April 9, 2025
ਖਾਸ ਖ਼ਬਰਪੰਜਾਬਰਾਸ਼ਟਰੀ

ਪੰਜਾਬੀਆਂ ਨੇ ਹਵਾਈ ਯਾਤਰਾ ਦੇ ਤੋੜੇ ਰਿਕਾਰਡ, ਵੱਡੀ ਗਿਣਤੀ ’ਚ ਅੰਮ੍ਰਿਤਸਰ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਭਰੀ ਉਡਾਣ

ਪੰਜਾਬੀਆਂ ਨੇ ਹਵਾਈ ਯਾਤਰਾ ਦੇ ਤੋੜੇ ਰਿਕਾਰਡ, ਵੱਡੀ ਗਿਣਤੀ ’ਚ ਅੰਮ੍ਰਿਤਸਰ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਭਰੀ ਉਡਾਣ

 ਅੰਮ੍ਰਿਤਸਰ : ਪੰਜਾਬ ਦੇ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡਾ ਅੰਮ੍ਰਿਤਸਰ ਨੇ ਯਾਤਰੀਆਂ ਦੀ ਆਵਾਜਾਈ ਦੇ ਪਿਛਲੇ ਸਾਰੇ ਰਿਕਾਰਡ ਤੋੜ ਕੇ ਨਵਾਂ ਇਤਿਹਾਸਕ ਮੀਲ ਪੱਥਰ ਹਾਸਲ ਕੀਤਾ ਹੈ। ਅੰਮ੍ਰਿਤਸਰ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਵਿਕਾਸ ਅਤੇ ਵਧੇਰੇ ਉਡਾਣਾਂ ਲਈ ਯਤਨਸ਼ੀਲ ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਦੇ ਗਲੋਬਲ ਕਨਵੀਨਰ ਸਮੀਪ ਸਿੰਘ ਗਮਟਾਲਾ ਨੇ ਅਹਿਮ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਕਿ ਹਵਾਈ ਅੱਡੇ ਨੇ ਦਸੰਬਰ 2024 ’ਚ ਹੁਣ ਤੱਕ ਦੀ ਸਭ ਤੋਂ ਵੱਧ ਯਾਤਰੀਆਂ ਦੀ ਆਵਾਜਾਈ ਦਰਜ ਕੀਤੀ, ਨਾਲ ਹੀ ਪੂਰੇ ਸਾਲ ਦੀ ਯਾਤਰੀਆਂ ਦੀ ਗਿਣਤੀ ਵਿੱਚ ਵੀ ਨਵਾਂ ਰਿਕਾਰਡ ਬਣਾਇਆ।

ਗੁੰਮਟਾਲਾ ਦੇ ਅਨੁਸਾਰ ਏਅਰਪੋਰਟ ਅਥਾਰਟੀ ਆਫ਼ ਇੰਡੀਆ ਵੱਲੋਂ ਜਾਰੀ ਕੀਤੇ ਤਾਜ਼ਾ ਅੰਕੜਿਆਂ ਅਤੇ ਇਨੀਸ਼ੀਏਟਿਵ ਵਲੋਂ ਇਕੱਠੇ ਕੀਤੇ ਗਏ ਸਾਲ 2004 ਤੋਂ ਹੁਣ ਤੱਕ ਦੇ ਅੰਕੜਿਆਂ ਦੇ ਵਿਸ਼ਲੇਸ਼ਣ ਤੋਂ ਇਹ ਤੱਥ ਸਾਹਮਣੇ ਆਏ ਹਨ ਕਿ ਅੰਮ੍ਰਿਤਸਰ ਕੌਮਾਂਤਰੀ ਹਵਾਈ ਅੱਡੇ ਨੇ ਕਿਸੇ ਵੀ ਮਹੀਨੇ ਵਿੱਚ ਹੁਣ ਤੱਕ ਦੀ ਸਭ ਤੋਂ ਵੱਧ ਦਸੰਬਰ 2024 ਵਿਚ ਕੁੱਲ 3,40,408 (ਲਗਭਗ 3.40 ਲੱਖ) ਯਾਤਰੀਆਂ ਦੀ ਆਵਾਜਾਈ ਦਰਜ ਕੀਤੀ। ਇਸ ਵਿਚ 2.29 ਲੱਖ ਘਰੇਲੂ ਅਤੇ ਹੁਣ ਤੱਕ ਦੇ ਸਭ ਤੋਂ ਵੱਧ 1.11 ਲੱਖ ਅੰਤਰਰਾਸ਼ਟਰੀ ਯਾਤਰੀ ਸ਼ਾਮਲ ਹਨ। ਇਸ ਤੋਂ ਪਹਿਲਾਂ ਸਭ ਤੋਂ ਵੱਧ 3.38 ਲੱਖ ਯਾਤਰੀਆਂ ਦੀ ਆਵਾਜਾਈ ਵਾਲਾ ਮਹੀਨਾ ਦਸੰਬਰ 2023 ਸੀ, ਜਿਸ ਵਿਚ 1.07 ਲੱਖ ਅੰਤਰਰਾਸ਼ਟਰੀ ਯਾਤਰੀ ਸਨ।

ਇਨੀਸ਼ੀਏਟਿਵ ਵੱਲੋਂ ਕੀਤੇ ਗਏ ਬੀਤੇ ਕਈ ਸਾਲਾਂ ਦੇ ਅੰਕੜਿਆਂ ਦੇ ਵਿਸਤ੍ਰਿਤ ਵਿਸ਼ਲੇਸ਼ਣ ਤੋਂ ਸਾਹਮਣੇ ਆਏ ਉਤਸ਼ਾਹਜਨਕ ਨਤੀਜਿਆਂ ‘ਤੇ ਖੁਸ਼ੀ ਜ਼ਾਹਰ ਕਰਦਿਆਂ ਗੁਮਟਾਲਾ ਨੇ ਹਵਾਈ ਅੱਡੇ ਦੇ ਇਤਿਹਾਸ ਵਿੱਚ ਇੱਕ ਹੋਰ ਨਵੇਂ ਮੀਲ ਪੱਥਰ ਦਾ ਵੀ ਖੁਲਾਸਾ ਕੀਤਾ। ਉਨ੍ਹਾਂ ਦੱਸਿਆਂ ਕਿ ਹਵਾਈ ਅੱਡੇ ਨੇ ਸਾਲ 2024 ਵਿੱਚ ਕੁੱਲ 34,25,657 (ਲਗਭਗ 34.26 ਲੱਖ) ਯਾਤਰੀਆਂ ਦੀ ਆਵਾਜਾਈ ਦਰਜ ਕਰਕੇ ਸਾਲ 2023 ਵਿੱਚ ਦਰਜ ਪਿਛਲੀ ਸਭ ਤੋਂ ਵੱਧ ਕੁੱਲ 29,44,916 (ਲਗਭਗ 29.5 ਲੱਖ) ਯਾਤਰੀਆਂ ਦੀ ਗਿਣਤੀ ਨੂੰ ਵੀ ਮਾਤ ਦੇ ਦਿੱਤੀ ਹੈ।

ਇਸ ਵਿੱਚ 23.12 ਲੱਖ ਘਰੇਲੂ ਅਤੇ 11.14 ਲੱਖ ਅੰਤਰਰਾਸ਼ਟਰੀ ਯਾਤਰੀ ਸ਼ਾਮਲ ਹਨ। ਇਹ 2023 ਦੀ ਤੁਲਨਾ ਵਿਚ 16.3 ਫ਼ੀਸਦੀ ਵਾਧਾ ਹੈ, ਜਿਸ ਵਿਚ ਅੰਤਰਰਾਸ਼ਟਰੀ ਯਾਤਰੀਆਂ ਦੀ ਗਿਣਤੀ 21.3 ਫ਼ੀਸਦੀ ਤੇ ਘਰੇਲੂ ਯਾਤਰੀਆਂ ਦੀ ਗਿਣਤੀ ਵਿੱਚ 14.1 ਫ਼ੀਸਦੀ ਵਾਧਾ ਹੋਇਆ।

ਗੁਮਟਾਲਾ ਨੇ ਯਾਤਰੀਆਂ ਵਿੱਚ ਵਾਧੇ ਦਾ ਕਾਰਨ ਸਾਲ 2024 ਵਿਚ ਪੰਜਾਬੀਆਂ ਵੱਲੋਂ ਦਿੱਲੀ ਰਾਹੀਂ ਹਵਾਈ ਜਾਂ ਪੰਜਾਬ ਤੱਕ ਸੜਕ ਰਾਹੀਂ ਯਾਤਰਾ ਕਰਨ ਦੀ ਬਜਾਏ ਅੰਤਰਰਾਸ਼ਟਰੀ ਉਡਾਣਾਂ ‘ਤੇ ਸਿੱਧਾ ਅੰਮ੍ਰਿਤਸਰ ਹਵਾਈ ਅੱਡੇ ਨੂੰ ਤਰਜੀਹ ਦੇਣਾ ਦੱਸਿਆ ਹੈ। ਉਨ੍ਹਾਂ ਇਹ ਵੀ ਜਿਕਰ ਕੀਤਾ ਕਿ ਦਿੱਲੀ ਜਾਂ ਮੁੰਬਈ ਤੋਂ ਘਰੇਲੂ ਉਡਾਣਾਂ ਰਾਹੀਂ ਆ ਰਹੇ ਯਾਤਰੀਆਂ ਦਾ ਵੱਡਾ ਹਿੱਸਾ ਵੀ ਅੱਤਰਰਾਸ਼ਟਰੀ ਯਾਤਰੀ ਹਨ।

ਯਾਤਰੀਆਂ ਦੀ ਵੱਧ ਰਹੀ ਆਵਾਜਾਈ ਨੂੰ ਦੇਖਦਿਆਂ ਗੁਮਟਾਲਾ ਨੇ ਹਵਾਈ ਅੱਡੇ ਦੇ ਟਰਮੀਨਲ ਦੀ ਤੁਰੰਤ ਵਿਸਤਾਰ ਦੀ ਜ਼ਰੂਰਤ ਦੇ ਨਾਲ ਨਾਲ ਪਾਰਕਿੰਗ ਅਤੇ ਹੋਰ ਯਾਤਰੀ ਸੁਵਿਧਾਵਾਂ ਦੇ ਸੁਧਾਰ ਦੀ ਵੀ ਲੋੜ ਉੱਤੇ ਜ਼ੋਰ ਦਿੱਤਾ ਹੈ। ਨਾਲ ਹੀ, ਉਹਨਾਂ ਨੇ ਪੰਜਾਬ ਸਰਕਾਰ ਨੂੰ ਲੰਮੇ ਸਮੇਂ ਤੋਂ ਬੱਸ ਸੇਵਾ ਸ਼ੁਰੂ ਕਰਨ ਦੀ ਮੰਗ ਨੂੰ ਵੀ ਜਲਦ ਪੂਰਾ ਕਰਨ ਦੀ ਅਪੀਲ ਕੀਤੀ, ਤਾਂ ਜੋ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਤੋਂ ਹਵਾਈ ਅੱਡੇ ਤੱਕ ਪਹੁੰਚ ਆਸਾਨ ਅਤੇ ਸਸਤੀ ਹੋ ਸਕੇ।

ਯਾਤਰੀਆਂ ਦੀ ਆਵਾਜਾਈ ਵਧਣ ਨਾਲ ਉਡਾਣਾਂ ਦੀ ਗਿਣਤੀ ਤੇ ਏਅਰਪੋਰਟ ਦੀ ਆਮਦਨ ਵਿੱਚ ਵੀ ਵਾਧਾ ਹੋਵੇਗਾ ਅਤੇ ਸੂਬਾ ਵਾਸੀਆਂ ਨੂੰ ਵਧੇਰੇ ਨੌਕਰੀਆਂ ਮਿਲਣਗੀਆਂ। ਅੰਮ੍ਰਿਤਸਰ ਹਵਾਈ ਅੱਡੇ ਦਾ ਵਰਤਮਾਨ ਵਿੱਚ ਲੰਡਨ, ਬਰਮਿੰਘਮ, ਮਿਲਾਨ, ਰੋਮ, ਦੁਬਈ, ਸ਼ਾਰਜਾਹ, ਦੋਹਾ, ਸਿੰਗਾਪੁੁਰ, ਕੁਆਲਾਲੰਪੁਰ, ਬੈਂਕਾਕ ਸਮੇਤ 10 ਅੰਤਰਰਾਸ਼ਟਰੀ ਅਤੇ 12 ਘਰੇਲੂ ਹਵਾਈ ਅੱਡਿਆਂ ਨਾਲ ਸਿੱਧਾ ਸੰਪਰਕ ਹੈ।

Related posts

ਅੱਲੂ ਅਰਜੁਨ ਨੇ‘ਪੁਸ਼ਪਾ 2’ ਦੀ ਸਕ੍ਰੀਨਿੰਗ ਦੌਰਾਨ ਭਗਦੜ ਬਾਰੇ ਤੋੜੀ ਚੁੱਪੀ

Current Updates

ISRO ਤੇ ਐਲਨ ਮਸਕ ਦੀ ਕੰਪਨੀ ਵਿਚਕਾਰ Mega Deal, ਭਾਰਤ ਦੀ ਸਭ ਤੋਂ ਐਡਵਾਂਸ ਸੈਟੇਲਾਈਟ ਨੂੰ ਲਾਂਚ ਕਰੇਗੀ Spacex

Current Updates

ਸੁਰੱਖਿਆ ਘੇਰੇ ਨਾਲ ਮੇਰਾ ਰਹਿਣ ਦਾ ਸਟਾਈਲ ਪ੍ਰਭਾਵੀਤ ਹੋਇਆ: ਸਲਮਾਨ

Current Updates

Leave a Comment