ਸ਼ਿਮਲਾ-ਸ਼ਿਮਲਾ ਸ਼ਹਿਰ ਦੇ ਕੱਚੀਘਾਟੀ ਖੇਤਰ ਵਿੱਚ ਸੈਲਾਨੀਆਂ ਲਈ ਬਣੀ ਇੱਕ ਨਿੱਜੀ ਰਿਹਾਇਸ਼ ਵਿੱਚ ਭਿਆਨਕ ਅੱਗ ਲੱਗਣ ਕਾਰਨ ਮਹਾਰਾਸ਼ਟਰ ਦੇ ਇੱਕ ਸੈਲਾਨੀ ਦੀ ਮੌਤ ਹੋ ਗਈ ਅਤੇ ਦੋ ਹੋਰ ਜ਼ਖਮੀ ਹੋ ਗਏ। ਸ਼ੁੱਕਰਵਾਰ ਰਾਤ ਕਰੀਬ 11.30 ਵਜੇ ਅੱਗ ਲੱਗਣ ਸਮੇਂ ਮਹਾਰਾਸ਼ਟਰ ਦੇ ਤਿੰਨੇ ਸੈਲਾਨੀ ਸੌਂ ਰਹੇ ਸਨ। ਜ਼ਖਮੀਆਂ ਨੇ ਦੱਸਿਆ ਕਿ ਘਟਨਾ ਮੌਕੇ ਉਹ ਭੱਜਣ ਵਿੱਚ ਕਾਮਯਾਬ ਹੋ ਗਏ, ਜਦੋਂ ਕਿ ਮਹਾਰਾਸ਼ਟਰ ਦੇ ਕੋਰੇਗਾਓਂ ਦਾ ਰਹਿਣ ਵਾਲਾ ਰਿਤੇਸ਼ ਅੱਗ ਦੀ ਲਪੇਟ ਵਿਚ ਆ ਗਿਆ।
ਅੱਗ ਲੱਗਣ ਕਾਰਨ ਜ਼ਖਮੀ ਹੋਏ ਆਸ਼ੀਸ਼ ਅਤੇ ਅਵਧੂਤ ਸ਼ਿਮਲਾ ਦੇ ਇੰਦਰਾ ਗਾਂਧੀ ਮੈਡੀਕਲ ਕਾਲਜ ਹਸਪਤਾਲ ’ਚ ਜ਼ੇਰੇ ਇਲਾਜ ਹਨ। ਅੱਗ ਬੁਝਾਉਣ ਲਈ ਅੱਧੀ ਦਰਜਨ ਦੇ ਕਰੀਬ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ‘ਤੇ ਪਹੁੰਚੀਆਂ ਅਤੇ ਜਿਨ੍ਹਾਂ ਨੂੰ ਅੱਗ ’ਤੇ ਕਾਬੂ ਪਾਉਣ ‘ਚ ਕਈ ਘੰਟੇ ਲੱਗੇ। ਹਾਲਾਂਕਿ ਦੂਜੇ ਕਮਰਿਆਂ ਵਿੱਚ ਰੁਕੇ ਸੈਲਾਨੀਆਂ ਨੂੰ ਸੁਰੱਖਿਅਤ ਬਚਾ ਲਿਆ ਗਿਆ।
ਪੁਲੀਸ ਨੇ ਦੱਸਿਆ ਕਿ ਹੋਟਲ ਦੇ ਤਿੰਨ ਕਮਰੇ ਅੱਗ ਦੀ ਲਪੇਟ ’ਚ ਆ ਗਏ ਅਤੇ ਲੱਖਾਂ ਦੀ ਸੰਪਤੀ ਦਾ ਨੁਕਸਾਨ ਹੋਇਆ ਹੈ। ਅਧਿਕਾਰੀਆਂ ਨੇ ਕਿ ਕੇਸ ਦਰਜ ਕਰ ਕੇ ਜਾਂਚ ਕੀਤੀ ਜਾ ਰਹੀ ਹੈ।