ਨਵੀਂ ਦਿੱਲੀ-ਨਵੀਂ ਦਿੱਲੀ ਰੇਲਵੇ ਸਟੇਸ਼ਨ ’ਤੇ ਭਗਦੜ ਦੀ ਜਾਂਚ ਲਈ ਦੋ ਮੈਂਬਰੀ ਕਮੇਟੀ ਬਣਾਈ ਗਈ ਹੈ। ਇਸ ਹਾਦਸੇ ਵਿਚ 18 ਲੋਕਾਂ ਦੀ ਮੌਤ ਹੋ ਗਈ ਸੀ ਅਤੇ ਕਈ ਜ਼ਖਮੀ ਹੋ ਗਏ ਸਨ। ਰੇਲਵੇ ਨੇ ਅੱਜ ਕਿਹਾ ਕਿ ਇਸ ਕਮੇਟੀ ਵਿੱਚ ਉੱਤਰੀ ਰੇਲਵੇ ਦੇ ਪ੍ਰਿੰਸੀਪਲ ਮੁੱਖ ਕਮਰਸ਼ੀਅਲ ਮੈਨੇਜਰ ਨਰਸਿੰਘ ਦਿਓ ਅਤੇ ਪ੍ਰਿੰਸੀਪਲ ਮੁੱਖ ਸੁਰੱਖਿਆ ਕਮਿਸ਼ਨਰ ਪੰਕਜ ਗੰਗਵਾਰ ਸ਼ਾਮਲ ਹਨ। ਰੇਲਵੇ ਅਧਿਕਾਰੀਆਂ ਨੇ ਕਿਹਾ ਕਿ ਇਸ ਕਮੇਟੀ ਨੇ ਘਟਨਾ ਦੀ ਉੱਚ ਪੱਧਰੀ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਂਚ ਦੇ ਹਿੱਸੇ ਵਜੋਂ ਕਮੇਟੀ ਨੇ ਰੇਲਵੇ ਸਟੇਸ਼ਨ ਤੋਂ ਸਾਰੇ ਵੀਡੀਓਜ਼ ਦੀ ਫੁਟੇਜ ਤੇ ਹੋਰ ਰਿਕਾਰਡ ਨੂੰ ਸੀਲ ਕਰ ਦਿੱਤਾ ਹੈ।
ਦੂਜੇ ਪਾਸੇ ਭਾਰਤੀ ਰੇਲਵੇ ਨੇ ਸ਼ਨਿਚਰਵਾਰ ਨੂੰ ਭਗਦੜ ਵਿੱਚ ਜਾਨਾਂ ਗੁਆਉਣ ਵਾਲੇ ਮ੍ਰਿਤਕਾਂ ਦੇ ਪਰਿਵਾਰਾਂ ਲਈ 10 ਲੱਖ ਰੁਪਏ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ। ਇਸ ਤੋਂ ਇਲਾਵਾ ਗੰਭੀਰ ਜ਼ਖਮੀਆਂ ਲਈ 2.5 ਲੱਖ ਰੁਪਏ ਅਤੇ ਮਾਮੂਲੀ ਜ਼ਖਮੀਆਂ ਲਈ 1 ਲੱਖ ਰੁਪਏ ਦੇ ਮੁਆਵਜ਼ੇ ਦਾ ਐਲਾਨ ਕੀਤਾ ਗਿਆ ਹੈ।