ਮੁੰਬਈ-ਮੁੰਬਈ ਪੁਲੀਸ ਨੇ ਬਾਲੀਵੁੱਡ ਸੰਗੀਤ ਨਿਰਦੇਸ਼ਕ ਪ੍ਰੀਤਮ ਚੱਕਰਵਰਤੀ ਦੇ ਦਫ਼ਤਰ ਤੋਂ 40 ਲੱਖ ਰੁਪਏ ਦੀ ਚੋਰੀ ਕਰਨ ਵਾਲੇ ਚੋਰ ਨੂੰ ਕਾਬੂ ਕੀਤਾ ਹੈ। ਆਸ਼ੀਸ਼ ਬੂਟੀਰਾਮ ਸਿਆਲ ਵਜੋਂ ਮੁਲਜ਼ਮ ਦੀ ਪਛਾਣ ਹੋਈ ਹੈ। ਕਾਬੂ ਕੀਤੇ ਗਏ ਵਿਅਕਤੀ ਕੋਲੋਂ ਅਧਿਕਾਰੀਆਂ ਨੇ ਚੋਰੀ ਕੀਤੀ ਨਕਦੀ ਦਾ 95 ਫੀਸਦੀ ਬਰਾਮਦ ਕੀਤਾ ਹੈ।
32 ਸਾਲਾ ਸਿਆਲ ਕਰੀਬ ਨੌਂ ਸਾਲਾਂ ਤੋਂ ਪ੍ਰੀਤਮ ਚੱਕਰਵਰਤੀ ਦੇ ਸਟੂਡੀਓ ਵਿੱਚ ਮੁਲਾਜ਼ਮ ਵਜੋਂ ਕੰਮ ਕਰ ਰਿਹਾ ਸੀ। 4 ਫਰਵਰੀ ਨੂੰ ਸਿਆਲ ਨੇ ਕਥਿਤ ਤੌਰ ’ਤੇ ਸਟੂਡੀਓ ’ਚੋਂ 40 ਲੱਖ ਰੁਪਏ ਨਾਲ ਭਰਿਆ ਬੈਗ ਚੋਰੀ ਕਰ ਲਿਆ। ਪ੍ਰੀਤਮ ਦੇ ਮੈਨੇਜਰ ਵਿਨੀਤ ਛੇੜਾ ਵੱਲੋਂ ਮਲਾਡ ਪੁਲੀਸ ਸਟੇਸ਼ਨ ’ਚ ਘਟਨਾ ਦੀ ਸੂਚਨਾ ਦੇਣ ਤੋਂ ਬਾਅਦ ਘਟਨਾ ਸਾਹਮਣੇ ਆਈ।
ਮਲਾਡ ਪੁਲੀਸ ਸਟੇਸ਼ਨ ‘ਚ ਦਰਜ ਕਰਵਾਈ ਗਈ ਸ਼ਿਕਾਇਤ ਦੇ ਅਨੁਸਾਰ ਛੇੜਾ ਨੇ ਕੁਝ ਦਿਨ ਪਹਿਲਾਂ ਕੰਮਾਂ ਲਈ ਪੈਸੇ ਲਏ ਸਨ ਅਤੇ ਦਫਤਰ ’ਚ ਰੱਖ ਦਿੱਤੇ ਸਨ। ਪ੍ਰੀਤਮ ਦੇ ਘਰ ਤੋਂ ਵਾਪਸ ਪਰਤਣ ’ਤੇ ਛੇੜਾ ਇਹ ਦੇਖ ਕੇ ਹੈਰਾਨ ਰਹਿ ਗਿਆ ਕਿ 40 ਲੱਖ ਰੁਪਏ ਵਾਲਾ ਬੈਗ ਗਾਇਬ ਸੀ। ਦਫਤਰ ਦੇ ਸਟਾਫ ਨੇ ਉਸ ਨੂੰ ਦੱਸਿਆ ਕਿ ਸਿਆਲ ਨੇ ਇਹ ਕਹਿ ਕੇ ਬੈਗ ਲੈ ਲਿਆ ਹੈ ਕਿ ਉਹ ਪ੍ਰੀਤਮ ਦੇ ਘਰ ਪਹੁੰਚਾਉਣ ਜਾ ਰਿਹਾ ਹੈ। ਹਾਲਾਂਕਿ ਜਦੋਂ ਛੇੜਾ ਨੇ ਸਿਆਲ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਤਾਂ ਪਤਾ ਲੱਗਾ ਕਿ ਉਨ੍ਹਾਂ ਦਾ ਫ਼ੋਨ ਬੰਦ ਸੀ ਅਤੇ ਉਹ ਗਾਇਬ ਸੀ। ਜਿਸ ਉਪਰੰਤ ਮਲਾਡ ਪੁਲੀਸ ਸਟੇਸ਼ਨ ਪਹੁੰਚ ਕੇ ਸ਼ਿਕਾਇਤ ਦਰਜ ਕਰਵਾਈ।
ਸ਼ਿਕਾਇਤ ਮਿਲਣ ’ਤੇ ਮੁੰਬਈ ਪੁਲੀਸ ਨੇ ਖੇਤਰ ਵਿੱਚ 150 ਤੋਂ 200 ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੀ ਸਮੀਖਿਆ ਕਰਦੇ ਹੋਏ ਡੂੰਘਾਈ ਨਾਲ ਜਾਂਚ ਸ਼ੁਰੂ ਕੀਤੀ। ਮਲਾਡ ਪੁਲੀਸ ਚੋਰੀ ਹੋਈ ਨਕਦੀ ਦਾ 95 ਪ੍ਰਤੀਸ਼ਤ ਬਰਾਮਦ ਕਰਨ ਵਿੱਚ ਕਾਮਯਾਬ ਰਹੀ ਹੈ।