ਪਟਿਆਲਾ-ਜ਼ਿਲ੍ਹਾ ਪੁਲੀਸ ਨੇ ਪਟਿਆਲਾ ਵਿੱਚ ਵੱਡੀ ਕਾਰਵਾਈ ਕਰਦਿਆਂ ਅਮਰੀਕਾ ਰਹਿ ਰਹੇ ਸਿੱਧੂ ਮੂਸੇਵਾਲਾ ਕਤਲ ਮਾਮਲੇ ਦੇ ਮੁੱਖ ਸਾਜ਼ਿਸ਼ਘਾੜੇ ਗੋਲਡੀ ਬਰਾੜ ਦੇ ਦੋ ਸਾਥੀਆਂ ਨੂੰ ਪੰਜ ਪਿਸਤੌਲਾਂ ਸਣੇ ਕਾਬੂ ਕੀਤਾ ਹੈ। ਪਟਿਆਲਾ ਦੇ ਐੱਸਪੀ (ਇਨਵੈਸ਼ਟੀਗੇਸ਼ਨ) ਯੋਗੇਸ਼ ਸ਼ਰਮਾ ਦੀ ਨਿਗਰਾਨੀ ਹੇਠ ਸਪੈਸ਼ਲ ਸੈੱਲ ਰਾਜਪੁਰਾ ਦੇ ਮੁਖੀ ਇੰਸਪੈਕਟਰ ਹੈਰੀ ਬੋਪਾਰਾਏ ਅਤੇ ਟੀਮ ਵੱਲੋਂ ਕਾਬੂੁ ਕੀਤੇ ਗਏ ਇਨ੍ਹਾਂ ਮੁਲਜ਼ਮਾਂ ਨੇ ਮੁੱਢਲੀ ਤਫ਼ਤੀਸ਼ ਦੌਰਾਨ ਦੱਸਿਆ ਕਿ ਉਨ੍ਹਾਂ ਗੋਲਡੀ ਬਰਾੜ ਵੱਲੋਂ ਸੌਂਪੀ ਗਈ ਜ਼ਿੰਮੇਵਾਰੀ ਤਹਿਤ ਰਾਜਪੁਰਾ ਤੇ ਮੁਹਾਲੀ ’ਚ ਮਿਥ ਕੇ ਹੱਤਿਆ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣਾ ਸੀ।
ਅੱਜ ਇੱਥੇ ਪੁਲੀਸ ਲਾਈਨ ਪਟਿਆਲਾ ਵਿੱਚ ਇੱਕ ਪ੍ਰੈੱਸ ਕਾਨਫਰੰਸ ਦੌਰਾਨ ਪਟਿਆਲਾ ਦੇ ਐੱਸਐੱਸਪੀ ਡਾ. ਨਾਨਕ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਵਿੱਚ ਸੰਦੀਪ ਸਿੰਘ ਦੀਪਾ ਪੁੱਤਰ ਬਲਦੇਵ ਸਿੰਘ ਵਾਸੀ ਸਰਹੰਦ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਅਤੇ ਮਲਕੀਤ ਸਿੰਘ ਮੈਕਸ ਪੁੱਤਰ ਜਗਦੀਸ਼ ਸਿੰਘ ਵਾਸੀ ਪਿੰਡ ਰੋਡਾਲਾ ਥਾਣਾ ਰਾਜਾਸਾਂਸੀ ਅੰਮ੍ਰਿਤਸਰ ਹਾਲ ਵਾਸੀ ਸੈਂਪਲੀ ਸਾਹਿਬ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੇ ਨਾਮ ਸ਼ਾਮਲ ਹਨ। ਮੁਲਜ਼ਮਾਂ ਕੋਲੋਂ ਪੁਲੀਸ ਨੇ ਪੰਜ ਪਿਸਤੌਲ ਅਤੇ ਕਾਰਤੂਸ ਤੋਂ ਇਲਾਵਾ 1300 ਨਸ਼ੀਲੀਆਂ ਗੋਲੀਆਂ ਵੀ ਬਰਾਮਦ ਕੀਤੀਆਂ ਹਨ।
ਐੱਸਐੱਸਪੀ ਨਾਨਕ ਸਿੰਘ ਨੇ ਦੱਸਿਆ ਕਿ ਭਾਵੇਂ ਅਜੇ ਮੁਕੰਮਲ ਤਫਤੀਸ਼ ਕੀਤੀ ਜਾਣੀ ਹੈ ਪਰ ਮੁੱਢਲੀ ਪੁੱਛ ਪੜਤਾਲ ਦੌਰਾਨ ਜੋ ਤੱਥ ਸਾਹਮਣੇ ਆਏ ਹਨ, ਉਸ ਮੁਤਾਬਿਕ ਗੋਲਡੀ ਬਰਾੜ ਨੇ ਇਨ੍ਹਾਂ ਨੂੰ ਟਾਰਗੈਟ ਕਿਲਿੰਗ ਦਾ ਕੰਮ ਸੌਂਪਿਆ ਸੀ।
ਉਨ੍ਹਾਂ ਦੱਸਿਆ ਕਿ ਇਨ੍ਹਾਂ ਦੋਵਾਂ ਨੂੰ ਪੁਰਤਗਾਲ ਵਿੱਚ ਬੈਠੇ ਐੱਨਆਈਏ ਦੇ 10 ਲੱਖ ਇਨਾਮ ਵਾਲੇ ਇੱਕ ਗੈਂਗਸਟਰ ਵੱਲੋਂ ਜ਼ੀਰਕਪੁਰ ਅਤੇ ਰਾਜਪੁਰਾ ਦੇ ਕਾਰੋਬਾਰੀਆ ’ਤੇ ਫਾਇਰਿੰਗ ਕਰਨ ਦੇ ਹੁਕਮ ਵੀ ਦਿੱਤੇ ਸੀ। ਫੜੇ ਗਏ ਸ਼ੂਟਰਾਂ ਨੇ ਇਨ੍ਹਾਂ ਦੋਵਾਂ ਕਾਰੋਬਾਰੀਆ ਦੇ ਠਿਕਾਣਿਆਂ ਦੀ ਰੇਕੀ ਕੀਤੀ ਸੀ ਤੇ ਉਨ੍ਹਾਂ ਨੂੰ ਪੁਰਤਗਾਲ ਤੋਂ ਫਿਰੌਤੀ ਲਈ ਫੋਨ ਵੀ ਕੀਤੇ ਜਾ ਚੁੱਕੇ ਹਨ।