸਿਆਸੀ ਮਸਲੇ ਨੂੰ ਹਿੰਸਾ ਅਤੇ ਯੁੱਧ ਦੀ ਥਾਂ ਸੂਝ-ਬੂਝ ਦੇ ਆਧਾਰ ’ਤੇ ਗੱਲਬਾਤ ਰਾਹੀਂ ਹੱਲ ਕਰਨ ’ਤੇ ਜ਼ੋਰ ਦਿੱਤਾ ਗਿਆ ਹੈ। ਫਿਲਮ ਦੀ ਨਵੀਂ ਰਿਲੀਜ਼ ਤਰੀਕ ਦੇ ਐਲਾਨ ਨਾਲ ਹੀ ਫਿਲਮਕਾਰਾਂ ਨੇ ਇਸ ਦਾ ਗੀਤ ‘ਭਾਰਤ’ ਰਿਲੀਜ਼ ਕੀਤਾ ਹੈ। ਇਹ ਗੀਤ ਮੁਲਕ ਦੀ ਏਕਤਾ ਅਤੇ ਸ਼ਕਤੀ ਨੂੰ ਸਮਰਪਿਤ ਹੈ। ਇਸ ਗੀਤ ਨੂੰ ਪਹਿਲਾਂ ਏਆਰ ਰਹਿਮਾਨ ਨੇ ਤਿਆਰ ਕੀਤਾ ਸੀ ਤੇ ਬਾਅਦ ਵਿੱਚ ਮਨਨ ਭਾਰਦਵਾਜ ਨੇ ਤਿਆਰ ਕੀਤਾ। ਇਸ ਦੇ ਬੋਲ ਮਨੋਜ ਮੁੰਤਸ਼ੀਰ ਨੇ ਲਿਖੇ ਹਨ। ਇਸ ਫਿਲਮ ਦੇ ਟਰੇਲਰ ਨੂੰ ਦਰਸ਼ਕਾਂ ਵੱਲੋਂ ਚੰਗਾ ਹੁੰਗਾਰਾ ਦਿੱਤਾ ਗਿਆ ਸੀ। ਇਸ ਸਬੰਧੀ ਅਦਾਕਾਰ ਨੇ ਕਿਹਾ ਸੀ ਕਿ ਡਿਪਲੋਮੈਟ ਅਜਿਹੀ ਜੰਗ ਹੈ, ਜਿੱਥੇ ਸ਼ਬਦ ਹਥਿਆਰਾਂ ਨਾਲੋਂ ਜ਼ਿਆਦਾ ਪ੍ਰਭਾਵ ਰੱਖਦੇ ਹਨ।