ਚੰਡੀਗੜ੍ਹ-ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿੱਚ ‘ਸੇਵਾ ਦਾ ਸਿੱਖ ਸੰਕਲਪ’ ਵਿਸ਼ੇ ਸਬੰਧੀ ਚੱਲ ਰਹੀ ਤਿੰਨ ਰੋਜ਼ਾ ਵਿਸ਼ਵ ਪੰਜਾਬੀ ਕਾਨਫਰੰਸ ਦੇ ਅੱਜ ਦੂਜੇ ਦਿਨ ਵਿਸ਼ੇਸ਼ ਸਮਾਗਮ ਸ਼ਾਨ-ਏ-ਖਾਲਸਾ ਵਿੱਚ ਗਿਆਨੀ ਸਾਹਿਬ ਸਿੰਘ ਮਾਰਕੰਡਾ ਵਾਲ਼ੇ ਨੇ ਕਥਵਾਚਕ ਗਿਆਨੀ ਪਿੰਦਰਪਾਲ ਸਿੰਘ ਦਾ ਸਨਮਾਨ ਕੀਤਾ।
ਸਮਾਗਮ ਦਾ ਆਰੰਭ ਗਿਆਨੀ ਸੁਖਵਿੰਦਰ ਸਿੰਘ ਰਟੌਲ ਦੇ ਵਿਖਿਆਨ ਨਾਲ ਹੋਇਆ। ਉਨ੍ਹਾਂ ਨੇ ਗੁਰਬਾਣੀ ਅਤੇ ਸਾਖੀਆਂ ਦੇ ਹਵਾਲਿਆਂ ਰਾਹੀਂ ਸੇਵਾ ਬਾਰੇ ਦੱਸਿਆ। ਇਸ ਉਪਰੰਤ ਡਾ. ਗੁਰਪਾਲ ਸਿੰਘ ਸੰਧੂ ਵੱਲੋਂ ਸਮਾਗਮ ’ਚ ਪਹੁੰਚੇ ਮਹਿਮਾਨਾਂ ਅਤੇ ਦਰਸ਼ਕਾਂ ਦਾ ਸਵਾਗਤ ਕੀਤਾ ਗਿਆ। ਇਸ ਮੌਕੇ ਪਰਮਜੀਤ ਸਿੰਘ ਭੰਗੂ ਨੇ ਸਿੱਖ ਧਰਮ ਵਿੱਚ ਸੇਵਾ ਦੀ ਵਿਲੱਖਣਤਾ ਬਾਰੇ ਚਾਨਣਾ ਪਾਇਆ। ਸੁਖਵੰਤ ਸਿੰਘ ਵੱਲੋਂ ਭਾਈ ਪਿੰਦਰਪਾਲ ਸਿੰਘ ਦਾ ਸਨਮਾਨ ਪੱਤਰ ਪੜ੍ਹਿਆ ਗਿਆ।
ਗਿਆਨੀ ਸਾਹਿਬ ਸਿੰਘ ਨੇ ਕਾਨਫਰੰਸ ਦੇ ਪ੍ਰਬੰਧਕਾਂ ਦੀ ਸ਼ਲਾਘਾ ਕੀਤੀ ਅਤੇ ਸੰਤ ਤੇਜਾ ਸਿੰਘ ਵੱਲੋਂ ਦਿੱਤੀ ਪ੍ਰੇਰਨਾ ਨੂੰ ਯਾਦ ਕੀਤਾ। ਅਖੀਰ ਵਿੱਚ ਡਾ. ਹਰਜੋਧ ਸਿੰਘ ਨੇ ਇਸ ਸਮਾਗਮ ਵਿੱਚ ਸ਼ਿਰਕਤ ਕਰਨ ਲਈ ਸਭ ਦਾ ਧੰਨਵਾਦ ਕੀਤਾ।ਡਾ. ਦਰਸ਼ਨਜੋਤ ਕੌਰ ਵੱਲੋਂ ਲਿਖੀ ਕਿਤਾਬ ‘ਕੇਸ-ਸਾਡਾ ਸੁਰੱਖਿਆ ਕਵਚ’ ਵੀ ਰਿਲੀਜ਼ ਕੀਤੀ ਗਈ।