ਨੋਇਡਾ: ਗੌਤਮਬੁੱਧ ਨਗਰ ਦੇ ਸੈਕਟਰ 49 ਥਾਣੇ ਖੇਤਰ ਦੇ ਅਗਾਹਪੁਰ ਪਿੰਡ ਵਿੱਚ ਐਤਵਾਰ ਰਾਤ ਨੂੰ ਇੱਕ ਬਾਰਾਤ ਵਿੱਚ ਕੀਤੀ ਗਈ ‘ਫਾਇਰਿੰਗ’ ਵਿੱਚ ਢਾਈ ਸਾਲ ਦੇ ਬੱਚੇ ਦੀ ਮੌਤ ਹੋ ਗਈ। ਏਸੀਪੀ ਟਵਿੰਕਲ ਜੈਨ ਨੇ ਦੱਸਿਆ ਕਿ ਅਗਾਹਪੁਰ ਪਿੰਡ ਦੇ ਨਿਵਾਸੀ ਬਲਵੀਰ ਦੇ ਘਰ ਬਰਾਤ ਵਿੱਚ ਆਏ ਕੁਝ ਲੋਕਾਂ ਨੇ ਫਾਇਰਿੰਗ ਕੀਤੀ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਇਸ ਦੌਰਾਨ ਛੱਤ ’ਤੇ ਖੜੇ ਹੋ ਕੇ ਬਾਰਾਤ ਦੇਖ ਰਹੇ ਢਾਈ ਸਾਲ ਦੇ ਬੱਚੇ ਅੰਸ਼ ਨੂੰ ਗੋਲੀ ਲੱਗ ਗਈ।
ਏਸੀਪੀ ਨੇ ਦੱਸਿਆ ਕਿ ਜ਼ਖ਼ਮੀ ਬੱਚੇ ਨੂੰ ਉਸ ਦੇ ਪਰਿਵਾਰ ਵਾਲਿਆਂ ਨੇ ਇਲਾਜ ਲਈ ਹਸਪਤਾਲ ਵਿੱਚ ਦਾਖਲ ਕਰਵਾਇਆ, ਜਿੱਥੇ ਰਾਤ 11 ਵਜੇ ਦੇ ਕਰੀਬ ਉਸ ਦੀ ਮੌਤ ਹੋ ਗਈ। ਪਰਿਵਾਰ ਨੇ ਪੁਲੀਸ ਨੂੰ ਇਸ ਘਟਨਾ ਦੀ ਸੂਚਨਾ ਦਿੱਤੀ। ਉਨ੍ਹਾਂ ਦੱਸਿਆ ਕਿ ਪੁਲੀਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਪਰਿਵਾਰਕ ਮੈਂਬਰ ਦੀ ਸ਼ਿਕਾਇਤ ’ਤੇ ਹੈਪੀ ਅਤੇ ਦੀਪਾਂਸ਼ੂ ਨਾਮਕ ਦੋ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਮੁਲਜ਼ਮਾਂ ਨੂੰ ਜਲਦੀ ਗ੍ਰਿਫਤਾਰ ਕਰ ਲਿਆ ਜਾਵੇਗਾ। ਪਿੰਡਵਾਸੀਆਂ ਦਾ ਕਹਿਣਾ ਹੈ ਕਿ ਮੁਲਜ਼ਮ ਸ਼ਰਾਬ ਦੇ ਨਸ਼ੇ ਵਿਚ ਸਨ ਅਤੇ ਗੈਰ ਕਾਨੂੰਨੀ ਹਥਿਆਰ ਨਾਲ ਫਾਇਰ ਕਰ ਰਹੇ ਸਨ।